Punjab news: ਡਾ.ਓਬਰਾਏ ਦੀ ਬਦੌਲਤ ਪੰਜਾਬੀ ਨੌਜਵਾਨ ਦਾ ਮ੍ਰਿਤਕ ਸਰੀਰ ਪਹੁੰਚਿਆ ਭਾਰਤ, ਦੁਬਈ 'ਚ ਲਵਾਰਿਸ ਮਿਲੀ ਸੀ ਨੌਜਵਾਨ ਦੀ ਲਾਸ਼
Amritsar news :ਸਰਬੱਤ ਦਾ ਭਲਾ ਟਰੱਸਟ ਦੇ ਆਗੂ ਨੇ ਦੱਸਿਆ ਜਸਪ੍ਰੀਤ ਸਿੰਘ ਵੀ ਹੋਰਨਾਂ ਨੌਜਵਾਨਾਂ ਵਾਂਗ ਆਪਣੇ ਬਿਹਤਰ ਭਵਿੱਖ ਦੇ ਸੁਪਨੇ ਲੈ ਕੇ ਕੁਝ ਵਰ੍ਹੇ ਪਹਿਲਾਂ ਦੁਬਈ ਆਇਆ ਸੀ।
Amritsar: ਲੋੜਵੰਦਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਅੱਜ ਬਠਿੰਡਾ ਦੇ ਕਸਬਾ ਮਹਿਰਾਜ ਨਾਲ ਸਬੰਧਿਤ 25 ਸਾਲਾ ਜਸਪ੍ਰੀਤ ਸਿੰਘ ਪੁੱਤਰ ਗੁਰਚਰਨ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪਹੁੰਚਿਆ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਰਬੱਤ ਦਾ ਭਲਾ ਟਰੱਸਟ ਦੇ ਆਗੂ ਨੇ ਦੱਸਿਆ ਜਸਪ੍ਰੀਤ ਸਿੰਘ ਵੀ ਹੋਰਨਾਂ ਨੌਜਵਾਨਾਂ ਵਾਂਗ ਆਪਣੇ ਬਿਹਤਰ ਭਵਿੱਖ ਦੇ ਸੁਪਨੇ ਲੈ ਕੇ ਕੁਝ ਵਰ੍ਹੇ ਪਹਿਲਾਂ ਦੁਬਈ ਆਇਆ ਸੀ।
ਬੀਤੀ ਦਸੰਬਰ ਦੇ ਆਖਰੀ ਹਫ਼ਤੇ ਕਿਸੇ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਭਾਰਤੀ ਦੂਤਾਵਾਸ ਨੇ ਕੁੱਝ ਦਿਨ ਪਹਿਲਾਂ ਹੀ ਉਨ੍ਹਾਂ ਨਾਲ ਸੰਪਰਕ ਕਰਕੇ ਦੱਸਿਆ ਸੀ ਕਿ ਇੱਕ ਨੌਜਵਾਨ ਦਾ ਮ੍ਰਿਤਕ ਸਰੀਰ ਕੁਝ ਦਿਨਾਂ ਤੋਂ ਲਾਵਾਰਿਸ ਪਿਆ ਹੈ।
ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਸਬੰਧੀ ਸਾਰੀ ਜਾਣਕਾਰੀ ਇਕੱਤਰ ਕਰਕੇ ਉਨ੍ਹਾਂ ਆਪਣੀ ਬਠਿੰਡਾ ਟੀਮ ਦੇ ਪ੍ਰਧਾਨ ਜਸਵੰਤ ਸਿੰਘ ਬਰਾੜ ਨੂੰ ਇਸ ਨੌਜਵਾਨ ਦੇ ਘਰ ਭੇਜ ਕੇ ਇਸ ਅਣਹੋਣੀ ਸਬੰਧੀ ਬੇਖ਼ਬਰ ਉਸ ਦੇ ਵਾਰਸਾਂ ਨੂੰ ਜਾਣੂ ਕਰਵਾਇਆ ਸੀ।
ਇਹ ਵੀ ਪੜ੍ਹੋ: Corruption: 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜਸਪ੍ਰੀਤ ਦੇ ਪਿਤਾ ਨੂੰ ਇਕ ਫੋਟੋ ਰਾਹੀਂ ਉਸ ਦੇ ਮ੍ਰਿਤਕ ਸਰੀਰ ਦੀ ਪਹਿਚਾਣ ਕਰਵਾਉਣ ਉਪਰੰਤ ਉਨ੍ਹਾਂ ਭਾਰਤੀ ਦੂਤਾਵਾਸ ਦੇ ਸਹਿਯੋਗ ਆਪਣੀ ਦੇਖ-ਰੇਖ 'ਚ ਤੁਰੰਤ ਸਾਰੀ ਲੋੜੀਂਦੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਅੱਜ ਜਸਪ੍ਰੀਤ ਸਿੰਘ ਦਾ ਮ੍ਰਿਤਕ ਸਰੀਰ ਭਾਰਤ ਭੇਜਿਆ ਹੈ।
