Electricity demand increase: ਗਰਮੀ ਨੇ ਘੁਮਾਏ ਬਿਜਲੀ ਵਾਲੇ ਮੀਟਰ! ਮਈ 'ਚ ਹੀ ਟੁੱਟਣ ਲੱਗੇ ਬਿਜਲੀ ਦੀ ਮੰਗ ਦੇ ਰਿਕਾਰਡ
ਪੰਜਾਬ ਵਿੱਚ ਗਰਮੀ ਰਿਕਾਰਡ ਤੋੜਨ ਲੱਗੀ ਹੈ। ਪਾਰਾ 45 ਡਿਗਰੀ ਤੱਕ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਮਈ ਅੰਦਰ ਹੀ ਬਿਜਲੀ ਦੀ ਮੰਗ ਵੀ ਵਧਣ ਲੱਗੀ ਹੈ।
Electricity demand increase: ਪੰਜਾਬ ਵਿੱਚ ਗਰਮੀ ਰਿਕਾਰਡ ਤੋੜਨ ਲੱਗੀ ਹੈ। ਪਾਰਾ 45 ਡਿਗਰੀ ਤੱਕ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਮਈ ਅੰਦਰ ਹੀ ਬਿਜਲੀ ਦੀ ਮੰਗ ਵੀ ਵਧਣ ਲੱਗੀ ਹੈ। ਸ਼ਨੀਵਾਰ ਨੂੰ ਬਿਜਲੀ ਦੀ ਮੰਗ 13 ਹਜ਼ਾਰ ਮੈਗਾਵਾਟ ਤੋਂ ਵੀ ਟੱਪ ਗਈ ਜਦਕਿ ਪਿਛਲੇ ਸਾਲ 18 ਮਈ ਨੂੰ ਬਿਜਲੀ ਦੀ ਇਹ ਮੰਗ 10165 ਮੈਗਾਵਾਟ ਸੀ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨ ਗਰਮੀ ਦਾ ਕਹਿਰ ਜਾਰੀ ਰਹੇਗਾ। ਉਧਰ ਪਾਵਰਕੌਮ ਦੇ ਬੁਲਾਰੇ ਦਾ ਕਹਿਣਾ ਸੀ ਕਿ ਭਾਵੇਂ ਬਿਜਲੀ ਦੀ ਮੰਗ ਕਿੰਨੀ ਵੀ ਵਧ ਜਾਵੇ, ਪਾਵਰਕੌਮ ਕੋਲ਼ ਲੋੜੀਂਦੀ ਬਿਜਲੀ ਦੇ ਢੁਕਵੇਂ ਪ੍ਰਬੰਧ ਹਨ।
ਦਰਅਸਲ ਮੌਸਮ ਵਿਗਿਆਨੀਆਂ ਵੱਲੋਂ ਕੀਤੀ ਗਈ ਪੇਸ਼ੀਨਗੋਈ ਤਹਿਤ ਗਰਮੀ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਦੂਜੇ ਪਾਸੇ ਇਨ੍ਹਾਂ ਦਿਨੀਂ ਗਰਮੀ ਵਾਂਗ ਬਿਜਲੀ ਦੀ ਮੰਗ ਵੀ ਛੜੱਪੇ ਮਾਰਨ ਲੱਗੀ ਹੈ। ਅੱਗੇ ਤਾਂ ਝੋਨੇ ਦੀ ਲੁਆਈ ਸ਼ੁਰੂ ਹੋਣ ’ਤੇ ਹੀ ਬਿਜਲੀ ਦੀ ਵਧੇਰੇ ਮੰਗ ਵਧਦੀ ਰਹੀ ਹੈ, ਪਰ ਐਤਕੀ ਅਗਾਊਂ ਹੀ ਇਸ ਮੰਗ ’ਚ ਵਾਧਾ ਹੋ ਗਿਆ ਹੈ।
