‘ਪੀਚ ਕਿੰਗ’ ਦੇ ਨਾਮ ਨਾਲ ਜਾਣੇ ਜਾਂਦੇ ਅਮਰੀਕੀ ਸਿੱਖ ਦੀਦਾਰ ਸਿੰਘ ਬੈਂਸ ਦਾ ਦੇਹਾਂਤ
ਸਿੱਖਾਂ ਦੇ ਹੱਕਾਂ ਅਤੇ ਮਨੁੱਖੀ ਅਧਿਕਾਰਾਂ ਲਈ ਅਮਰੀਕਾ ਵਿੱਚ ਆਵਾਜ਼ ਉਠਾਉਣ ਵਾਲੇ ਵਿਸ਼ਵ ਪ੍ਰਸਿੱਧ ਜ਼ਿਮੀਂਦਾਰ ਦੀਦਾਰ ਸਿੰਘ ਬੈਂਸ 84 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ।
ਚੰਡੀਗੜ੍ਹ: ਸਿੱਖਾਂ ਦੇ ਹੱਕਾਂ ਅਤੇ ਮਨੁੱਖੀ ਅਧਿਕਾਰਾਂ ਲਈ ਅਮਰੀਕਾ ਵਿੱਚ ਆਵਾਜ਼ ਉਠਾਉਣ ਵਾਲੇ ਵਿਸ਼ਵ ਪ੍ਰਸਿੱਧ ਜ਼ਿਮੀਂਦਾਰ ਦੀਦਾਰ ਸਿੰਘ ਬੈਂਸ 84 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ।ਉਹ ਅਮਰੀਕਾ ਦੇ ਕੈਲੀਫੋਰਨੀਆ ਵਿੱਚ 'ਪੀਚ ਕਿੰਗ' ਵਜੋਂ ਜਾਣੇ ਜਾਂਦੇ ਸੀ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੀਦਾਰ ਸਿਘ ਬੈਂਸ ਦੇ ਦੇਹਾਂਤ ਉੱਤੇ ਦੁੱਖ ਜਤਾਇਆ।ਦੀਦਾਰ ਸਿੰਘ ਕੇਵਲ ਇੱਕ ਸਫ਼ਲ ਕਿਸਾਨ ਵਜੋਂ ਵੀ ਹੀ ਨਹੀਂ ਜਾਣੇ ਜਾਂਦੇ ਸੀ ਸਗੋਂ ਅਮਰੀਕਾ ਵਿੱਚ ਸਿੱਖਾਂ ਦੀ ਨੁਮਾਇੰਦਗੀ ਕਰਨ ਵਿੱਚ ਵੀ ਉਨ੍ਹਾਂ ਦਾ ਖਾਸਾ ਯੋਗਦਾਨ ਸੀ।ਪੰਜਾਬ ਅਤੇ ਅਮਰੀਕਾ ਵਿੱਚ 80ਵਿਆਂ ਦੇ ਦੌਰ ਵਿੱਚ ਉਹ ਸਿੱਖ ਸਰਗਰਮੀਆਂ ਵਿੱਚ ਐਕਟਿਵ ਰਹੇ ਸਨ।
ਪੀਚ ਕਿੰਗ ਕਹੇ ਜਾਣਦੀ ਕਹਾਣੀ
ਦੀਦਾਰ ਸਿੰਘ ਬੈਂਸ ਨੇ ਅਮਰੀਕਾ ਦੀ ਯੂਬਾ ਸਿਟੀ ਵਿੱਚ ਆੜੂਆਂ ਦੀ ਖੇਤੀ ਵਿੱਚ ਆੜੂਆਂ ਦੀ ਖੇਤੀ ਵਿੱਚ ਵੱਡਾ ਨਾਂ ਕਮਾਇਆ ਸੀ। ਉਨ੍ਹਾਂ ਨੇ ਆਪਣੇ ਖੇਤੀ ਦੇ ਕਾਰੋਬਾਰ ਨੂੰ ਉਸ ਪੱਧਰ ਉੱਤੇ ਪਹੁੰਚਾ ਦਿੱਤਾ ਕਿ ਉਹ ਆੜੂਆਂ ਦੀ ਖੇਤੀ ਦੇ ਕਿੰਗ ਕਹੇ ਜਾਣ ਲੱਗੇ ਸੀ।ਉਹ ਪੰਜਾਬ ਵਿੱਚ ਹੁਸ਼ਿਆਰਪੁਰ ਦੇ ਨੰਗਲਖੁਰਦ ਤੋਂ ਸਬੰਧ ਰੱਖਦੇ ਸੀ।ਦੀਦਾਰ ਸਿੰਘ ਦੀ ਖੇਤੀ ਸੈਕਟਰ ਵਿੱਚ ਕਾਮਯਾਬੀ ਕਾਰਨ ਉਨ੍ਹਾਂ ਨੂੰ ਪੀਚ ਕਿੰਗ ਕਿਹਾ ਜਾਂਦਾ ਸੀ।
