Farmers Protest: ਡੱਲੇਵਾਲ ਦੇ ਮਰਨ ਵਰਤ ਨਾਲ ਬਦਲਣ ਲੱਗੀਆਂ ਸਮੀਕਰਨਾਂ, ਕਸੂਤੀਆਂ ਘਿਰੀਆਂ ਸਰਕਾਰਾਂ, ਆਖਰ ਸੰਯੁਕਤ ਕਿਸਾਨ ਮੋਰਚਾ ਵੀ ਨਿੱਤਰਿਆ
Farmers Protest: ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਕਰਕੇ ਜਿੱਥੇ ਕੇਂਦਰ, ਹਰਿਆਣਾ ਤੇ ਪੰਜਾਬ ਸਰਕਾਰਾਂ ਦੀ ਹਾਲਤ ਔਖੀ ਬਣ ਗਈ ਹੈ, ਉਥੇ ਹੀ ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਵੀ ਕਸੂਤਾ ਘਿਰ ਗਿਆ ਹੈ।
Farmers Protest: ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਕਰਕੇ ਜਿੱਥੇ ਕੇਂਦਰ, ਹਰਿਆਣਾ ਤੇ ਪੰਜਾਬ ਸਰਕਾਰਾਂ ਦੀ ਹਾਲਤ ਔਖੀ ਬਣ ਗਈ ਹੈ, ਉਥੇ ਹੀ ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਵੀ ਕਸੂਤਾ ਘਿਰ ਗਿਆ ਹੈ। ਐਸਕੇਐਮ ਦੀਆਂ ਕਈ ਧਿਰਾਂ ਅੰਦੋਲਨ ਵਿੱਚ ਕੁੱਦਣ ਲਈ ਕਾਹਲੀਆਂ ਹਨ ਪਰ ਅਜੇ ਵੀ ਮੋਰਚੇ ਦੇ ਬਹੁਤੇ ਲੀਡਰ ਜਗਜੀਤ ਸਿੰਘ ਡੱਲੇਵਾਲ ਤੇ ਸਰਵਣ ਸਿੰਘ ਪੰਧੇਰ ਦੀ ਖੁੱਲ੍ਹੀ ਹਮਾਇਤ ਕਰਨ ਤੋਂ ਝਿਜਕ ਰਹੇ ਹਨ। ਇਸ ਦੇ ਬਾਵਜੂਦ ਐਸਕੇਐਮ ਨੇ ਸੰਯੁਕਤ ਕਿਸਾਨ ਮੋਰਚਾ (ਗੈਰਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਦੇ ਲੀਡਰਾਂ ਨਾਲ ਗੱਲਬਾਤ ਸ਼ੁਰੂ ਕਰਨ ਦੀ ਹਾਮੀ ਭਰੀ ਹੈ।
ਦਰਅਸਲ ਕਿਸਾਨ ਲੀਡਰ ਸਰਵਣ ਸਿੰਘ ਪੰਧੇਰ ਵੱਲੋਂ ਕਿਸਾਨੀ ਸੰਘਰਸ਼ ਲਈ ਇਕਜੁੱਟ ਹੋਣ ਦੇ ਦਿੱਤੇ ਸੱਦੇ ਮਗਰੋਂ ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਨੇ ਕਿਹਾ ਹੈ ਕਿ ਉਹ ਸੰਯੁਕਤ ਕਿਸਾਨ ਮੋਰਚਾ (ਗੈਰਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਦੇ ਲੀਡਰਾਂ ਨੂੰ ਗੱਲਬਾਤ ਲਈ 21 ਦਸੰਬਰ ਨੂੰ ਪਟਿਆਲਾ ਆਉਣ ਲਈ ਸੱਦਾ ਦੇਵੇਗਾ। ਪੰਧੇਰ ਨੇ 15 ਦਸੰਬਰ ਨੂੰ ਐਸਕੇਐਮ ਨੂੰ ਪੱਤਰ ਲਿਖ ਕੇ ਪੰਜਾਬ ਤੇ ਹਰਿਆਣਾ ਦੀ ਸਰਹੱਦ ’ਤੇ ਸ਼ੰਭੂ ਤੇ ਖਨੌਰੀ ਬਾਰਡਰਾਂ ’ਤੇ ਐਮਐਸਪੀ ਦੀ ਕਾਨੂੰਨੀ ਗਾਰੰਟੀ ਸਣੇ ਹੋਰਨਾਂ ਮੰਗਾਂ ਨੂੰ ਲੈ ਕੇ ਚੱਲ ਰਹੇ ਸੰਘਰਸ਼ ਦੀ ਹਮਾਇਤ ਕਰਨ ਲਈ ਕਿਹਾ ਸੀ।