ਹਾਸਲ ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਬਿਜਲੀ ਦੀ ਮੰਗ 13 ਹਜ਼ਾਰ ਮੈਗਾਵਾਟ ਤੋਂ ਵੀ ਉੱਪਰ ਟੱਪ ਗਈ ਜਦਕਿ ਪਿਛਲੇ ਸਾਲ 18 ਮਈ ਨੂੰ ਬਿਜਲੀ ਦੀ ਇਹ ਮੰਗ 10165 ਮੈਗਾਵਾਟ ਸੀ। ਇਸ ਤਰ੍ਹਾਂ ਪਿਛਲੇ ਸਾਲ ਦੇ ਮੁਕਾਬਲੇ 2835 ਮੈਗਾਵਾਟ ਜ਼ਿਆਦਾ ਹੈ। ਉਂਜ ਸ਼ਾਮ ਨੂੰ ਬਿਜਲੀ ਦੀ ਇਹ ਮੰਗ 12,923 ਹੋ ਗਈ ਪਰ ਪਾਵਰਕੌਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਿਜਲੀ ਮੰਗ ਦੇ ਬਰਾਬਰ ਹੀ ਸਪਲਾਈ ਵੀ ਦਿੱਤੀ ਗਈ ਹੈ ਤੇ ਮੰਗ ਵਧਣ ਦੇ ਬਾਵਜੂਦ ਪੰਜਾਬ ’ਚ ਕਿਤੇ ਵੀ ਬਿਜਲੀ ਕੱਟ ਨਹੀਂ ਲਾਇਆ ਗਿਆ।
ਉਧਰ 17 ਮਈ ਨੂੰ ਇਹ ਮੰਗ 12600 ਮੈਗਾਵਾਟ ਰਹੀ, ਜਦਕਿ ਪਿਛਲੇ ਸਾਲ ਇਸ ਦਿਨ 976 ਮੈਗਾਵਾਟ ਹੀ ਬਿਜਲੀ ਦੀ ਮੰਗ ਸੀ। ਇਸ ਤਰ੍ਹਾਂ ਐਤਕੀਂ ਗਰਮੀ ਜ਼ਿਆਦਾ ਪੈਣ ਸਮੇਤ ਕੁਝ ਹੋਰ ਕਾਰਨਾਂ ਕਰਕੇ ਵੀ ਬਿਜਲੀ ਦੀ ਮੰਗ ਵਧ ਰਹੀ ਹੈ। ਉਧਰ ਬਿਜਲੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੰਗ ਵਧਣ ਦੇ ਬਾਵਜੂਦ ਪਾਵਰਕੌਮ ਵੱਲੋਂ ਪੰਜਾਬ ’ਚ ਕਿਤੇ ਵੀ ਬਿਜਲੀ ਕੱਟ ਲਾਉਣ ਦਾ ਸ਼ਡਿਊਲ ਨਹੀਂ ਸੀ।
ਬਿਜਲੀ ਮਾਹਰਾਂ ਦਾ ਕਹਿਣਾ ਹੈ ਕਿ ਬਿਜਲੀ ਦੀ ਮੰਗ ਵਧਣ ਦਾ ਇੱਕ ਕਾਰਨ ਤਾਂ ਐਤਕੀਂ ਮਈ ’ਚ ਵਧੀ ਗਰਮੀ ਹੀ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ 600 ਯੂਨਿਟ ਤੱਕ ਬਿਜਲੀ ਬਿੱਲਾਂ ਦੀ ਕੀਤੀ ਗਈ ਮੁਆਫ਼ੀ ਕਰਕੇ ਵੀ ਬਿਜਲੀ ਦੀ ਮੰਗ ਵਧੀ ਹੈ ਕਿਉਂਕਿ ਅਜਿਹੀ ਸੂਰਤ ’ਚ ਅੱਤ ਦੀ ਗਰਮੀ ਤੋਂ ਬਚਣ ਲਈ ਲੋਕ ਏਸੀ, ਕੂਲਰ ਆਦਿ ਦੀ ਵੀ ਜ਼ਿਆਦਾ ਵਰਤੋਂ ਕਰ ਰਹੇ ਹਨ।