Punjab News: ਨਸ਼ਾ ਤਸਕਰ ਜਗਦੀਸ਼ ਭੋਲਾ ਨੂੰ ਮਿਲੀ ਤਿੰਨ ਦਿਨਾਂ ਦੀ ਅੰਤਰਿਮ ਜ਼ਮਾਨਤ, ਮਾਂ ਦੇ ਭੋਗ 'ਚ ਹੋਵੇਗਾ ਸ਼ਾਮਲ
ਭੋਲਾ ਦੀ ਨਿਗਰਾਨੀ ਦੋ ਆਈਪੀਐਸ ਅਫਸਰਾਂ, ਇੱਕ ਪੁਰਸ਼ ਅਤੇ ਇੱਕ ਮਹਿਲਾ ਦੁਆਰਾ ਕੀਤੀ ਜਾਵੇਗੀ। ਬਠਿੰਡਾ ਦੇ ਡੀਸੀ ਨੂੰ ਵੀ ਨਿਗਰਾਨੀ ਰੱਖਣ ਦੇ ਹੁਕਮ ਦਿੱਤੇ ਹਨ। 19 ਜੂਨ ਦੀ ਸ਼ਾਮ ਨੂੰ ਭੋਲਾ ਨੂੰ ਵਾਪਸ ਜੇਲ੍ਹ ਭੇਜਣ ਦੇ ਹੁਕਮ ਦਿੱਤੇ ਗਏ ਹਨ।
Punjab news: ਪੰਜਾਬ ਦੇ ਡਰੱਗ ਰੈਕੇਟ ਦੇ ਸਰਗਨਾ ਤੇ ਸਾਬਕਾ ਡੀਐਸਪੀ ਜਗਦੀਸ਼ ਭੋਲਾ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਨੇ ਤਿੰਨ ਦਿਨਾਂ ਲਈ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਜਗਦੀਸ਼ ਭੋਲਾ ਦੀ ਮਾਂ ਦੀ 8 ਜੂਨ ਨੂੰ ਮੌਤ ਹੋ ਗਈ ਸੀ। ਹਾਈਕੋਰਟ ਨੇ ਭੋਲਾ ਨੂੰ 16 ਤੋਂ 18 ਜੂਨ ਤੱਕ ਬਠਿੰਡਾ ਦੇ ਰਾਏ ਕਲਾਂ ਵਿਖੇ ਅਖੰਡ ਪਾਠ ਅਤੇ 19 ਜੂਨ ਨੂੰ ਸ੍ਰੀ ਕੀਰਤਪੁਰ ਸਾਹਿਬ ਵਿਖੇ ਭੋਗ ਅਤੇ ਅਸਥੀਆਂ ਵਿਸਰਜਨ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਦੌਰਾਨ ਪੁਲੀਸ ਹਿਰਾਸਤ ਵਿੱਚ ਹੀ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਜਾਣਗੀਆਂ।
ਭੋਲਾ ਦੀ ਨਿਗਰਾਨੀ ਦੋ ਆਈਪੀਐਸ ਅਫਸਰਾਂ, ਇੱਕ ਪੁਰਸ਼ ਅਤੇ ਇੱਕ ਮਹਿਲਾ ਦੁਆਰਾ ਕੀਤੀ ਜਾਵੇਗੀ। ਬਠਿੰਡਾ ਦੇ ਡੀਸੀ ਨੂੰ ਵੀ ਨਿਗਰਾਨੀ ਰੱਖਣ ਦੇ ਹੁਕਮ ਦਿੱਤੇ ਹਨ। 