Arvind Khanna: ED ਦੇ ਰਿਡਾਰ 'ਤੇ ਪੰਜਾਬ ਬੀਜੇਪੀ ਦਾ ਮੀਤ ਪ੍ਰਧਾਨ, ਅੱਜ ਪੁੱਛਗਿੱਛ ਲਈ ਕੀਤਾ ਤਲਬ, ਕੀ ਹੋਣਗੇ ਪੇਸ਼ ?
ED summon to Arvind Khanna: ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਰਵਿੰਦ ਖੰਨਾ 'ਤੇ ਇਲਜ਼ਾਮ ਹੈ ਕਿ 2008 ਵਿੱਚ DRDO ਨਾਲ ਤਿੰਨ ਜਹਾਜ਼ਾਂ ਦੇ ਸੌਦੇ ਨੂੰ ਸੀਲ ਕਰਨ ਲਈ ਇੱਕ ਬ੍ਰਾਜ਼ੀਲ ਦੀ ਫਰਮ ਦੇ ਹੱਕ ਵਿੱਚ 5.76 ਮਿਲੀਅਨ ਅਮਰੀਕੀ ਡਾਲਰ
ED summon to Arvind Khanna: ਇਨਫੋਰਸਮੈਂਟ ਡਾਇਰੈਕਟੋਰੇਟ ਦੀ ਰਡਾਰ 'ਤੇ ਹੁਣ ਪੰਜਾਬ ਬੀਜੇਪੀ ਦੇ ਮੀਤ ਪ੍ਰਧਾਨ ਅਰਵਿੰਦ ਖੰਨਾ ਆ ਗਏ ਹਨ। ਮਨੀ ਲਾਂਡਰਿੰਗ ਨਾਲ ਜੁੜੇ ਮਾਮਲੇ ਵਿੱਚ ਈਡੀ ਨੇ ਅਰਵਿੰਦ ਖੰਨਾ ਨੂੰ ਅੱਜ ਦੇ ਲਈ ਤਲਬ ਕੀਤਾ ਹੈ। ਪੰਜਾਬ ਵਿੱਚ ਈਡੀ ਦੀਆਂ ਹੁਣ ਤੱਕ ਜੋ ਜੋ ਵੀ ਕਾਰਵਾਈਆਂ ਹੋਈਆਂ ਉਹ ਵਿਰੋਧੀ ਧਿਰਾਂ ਦੇ ਲਿਡਰਾਂ 'ਤੇ ਸਨ, ਪਰ ਹੁਣ ਭਾਜਪਾ ਪੰਜਾਬ ਦੇ ਸੀਨੀਅਰ ਲੀਡਰ ਨੂੰ ਅੱਜ ਲਈ ਤਲਬ ਕਰ ਲਿਆ ਹੈ।
ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਰਵਿੰਦ ਖੰਨਾ 'ਤੇ ਇਲਜ਼ਾਮ ਹੈ ਕਿ 2008 ਵਿੱਚ DRDO ਨਾਲ ਤਿੰਨ ਜਹਾਜ਼ਾਂ ਦੇ ਸੌਦੇ ਨੂੰ ਸੀਲ ਕਰਨ ਲਈ ਇੱਕ ਬ੍ਰਾਜ਼ੀਲ ਦੀ ਫਰਮ ਦੇ ਹੱਕ ਵਿੱਚ 5.76 ਮਿਲੀਅਨ ਅਮਰੀਕੀ ਡਾਲਰ ਦੀ ਕਥਿਤ ਰਿਸ਼ਵਤ ਦਿੱਤੀ ਗਈ ਸੀ।
ਅਰਵਿੰਦ ਖੰਨਾ ਨੂੰ ਏਮਬਰੇਅਰ ਭ੍ਰਿਸ਼ਟਾਚਾਰ ਮਾਮਲੇ ਦੀ ਜਾਂਚ ਵਿੱਚ ਈਡੀ ਨੇ ਸੰਮਨ ਜਾਰੀ ਕੀਤਾ ਹੈ। ਇਸ ਮਾਮਲੇ ਵਿੱਚ ਈਡੀ ਨੇ ਸਾਲ 2020 ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ, ਜਦੋਂ ਕਿ ਕੁਝ ਸਮਾਂ ਪਹਿਲਾਂ ਸੀਬੀਆਈ ਅਦਾਲਤ ਵਿੱਚ ਦਾਇਰ ਚਾਰਜਸ਼ੀਟ ਵਿੱਚ ਜਾਂਚ ਵਿੱਚ ਅਪਰਾਧਿਕ ਸਾਜ਼ਿਸ਼ ਨਾਲ ਸਬੰਧਤ ਧਾਰਾ 120-ਬੀ ਦੇ ਤਹਿਤ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਲਗਾਇਆ ਗਿਆ ਸੀ।