ਦੀਦਾਰ ਸਿੰਘ ਨੇ ਯੂਬਾ ਸਿਟੀ ਵਿੱਚ ਸਿੱਖ ਪਰੇਡ ਦੀ ਸ਼ੁਰੂਆਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ।ਵਰਲਡ ਸਿੱਖ ਓਰਗਨਾਈਜ਼ੇਸ਼ਨ ਵਰਗੀਆਂ ਸੰਸਥਾਵਾਂ ਦੀ ਸਥਾਪਨਾ ਕਰਨ ਵਿੱਚ ਵੀ ਦੀਦਾਰ ਸਿੰਘ ਦਾ ਅਹਿਮ ਯੋਗਦਾਨ ਸੀ।ਸੀਨੀਅਰ ਪੱਤਰਕਾਰ ਰਹੇ ਕੰਵਰ ਸੰਧੂ ਨੇ ਸਾਲ 2015 ਵਿੱਚ ਦੀਦਾਰ ਸਿੰਘ ਬੈਂਸ ਦੀ ਇੰਟਰਵਿਊ ਕੀਤੀ ਸੀ। ਉਸ ਇੰਟਰਵਿਊ ਵਿੱਚ ਦੀਦਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਦਾਦਾ ਰਾਮ ਕਰਤਾਰ ਸਿੰਘ 1920ਵਿਆਂ ਵਿੱਚ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਆਏ ਸੀ ਜਦਕਿ ਉਨ੍ਹਾਂ ਦੇ ਪਿਤਾ ਗੋਪਾਲ ਸਿੰਘ 1950ਵਿਆਂ ਵੀ ਹੀ ਅਮਰੀਕਾ ਪਹੁੰਚੇ ਸਨ।ਅਮਰੀਕਾ ਵਿੱਚ ਆਪਣਾ ਪਹਿਲਾ ਕਦਮ ਰੱਖਣ ਬਾਰੇ ਦੀਦਾਰ ਸਿੰਘ ਬੈਂਸ ਕਹਿੰਦੇ ਹਨ ਕਿ ਉਹ 13 ਮਾਰਚ 1958 ਨੂੰ ਅਮਰੀਕਾ ਵਿੱਚ ਆਏ ਸਨ।
ਖੇਤੀ ਦੀ ਸ਼ੁਰੂਆਤ
ਇੰਟਰਵਿਊ 'ਚ ਦੀਦਾਰ ਸਿੰਘ ਬੈਂਸ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਸ਼ੁਰੂਆਤ ਵਿੱਚ ਖੇਤ ਮਜ਼ਦੂਰੀ ਕੀਤੀ ਤੇ ਅਮਰੀਕੀ ਕਿਸਾਨਾਂ ਲਈ ਕੰਮ ਕੀਤਾ।ਸਭ ਤੋਂ ਪਹਿਲਾਂ 26 ਏਕੜ ਜ਼ਮੀਨ ਕੈਲੀਫੋਰਨੀਆ ਦੀ ਯੂਬਾ ਸਿਟੀ ਵਿੱਚ ਖਰੀਦ ਸੀ ਜਿਸ ਨੇ ਉਨ੍ਹਾਂ ਨੇ ਕਣਕ ਬੀਜੀ ਸੀ। ਫਿਰ ਉਨ੍ਹਾਂ ਦੀ ਜ਼ਿੰਦਗੀ ਵਿੱਚ ਇੱਕ ਮੋੜ ਆਇਆ ਜਿਸ ਨਾਲ ਉਹ ਫਲਾਂ ਦੀ ਖੇਤੀ ਵੱਲ ਮੁੜ ਗਏ।