19 ਜੂਨ ਦੀ ਸ਼ਾਮ ਨੂੰ ਭੋਲਾ ਨੂੰ ਵਾਪਸ ਜੇਲ੍ਹ ਭੇਜਣ ਦੇ ਹੁਕਮ ਦਿੱਤੇ ਗਏ ਹਨ। ਜਗਦੀਸ਼ ਭੋਲਾ ਨੇ ਆਪਣੀ ਮਾਂ ਦੇ ਭੋਗ 'ਚ ਸ਼ਾਮਲ ਹੋਣ ਅਤੇ ਪੁੱਤਰ ਵਜੋਂ ਅੰਤਿਮ ਰਸਮਾਂ ਪੂਰੀਆਂ ਕਰਨ ਲਈ 15 ਦਿਨਾਂ ਦੀ ਅੰਤਰਿਮ ਜ਼ਮਾਨਤ ਮੰਗੀ ਸੀ ਜਿਸ ਤੋਂ ਬਾਅਦ ਅਦਾਲਤ ਨੇ 3 ਦਿਨਾਂ ਦੀ ਅੰਤਰਿਮ ਜ਼ਮਾਨਤ ਦਿੱਤੀ ਹੈ। ਹਾਈ ਕੋਰਟ ਨੇ ਇਸ ਤੋਂ ਪਹਿਲਾਂ ਭੋਲਾ ਦੀ ਮਾਂ ਦੀ ਸਿਹਤ ਖਰਾਬ ਹੋਣ ਕਾਰਨ ਉਸ ਨੂੰ ਮਾਰਚ ਮਹੀਨੇ ਵਿੱਚ ਇੱਕ ਦਿਨ ਦੀ ਪੈਰੋਲ ਦਿੱਤੀ ਸੀ।
ਜਾਣਕਾਰੀ ਮੁਤਾਬਕ, ਭੋਲਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 90 ਦੇ ਦਹਾਕੇ 'ਚ ਕੁਸ਼ਤੀ ਨਾਲ ਕੀਤੀ ਸੀ। ਹੌਲੀ-ਹੌਲੀ ਉਸ ਨੇ ਕੁਸ਼ਤੀ ਦੇ ਖੇਤਰ ਵਿੱਚ ਵੱਖਰੀ ਪਛਾਣ ਬਣਾਈ। ਉਹ ਰਾਸ਼ਟਰੀ ਪੱਧਰ ਦਾ ਪਹਿਲਵਾਨ ਬਣ ਗਿਆ। ਉਸਨੇ ਭਾਰਤ ਕੇਸਰੀ, ਭਾਰਤ ਮਲ ਸਮਰਾਟ, ਰੁਸਤਮੇ ਹਿੰਦ, ਹਿੰਦ ਕੇਸਰੀ ਅਤੇ ਵਿਸ਼ਵ ਖਾਲਸਾ ਕੇਸਰੀ ਵਰਗੇ ਕਈ ਖਿਤਾਬ ਹਾਸਿਲ ਕੀਤੇ। ਕੇਂਦਰ ਸਰਕਾਰ ਨੇ ਉਨ੍ਹਾਂ ਨੂੰ 1998 ਵਿੱਚ ਅਰਜੁਨ ਐਵਾਰਡ ਦਿੱਤਾ ਸੀ।
ਇਸ ਮਗਰੋਂ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਪੁਲਿਸ ਵਿੱਚ ਡੀਐਸਪੀ ਦੇ ਅਹੁਦੇ ’ਤੇ ਨਿਯੁਕਤ ਕਰ ਦਿੱਤਾ। ਉਸ ਨੂੰ 1998 ਵਿਚ ਗੈਰ-ਕਾਨੂੰਨੀ ਗਤੀਵਿਧੀਆਂ ਲਈ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਹ ਨਸ਼ੇ ਦੇ ਕਾਰੋਬਾਰ ਵਿੱਚ ਸਰਗਰਮ ਹੋ ਗਿਆ। ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ। ਉਸ ਦੇ ਕਈ ਸਾਥੀਆਂ ਅਤੇ ਉਦਯੋਗਪਤੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਉਸ ਸਮੇਂ ਇਹ ਖ਼ੁਲਾਸਾ ਹੋਇਆ ਸੀ ਕਿ ਉਹ 700 ਕਰੋੜ ਰੁਪਏ ਦੇ ਅੰਤਰਰਾਸ਼ਟਰੀ ਗੈਂਗ ਦਾ ਸਰਗਨਾ ਸੀ।