ਸੀਬੀਆਈ ਨੇ ਜੂਨ 2023 ਵਿੱਚ ਹਥਿਆਰ ਡੀਲਰ ਅਰਵਿੰਦ ਖੰਨਾ, ਵਪਾਰੀ ਅਨੂਪ ਗੁਪਤਾ ਅਤੇ ਵਕੀਲ ਗੌਤਮ ਖੇਤਾਨ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਸੀ। ਇਸ ਕੇਸ ਵਿੱਚ ਅਰਵਿੰਦ ਖੰਨਾ ਦੇ ਪਿਤਾ ਦਾ ਨਾਂਅ ਵੀ ਮੁਲਜ਼ਮਾਂ ਵਿੱਚ ਸ਼ਾਮਲ ਸੀ। ਵਿਪਨ ਖੰਨਾ ਰੱਖਿਆ ਸਲਾਹਕਾਰ ਸਨ। ਉਸ ਦਾ ਨਾਂਅ ਮੌਕੇ 'ਤੇ ਹੀ ਹਟਾ ਦਿੱਤਾ ਗਿਆ। ਸਿੰਗਾਪੁਰ ਦੀ ਇੱਕ ਕੰਪਨੀ ਰਾਹੀਂ ਭੁਗਤਾਨ ਕਰਨ ਦੀ ਗੱਲ ਚੱਲ ਰਹੀ ਹੈ।
ਅਰਵਿੰਦ ਖੰਨਾ 2022 ਵਿੱਚ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਵਿੱਚ ਸ਼ਾਮਲ ਹੋਏ ਸਨ। ਉਹ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਆਗੂਆਂ ਵਿੱਚੋਂ ਇੱਕ ਮੰਨੇ ਜਾਂਦੇ ਸਨ। ਉਹ 2002 ਵਿੱਚ ਕਾਂਗਰਸ ਦੀ ਟਿਕਟ ’ਤੇ ਸੰਗਰੂਰ ਤੋਂ ਵਿਧਾਨ ਸਭਾ ਚੋਣ ਜਿੱਤ ਕੇ ਪਹਿਲੀ ਵਾਰ ਵਿਧਾਇਕ ਬਣੇ ਸਨ। ਉਹ 2004 ਦੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੇ ਉਮੀਦਵਾਰ ਸਨ। ਉਹ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਤੋਂ ਹਾਰ ਗਏ ਸਨ।
ਇਸ ਤੋਂ ਬਾਅਦ 2012 ਵਿੱਚ ਉਨ੍ਹਾਂ ਧੂਰੀ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ। ਇੱਕ ਤਰਫਾ ਜਿੱਤ ਨੇ ਉਸ ਨੂੰ ਇੱਕ ਨੇਤਾ ਸਾਬਤ ਕੀਤਾ। ਹਾਲਾਂਕਿ, ਉਸ ਸਮੇਂ ਕਾਂਗਰਸ ਦੀ ਸਰਕਾਰ ਨਹੀਂ ਬਣੀ ਤਾਂ ਉਹ ਵਿਧਾਨ ਸਭਾ ਤੋਂ ਅਸਤੀਫਾ ਦੇ ਦਿੰਦੇ ਅਤੇ ਦੋ ਸਾਲ ਬਾਅਦ ਹੀ ਰਾਜਨੀਤੀ ਤੋਂ ਦੂਰੀ ਬਣਾ ਲੈਂਦੇ ਹਨ।