ਇਸ ਪੱਤਰ ਮਗਰੋਂ ਕਿਸਾਨ ਲੀਡਰ ਜੋਗਿੰਦਰ ਸਿੰਘ ਉਗਰਾਹਾਂ, ਜੰਗਵੀਰ ਸਿੰਘ ਚੌਹਾਨ, ਮਨਜੀਤ ਸਿੰਘ ਧਨੇਰ ਤੇ ਹਰਵਿੰਦਰ ਸਿੰਘ ਲੱਖੋਵਾਲ ਸਮੇਤ ਹੋਰਨਾਂ ਐਸਕੇਐਮ ਆਗੂਆਂ ਨੇ ਬੁੱਧਵਾਰ ਨੂੰ ਮੀਟਿੰਗ ਕਰਕੇ ਵਿਚਾਰ ਮੰਥਨ ਕੀਤਾ। ਆਗੂਆਂ ਨੇ ਐਲਾਨ ਕੀਤਾ ਕਿ ਉਹ ਕਿਸਾਨੀ ਮਸਲਿਆਂ ਨੂੰ ਲੈ ਕੇ 23 ਦਸੰਬਰ ਨੂੰ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਉੱਤੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਖਿਲਾਫ ਰੋਸ ਮੁਜ਼ਾਹਰੇ ਕਰਨਗੇ। ਇਹ ਵੀ ਪਤਾ ਲੱਗਾ ਹੈ ਕਿ ਬਹੁਤੀਆਂ ਕਿਸਾਨ ਜਥੇਬੰਦੀਆਂ ਸੰਘਰਸ਼ ਵਿੱਚ ਕੁੱਦਣ ਲਈ ਕਾਹਲੀਆਂ ਹਨ।
ਕਿਸਾਨ ਲੀਡਰ ਉਗਰਾਹਾਂ ਨੇ ਪੰਧੇਰ ਦੇ ਪੱਤਰ ਦੇ ਹਵਾਲੇ ਨਾਲ ਕਿਹਾ ਕਿ ਐਸਕੇਐਮ ਆਗੂ 21 ਦਸੰਬਰ ਨੂੰ ਸੰਯੁਕਤ ਕਿਸਾਨ ਮੋਰਚਾ (ਗੈਰਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂਆਂ ਨਾਲ ਪਟਿਆਲਾ ਵਿਚ ਬੈਠਕ ਕਰਨਗੇ। ਉਨ੍ਹਾਂ ਕਿਹਾ, ‘‘ਅਸੀਂ ਉਨ੍ਹਾਂ ਨੂੰ ਗੱਲਬਾਤ ਲਈ ਸੱਦਾ ਦੇਵਾਂਗੇ।’’ ਐਸਕੇਐਮ ਵੱਲੋਂ ਬੈਠਕ ਵਿੱਚ ਜੋਗਿੰਦਰ ਸਿੰਘ ਉਗਰਾਹਾਂ, ਰਮਿੰਦਰ ਸਿੰਘ ਪਟਿਆਲਾ, ਬਲਬੀਰ ਸਿੰਘ ਰਾਜੇਵਾਲ, ਡਾ. ਦਰਸ਼ਨ ਪਾਲ, ਯੁੱਧਵੀਰ ਸਿੰਘ ਤੇ ਹਨਨ ਮੌਲਾ ਸ਼ਾਮਲ ਹੋਣਗੇ।
