Amritsar News: ਅਕਾਲ ਤਖਤ ਦੇ ਹੁਕਮਾਂ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਨੇ ਨਹੀਂ ਖੋਲ੍ਹਿਆ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਨ ਲਈ ਚੈਨਲ, ਹੁਣ ਯੂਟਿਊਬ ਚੈਨਲ ਨੂੰ ਅਪਗਰੇਡ ਕਰਨ ਦਾ ਫੈਸਲਾ
ਚੁਫੇਰਿਓਂ ਦਬਾਅ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਹਦਾਇਤ ਦੇ ਬਾਵਜੂਦ SGPC ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਨ ਕਰਨ ਲਈ ਆਪਣਾ ਚੈਨਲ ਸ਼ੁਰੂ ਕਰਨ ਵਿੱਚ ਹੁਣ ਤਕ ਕਾਮਯਾਬ ਨਹੀਂ ਹੋਈ।
Amritsar News: ਚੁਫੇਰਿਓਂ ਦਬਾਅ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਹਦਾਇਤ ਦੇ ਬਾਵਜੂਦ ਸ਼੍ਰੋਮਣੀ ਕਮੇਟੀ (SGPC) ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਨ ਕਰਨ ਲਈ ਆਪਣਾ ਚੈਨਲ ਸ਼ੁਰੂ ਕਰਨ ਵਿੱਚ ਹੁਣ ਤਕ ਕਾਮਯਾਬ ਨਹੀਂ ਹੋਈ। ਇਸ ਲਈ ਲਗਾਤਾਰ ਹੋ ਰਹੀ ਅਲੋਚਨਾ ਨੂੰ ਵੇਖਦਿਆਂ ਹੁਣ ਸ਼੍ਰੋਮਣੀ ਕਮੇਟੀ ਨੇ ਆਪਣੇ ਯੂਟਿਊਬ ਚੈਨਲ ਨੂੰ ਅਪਗਰੇਡ ਕਰਨ ਦਾ ਫੈਸਲਾ ਕੀਤਾ ਹੈ। ਇਸ ਲਈ ਇੱਕ ਸਬ ਕਮੇਟੀ ਬਣਾਈ ਗਈ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਕਿ ਸਿੱਖ ਸੰਸਥਾ ਨੇ ਆਪਣੇ ਯੂਟਿਊਬ ਚੈਨਲ ਨੂੰ ਅਪਗਰੇਡ ਕਰਨ ਤੇ ਆਪਣਾ ਨਿੱਜੀ ਚੈਨਲ ਸ਼ੁਰੂ ਕਰਨ ਬਾਰੇ ਇੱਕ ਸਬ ਕਮੇਟੀ ਬਣਾਈ ਹੈ ਜੋ ਇਨ੍ਹਾਂ ਦੋਹਾਂ ਮੁੱਦਿਆਂ ’ਤੇ ਕੰਮ ਕਰੇਗੀ। ਸਬ ਕਮੇਟੀ ਪਤਾ ਲਾਵੇਗੀ ਕਿ ਆਪਣਾ ਨਿੱਜੀ ਚੈਨਲ ਸ਼ੁਰੂ ਕਰਨ ਲਈ ਕੀ ਕੁਝ ਲੋੜੀਂਦਾ ਹੈ ਤੇ ਇਸ ਨੂੰ ਕਿਵੇਂ ਨੇਪਰੇ ਚਾੜ੍ਹਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਕੀਤਾ ਗਿਆ ਸੀ ਜਿਸ ਤਹਿਤ ਕੰਮ ਕੀਤਾ ਜਾ ਰਿਹਾ ਹੈ।
ਵੇਰਵਿਆਂ ਮੁਤਾਬਕ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਨ ਸਬੰਧੀ ਇੱਕ ਨਿੱਜੀ ਟੀਵੀ ਚੈਨਲ ਨਾਲ ਸਮਝੌਤੇ ਦੀ ਮਿਆਦ ਵੀ ਇਸ ਵਰ੍ਹੇ ਜੁਲਾਈ ਮਹੀਨੇ ਵਿਚ ਖ਼ਤਮ ਹੋਣ ਜਾ ਰਹੀ ਹੈ ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਨ ਆਪਣੇ ਚੈਨਲ ਤੋਂ ਕਰਨ ਨੂੰ ਤਰਜੀਹ ਦੇਵੇਗੀ।
ਇਸ ਵੇਲੇ ਸ਼੍ਰੋਮਣੀ ਕਮੇਟੀ ਵੱਲੋਂ ਆਪਣਾ ਇਕ ਯੂਟਿਊਬ ਚੈਨਲ ਸ਼ੁਰੂ ਕੀਤਾ ਗਿਆ ਹੈ ਜਿਸ ’ਤੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਹੁੰਦੇ ਗੁਰਬਾਣੀ ਕੀਰਤਨ ਨੂੰ ਆਡੀਓ ਰਾਹੀਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਫਿਲਹਾਲ ਇਸ ਉੱਪਰ ਵੀਡੀਓ ਰਾਹੀਂ ਪ੍ਰਸਾਰਨ ਉਪਲਬਧ ਨਹੀਂ ਹੈ। ਇਸ ਚੈਨਲ ’ਤੇ ਹੋਰ ਗਤੀਵਿਧੀਆਂ ਵੀ ਦਿਖਾਈਆਂ ਜਾ ਰਹੀਆਂ ਹਨ। ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਮੁਤਾਬਕ ਇਸ ਚੈਨਲ ਨੂੰ ਜਲਦੀ ਹੀ ਅਪਗਰੇਡ ਕੀਤਾ ਜਾਵੇਗਾ। ਇਸ ਉਪਰ ਹੋਰਨਾਂ ਪ੍ਰਮੁੱਖ ਗੁਰਦੁਆਰਿਆਂ ਵਿੱਚ ਹੁੰਦੇ ਗੁਰਬਾਣੀ ਕੀਰਤਨ ਦਾ ਵੀ ਸਿੱਧਾ ਪ੍ਰਸਾਰਨ ਕੀਤਾ ਜਾਵੇਗਾ। ਇਸ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਆਪਣੀ ਗੱਲ ਰੱਖਣ ਲਈ ਫੇਸਬੁੱਕ, ਟਵਿੱਟਰ ਤੇ ਹੋਰ ਵੀ ਆਨਲਾਈਨ ਮਾਧਿਅਮ ਅਪਣਾਏ ਗਏ ਹਨ।
ਦੱਸ ਦਈਏ ਕਿ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪਿਛਲੇ ਵਰ੍ਹੇ ਸ਼੍ਰੋਮਣੀ ਕਮੇਟੀ ਨੂੰ ਹੁਕਮ ਦਿੱਤਾ ਗਿਆ ਸੀ ਕਿ ਉਹ ਸ੍ਰੀ ਹਰਿਮੰਦਰ ਸਾਹਿਬ ਵਿਚ ਹੁੰਦੇ ਗੁਰਬਾਣੀ ਤੇ ਕੀਰਤਨ ਦੇ ਸਿੱਧੇ ਪ੍ਰਸਾਰਨ ਨੂੰ ਨਿੱਜੀ ਟੀਵੀ ਚੈਨਲ ਤੋਂ ਬੰਦ ਕਰੇ ਅਤੇ ਇਸ ਲਈ ਆਪਣਾ ਚੈਨਲ ਸ਼ੁਰੂ ਕੀਤਾ ਜਾਵੇ। ਇਸ ਲਈ ਸ਼੍ਰੋਮਣੀ ਕਮੇਟੀ ਨੂੰ ਇਕ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ।