15 ਅਕਤੂਬਰ ਨੂੰ ਹਰਜੋਤ ਬੈਂਸ ਦੇ ਹਲਕੇ ਵਿੱਚ ਡੈਮੋਕ੍ਰੇਟਿਕ ਟੀਚਰਜ਼ ਫਰੰਟ ਵੱਲੋਂ ਰੋਸ ਪ੍ਰਦਰਸ਼ਨ, ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਹੱਲਾ-ਬੋਲ
ਪੰਜਾਬ ਦੀ ਆਮ ਆਦਮੀ ਪਾਰਟੀ ਵੱਲੋਂ ਅਧਿਆਪਕਾਂ ਨਾਲ ਮੀਟਿੰਗ ਕਰਕੇ ਕੀਤਾ ਗਿਆ ਵਾਅਦਾ ਸਮਾਂ ਬੀਤਣ ਦੇ ਬਾਵਜੂਦ ਵੀ ਪੂਰਾ ਨਹੀਂ ਕੀਤਾ ਗਿਆ, ਜਿਸ ਕਾਰਨ ਅਧਿਆਪਕ ਵਰਗ ਵਿੱਚ ਰੋਹ ਦੀ ਲਹਿਰ ਹੈ।
Punjab News: ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਸਿੱਖਿਆ ਨੀਤੀ ਵਿਰੁੱਧ 15 ਅਕਤੂਬਰ ਨੂੰ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਵਿਧਾਨ ਸਭਾ ਹਲਕੇ ਆਨੰਦਪੁਰ ਸਾਹਿਬ ਵਿਖੇ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਵਿੱਚ ਸਰਕਾਰ ਦੀਆਂ ਨੀਤੀਆਂ ਬਾਬਤ ਵੀ ਚਰਚਾ ਕੀਤੀ ਜਾਵੇਗੀ। ਇਸ ਰੈਲੀ ਨੂੰ ਲੈ ਕੇ ਐਸੋਸੀਏਸ਼ਨ ਦੇ ਮੈਂਬਰ ਸ਼ਹਿਰ ਵਿੱਚ ਜਾ ਕੇ ਆਪਣੇ ਵਰਕਰਾਂ ਨੂੰ ਲਾਮਬੰਦ ਕਰ ਰਹੇ ਹਨ।
ਐਸੋਸੀਏਸ਼ਨ ਮੈਂਬਰਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਵੱਲੋਂ ਅਧਿਆਪਕਾਂ ਨਾਲ ਮੀਟਿੰਗ ਕਰਕੇ ਕੀਤਾ ਗਿਆ ਵਾਅਦਾ ਸਮਾਂ ਬੀਤਣ ਦੇ ਬਾਵਜੂਦ ਵੀ ਪੂਰਾ ਨਹੀਂ ਕੀਤਾ ਗਿਆ, ਜਿਸ ਕਾਰਨ ਅਧਿਆਪਕ ਵਰਗ ਵਿੱਚ ਰੋਹ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਇਸ ਰੈਲੀ ਨੂੰ ਸਫਲ ਬਣਾਉਣ ਲਈ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਵਰਕਰ ਸ਼ਹਿਰ 'ਚ ਅਧਿਆਪਕਾਂ ਨਾਲ ਮੀਟਿੰਗ ਕਰ ਰਹੇ ਹਨ।
ਇਹ ਵੀ ਪੜ੍ਹੋ: ਰੇਤਾ-ਬੱਜਰੀ ਤੋਂ 20 ਹਜ਼ਾਰ ਕਰੋੜ ਕਮਾਉਣੇ ਤਾਂ ਛੱਡੋ, ਸਿਰਫ 10 ਹਜ਼ਾਰ ਕਰੋੜ ਦਾ ਹੀ ਹਿਸਾਬ ਦੇ ਦਿਓ: ਰਾਜਾ ਵੜਿੰਗ ਨੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ
ਉਨ੍ਹਾਂ ਕਿਹਾ ਕਿ ਸਾਡਾ ਸੰਘਰਸ਼ ਸਿੱਖਿਆ ਨੀਤੀ ਦੇ ਖਿਲਾਫ ਚੱਲ ਰਿਹਾ ਹੈ ਪਰ ਇਸ ਰੈਲੀ 'ਚ ਤਿੰਨ-ਚਾਰ ਦੇ ਮੁੱਦਿਆਂ 'ਤੇ ਵਿਸ਼ੇਸ਼ ਤੌਰ 'ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ, ਜਿਸ 'ਚ ਸਰਕਾਰ ਨੇ ਘਰਾਂ ਤੋਂ ਦੂਰ ਦੂਜੇ ਜ਼੍ਹਿਲਿਆਂ 'ਚ ਬੈਠੇ ਅਧਿਆਪਕਾਂ ਦੀਆਂ ਬਦਲੀਆਂ 'ਤੇ ਰੋਕ ਲਗਾ ਦਿੱਤੀ ਹੈ। ਇਸ ਬਾਬਤ ਹਰਜੋਤ ਸਿੰਘ ਬੈਂਸ ਨਾਲ ਵੀ ਮੀਟਿੰਗ ਹੋਈ, ਜਿਸ 'ਚ ਉਨ੍ਹਾਂ ਕਿਹਾ ਕਿ ਉਹ ਸਰਕਾਰ ਦੀ ਨੀਤੀ 'ਚ ਬਦਲਾਅ ਕਰ ਰਹੇ ਹਨ, ਪਰ ਇਸ ਮੀਟਿੰਗ ਨੂੰ ਮਹੀਨੇ ਤੋਂ ਜ਼ਿਆਦਾ ਦਾ ਸਮਾਂ ਲੰਘ ਗਿਆ ਹੈ ਪਰ ਹਾਲੇ ਤੱਕ ਇਸ ਬਾਬਤ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ ਹੈ
ਮੈਂਬਰਾਂ ਨੇ ਕਿਹਾ ਕਿ ਸਰਕਾਰ ਸਕੂਲ ਆਫ ਐਮੀਨੈਂਸ ਦੀ ਨੀਤੀ ਲੈ ਕੇ ਆਈ ਹੈ, ਇਹ ਅਸਿੱਧੇ ਤੌਰ 'ਤੇ ਪਿੰਡਾਂ ਦੇ ਸਕੂਲਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੇਂਡੂ ਭੱਤਾ ਸ਼ੁਰੂ ਕਰਨ ਲਈ ਪਹਿਲਾਂ ਵੱਡੇ ਬਿਆਨ ਦਿੱਤੇ ਸਨ, ਪਰ ਹੁਣ 6 ਮਹੀਨਿਆਂ ਦਾ ਪੇਂਡੂ ਭੱਤਾ ਸਰਕਾਰ ਪਾਸ ਨਹੀਂ ਕਰ ਸਕੀ ਹੈ।