ਨਸ਼ੇੜੀ ਪੁੱਤ ਵੱਲੋਂ ਗੰਡਾਸਾ ਮਾਰ ਕੇ ਪਿਉ ਦਾ ਕਤਲ

ਚੰਡੀਗੜ੍ਹ: ਨਸ਼ਿਆਂ ਦੀ ਆਦਤ ਕਾਰਨ ਕਈ ਘਰਾਂ ਦੇ ਚਿਰਾਗ ਬੁੱਝ ਚੁੱਕੇ ਹਨ। ਅਜਿਹੀ ਘਟਨਾ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਿਸ਼ਨਦੀ ਵਿੱਚ ਵੀ ਵਾਪਰੀ ਹੈ। ਦਰਅਸਲ ਨਸ਼ੇੜੀ ਪੁੱਤ ਵੱਲੋਂ ਆਪਣੇ ਪਿਤਾ ਦਾ ਕਤਲ ਕਰ ਦਿੱਤਾ ਗਿਆ।
35 ਸਾਲਾ ਮਨਜੋਤ ਸਿੰਘ ਨਸ਼ਿਆਂ ਦਾ ਆਦੀ ਸੀ। ਉਹ ਆਪਣੇ ਹਿੱਸੇ ਦੀ ਜ਼ਮੀਨ ਵੀ ਨਸ਼ਿਆਂ ਕਾਰਨ ਗੁਆ ਚੁੱਕਾ ਸੀ। ਮਨਜੋਤ ਦੇ ਪਰਿਵਾਰ ਵੱਲੋਂ ਵੀ ਉਸ ਨੂੰ ਸਮਝਾਇਆ ਗਿਆ ਪਰ ਉਹ ਨਸ਼ਿਆ ਦੀ ਆਦਤ ਤੋਂ ਹਟ ਨਹੀਂ ਸਕਿਆ।
ਮਨਜੋਤ ਨੇ ਹੁਣ ਆਪਣੇ ਪਿਤਾ ਤੋਂ ਉਸ ਦੇ ਹਿੱਸੇ ਦੀ ਜ਼ਮੀਨ ਮੰਗਣੀ ਸ਼ੁਰੂ ਕਰ ਦਿੱਤੀ ਸੀ। ਇਸ ਦੇ ਚੱਲਦਿਆਂ ਕੱਲ੍ਹ ਜਦੋਂ ਮਨਜੋਤ ਦੇ ਪਿਤਾ ਸੁਖਮਿੰਦਰ ਸਿੰਘ ਬਿਸਤਰੇ 'ਤੇ ਲੇਟਿਆ ਤਾਂ ਮਨਜੋਤ ਨੇ ਗੰਡਾਸੇ ਨਾਲ ਪਿਤਾ ਦੇ ਸਿਰ 'ਤੇ ਵਾਰ ਕਰ ਦਿੱਤਾ। ਇਸ ਦੌਰਾਨ ਸੁਖਮਿੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਤੇ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।






