ਇਸ ਦੇ ਨਾਲ ਹੀ ਇਹ ਵੀ ਦੱਸਿਆ ਕਿ ਜਸਪ੍ਰੀਤ ਦੇ ਵੱਡੇ ਭਰਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਇਹ ਆਪਣੇ ਮਾਪਿਆਂ ਦਾ ਇਕਲੌਤਾ ਸਹਾਰਾ ਸੀ। ਪਰਿਵਾਰ ਦੀ ਆਰਥਿਕ ਹਾਲਤ ਨੂੰ ਵੇਖਦਿਆਂ ਹੋਇਆ ਜਿੱਥੇ ਅੱਜ ਉਸਦੇ ਮ੍ਰਿਤਕ ਸਰੀਰ ਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਟਰੱਸਟ ਦੀ ਐਂਬੂਲੈਂਸ ਰਾਹੀਂ ਉਸ ਦੇ ਘਰ ਭੇਜਿਆ ਗਿਆ ਹੈ।
ਉੱਥੇ ਹੀ ਸਸਕਾਰ ਮੌਕੇ ਟਰੱਸਟ ਦੀ ਬਠਿੰਡਾ ਇਕਾਈ ਵੱਲੋਂ ਪਹੁੰਚ ਕੇ ਜਸਪ੍ਰੀਤ ਦੇ ਪਰਿਵਾਰ ਦੇੇ ਗੁਜ਼ਾਰੇ ਲਈ ਮਹੀਨਾਵਾਰ ਪੈਨਸ਼ਨ ਦੀ ਸ਼ੁਰੂਆਤ ਕੀਤੀ ਜਾਵੇਗੀ। ਉਨ੍ਹਾਂ ਵਿਸ਼ੇਸ਼ ਤੌਰ 'ਤੇ ਜ਼ਿਕਰ ਕਰਦਿਆਂ ਦੱਸਿਆ ਕਿ ਜਸਪ੍ਰੀਤ ਸਿੰਘ ਦਾ ਮ੍ਰਿਤਕ ਸਰੀਰ ਭਾਰਤ ਭੇਜਣ ਲਈ ਆਇਆ ਖਰਚ ਦੁਬਈ ਸਥਿਤ ਭਾਰਤੀ ਕੌਂਸਲੇਟ ਨੇ ਕੀਤਾ ਹੈ।
ਪੀਡ਼ਤ ਪਰਿਵਾਰ ਨਾਲ ਹਵਾਈ ਅੱਡੇ 'ਤੇ ਦੁੱਖ ਸਾਂਝਾ ਕਰਨ ਪਹੁੰਚੀ ਟਰੱਸਟ ਦੀ ਅੰਮ੍ਰਿਤਸਰ ਟੀਮ ਵੱਲੋਂ ਮਾਝਾ ਜ਼ੋਨ ਦੇ ਸਲਾਹਕਾਰ ਸੁਖਦੀਪ ਸਿੱਧੂ, ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਜਨਰਲ ਸਕੱਤਰ ਮਨਪ੍ਰੀਤ ਸੰਧੂ ਚਮਿਆਰੀ, ਮੀਤ ਪ੍ਰਧਾਨ ਸ਼ਿਸ਼ਪਾਲ ਸਿੰਘ ਲਾਡੀ ਤੇ ਖਜ਼ਾਨਚੀ ਨਵਜੀਤ ਘਈ ਨੇ ਦੱਸਿਆ ਕਿ ਡਾ. ਓਬਰਾਏ ਦੇ ਯਤਨਾਂ ਸਦਕਾ ਹੁਣ ਤੱਕ 352 ਦੇ ਕਰੀਬ ਬਦਨਸੀਬ ਲੋਕਾਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ।
ਇਸ ਦੌਰਾਨ ਹਵਾਈ ਅੱਡੇ ਤੇ ਮ੍ਰਿਤਕ ਦੇਹ ਲੈਣ ਪਹੁੰਚੇ ਜਸਪ੍ਰੀਤ ਸਿੰਘ ਦੇ ਪਿਤਾ ਗੁਰਚਰਨ ਸਿੰਘ, ਮਾਮਾ ਸਿਕੰਦਰ ਸਿੰਘ, ਚਚੇਰਾ ਭਰਾ ਇਕਬਾਲ ਸਿੰਘ, ਚਾਚਾ ਇੰਦਰਜੀਤ ਸਿੰਘ ਤੋਂ ਇਲਾਵਾ ਕਸਬਾ ਮਹਿਰਾਜ ਦੀ ਨਗਰ ਕੌਂਸਲ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਆਦਿ ਨੇ ਡਾ.ਐੱਸ.ਪੀ. ਸਿੰਘ ਓਬਰਾਏ ਦਾ ਇਸ ਵੱਡੇ ਉਪਰਾਲੇ ਲਈ ਸ਼ੁਕਰਾਨਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਦੀ ਬਦੌਲਤ ਹੀ ਉਸਦੇ ਦੇ ਪਰਿਵਾਰਕ ਮੈਂਬਰਾਂ ਨੂੰ ਉਸ ਦੇ ਅੰਤਿਮ ਦਰਸ਼ਨ ਨਸੀਬ ਹੋ ਸਕੇ ਹਨ।
ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ 15 ਜਨਵਰੀ ਤੱਕ ਨਹੀਂ ਬਦਲੇਗਾ ਮੌਸਮ, ਅੱਜ ਵੀ ਧੁੰਦ ਤੇ ਠੰਢ ਦਾ ਕਹਿਰ