ਉਗਰਾਹਾਂ ਨੇ ਕਿਹਾ ਕਿ ਐਸਕੇਐਮ ਦੀ ਤਾਲਮੇਲ ਕਮੇਟੀ ਪਹਿਲਾਂ ਹੀ ਫੈਸਲਾ ਕਰ ਚੁੱਕੀ ਹੈ ਕਿ ਉਹ ਦੋ ਜਥੇਬੰਦੀਆਂ ਦੇ ਸੰਘਰਸ਼ ਵਿੱਚ ਸ਼ਾਮਲ ਨਹੀਂ ਹੋ ਸਕਦੀ। ਉਗਰਾਹਾਂ ਨੇ ਕਿਹਾ ਕਿ ਐਸਕੇਐਮ (ਗ਼ੈਰਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਨੇ ਉਨ੍ਹਾਂ (ਐਸਕੇਐਮ) ਨਾਲ ਹਮਾਇਤ ਬਾਰੇ ਵਿਚਾਰ ਚਰਚਾ ਕਰਨ ਤੋਂ ਪਹਿਲਾਂ ਹੀ ਆਪਣੇ ਅੰਦੋਲਨ (ਫਰਵਰੀ ਵਿੱਚ ਦਿੱਲੀ ਚਲੋ ਮਾਰਚ) ਦੀ ਯੋਜਨਾਬੰਦੀ ਕਰ ਲਈ ਸੀ। ਉਨ੍ਹਾਂ ਕਿਹਾ ਕਿ ਅੰਦੋਲਨ ਬਾਰੇ ਫੈਸਲਾ ਲੈਣ ਤੋਂ ਬਾਅਦ ਹੋਰ ਕਿਸਾਨ ਜਥੇਬੰਦੀਆਂ ਦੀ ਹਮਾਇਤ ਲੈਣ ਦਾ ਇਹ ਤਰੀਕਾ ਸਹੀ ਨਹੀਂ ਕਿਉਂਕਿ ਉਨ੍ਹਾਂ ਕਿਸਾਨੀ ਮੰਗਾਂ ਦੀ ਹਮਾਇਤ ਵਿੱਚ ਕਿਸੇ ਵੀ ਧਰਨੇ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਨਾਲ ਸਲਾਹ-ਮਸ਼ਵਰਾ ਕਰਨ ’ਤੇ ਜ਼ੋਰ ਦਿੱਤਾ ਸੀ।
ਇਸ ਦੌਰਾਨ ਐਸਕੇਐਮ ਨੇ 6 ਤੇ 14 ਦਸੰਬਰ ਨੂੰ ਪੈਦਲ ਦਿੱਲੀ ਕੂਚ ਦੀ ਕੋਸ਼ਿਸ਼ ਕਰ ਰਹੇ ਕਿਸਾਨਾਂ ’ਤੇ ਜਲਤੋਪਾਂ ਨਾਲ ਪਾਣੀ ਦੀਆਂ ਬੁਛਾੜਾਂ ਤੇ ਅੱਥਰੂ ਗੈਸ ਦੇ ਗੋਲੇ ਵਰਤਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਐਸਕੇਐਮ ਨੇ ਖਨੌਰੀ ਬਾਰਡਰ ’ਤੇ ਮਰਨ ਵਰਤ ਉੱਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਨਜ਼ਰਅੰਦਾਜ਼ ਕਰਨ ਲਈ ਵੀ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ। ਆਗੂਆਂ ਨੇ ਕਿਹਾ ਕਿ ਸਰਕਾਰ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਗੱਲਬਾਤ ਸ਼ੁਰੂ ਕਰੇ।
ਦੱਸ ਦਈਏ ਕਿ ਸਾਲ 2020 ਵਿੱਚ, ਪੰਜਾਬ ਤੇ ਅੰਬਾਲਾ ਦੇ ਨੇੜਲੇ ਖੇਤਰਾਂ ਤੋਂ ਸ਼ੰਭੂ ਸਰਹੱਦ ’ਤੇ ਇਕੱਠੇ ਹੋਏ ਵੱਡੀ ਗਿਣਤੀ ਕਿਸਾਨਾਂ ਨੇ ਦਿੱਲੀ ਵੱਲ ਮਾਰਚ ਕਰਨ ਲਈ ਪੁਲਿਸ ਵੱਲੋਂ ਲਾਈਆਂ ਰੋਕਾਂ ਨੂੰ ਤੋੜ ਦਿੱਤਾ ਸੀ। ਇਸ ਮਗਰੋਂ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਬਰੂਹਾਂ ਸਿੰਘੂ, ਟਿੱਕਰੀ ਤੇ ਗਾਜ਼ੀਪੁਰ ਬਾਰਡਰਾਂ ‘ਤੇ ਇੱਕ ਸਾਲ ਪ੍ਰਦਰਸ਼ਨ ਕੀਤਾ ਸੀ।