ਪੰਜਾਬ ਵਿੱਚ ਖੁੱਲ੍ਹ ਗਏ ਕਾਰੋਬਾਰ, 70 ਹਜ਼ਾਰ ਤੋਂ ਵੱਧ ਮਜ਼ਦੂਰਾਂ ਦੀ ਕੰਮ 'ਤੇ ਵਾਪਸੀ
ਪੇਂਡੂ ਖੇਤਰਾਂ 'ਚ 1592 ਇੱਟਾਂ ਦੇ ਭੱਠਿਆਂ ਦਾ ਉਤਪਾਦਨ ਵੀ ਸ਼ੁਰੂ ਹੋ ਚੁੱਕਾ ਹੈ। ਪੇਂਡੂ ਖੇਤਰਾਂ 'ਚ ਉਸਾਰੀ ਗਤੀਵਿਧੀਆਂ ਨੂੰ ਮਨਜ਼ੂਰੀ ਮਿਲਣ ਮਗਰੋਂ ਸੂਬੇ 'ਚ 430 ਨਿਰਮਾਣ ਸਥਾਨਾਂ 'ਤੇ ਉਸਾਰੀ ਕਾਰਜ ਚੱਲ ਰਹੇ ਹਨ।
ਰਮਨਦੀਪ ਕੌਰ ਦੀ ਵਿਸ਼ੇਸ਼ ਰਿਪੋਰਟ
ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਦੇਸ਼ਵਿਆਪੀ ਲੌਕਡਾਊਨ 'ਚ 20 ਅਪ੍ਰੈਲ ਤੋਂ ਦਿੱਤੀਆਂ ਗਈਆਂ ਰਿਆਇਤਾਂ ਤੋਂ ਬਾਅਦ ਪੰਜਾਬ 'ਚ ਉਦਯੋਗਿਕ ਇਕਾਈਆਂ 'ਚ ਹੌਲੀ-ਹੌਲੀ ਕੰਮ ਸ਼ੁਰੂ ਹੋ ਗਿਆ ਹੈ। ਇਸ ਛੋਟ ਦੇ ਪਹਿਲੇ ਤਿੰਨ ਦਿਨ 'ਚ ਹੀ ਪੰਜਾਬ 'ਚ 71,483 ਕਾਮੇ ਵੱਖ-ਵੱਖ ਉਦੋਯਗਿਕ ਇਕਾਈਆਂ 'ਚ ਜੁੱਟ ਗਏ ਹਨ। ਉਦਯੋਗ ਵਿਭਾਗ ਮੁਤਾਬਕ ਰਿਆਇਤਾਂ ਮਿਲਣ ਦੇ ਸਿਰਫ਼ ਦੋ ਦਿਨ ਬਾਅਦ ਹੀ ਸੂਬੇ 'ਚ 3,108 ਉਦਯੋਗਿਕ ਇਕਾਈਆਂ 'ਚ ਕੰਮ ਆਰੰਭ ਦਿੱਤਾ ਗਿਆ ਹੈ।
ਉਦਯੋਗਾਂ ਤੋਂ ਇਲਾਵਾ ਹੁਣ ਪੇਂਡੂ ਖੇਤਰਾਂ 'ਚ 1592 ਇੱਟਾਂ ਦੇ ਭੱਠਿਆਂ ਦਾ ਉਤਪਾਦਨ ਵੀ ਸ਼ੁਰੂ ਹੋ ਚੁੱਕਾ ਹੈ। ਪੇਂਡੂ ਖੇਤਰਾਂ 'ਚ ਉਸਾਰੀ ਗਤੀਵਿਧੀਆਂ ਨੂੰ ਮਨਜ਼ੂਰੀ ਮਿਲਣ ਮਗਰੋਂ ਸੂਬੇ 'ਚ 430 ਨਿਰਮਾਣ ਸਥਾਨਾਂ 'ਤੇ ਉਸਾਰੀ ਕਾਰਜ ਚੱਲ ਰਹੇ ਹਨ। ਸੂਬੇ 'ਚ ਸ਼ੁਰੂ ਹੋਈਆਂ ਉਦਯੋਗਿਕ ਇਕਾਈਆਂ 'ਚ ਲੁਧਿਆਣਾ 'ਚ 821, ਮੋਗਾ 'ਚ 403, ਬਰਨਾਲਾ 'ਚ 383, ਫਰੀਦਕੋਟ 'ਚ 357, ਫਿਰੋਜ਼ਪੁਰ 'ਚ 288, ਫਾਜ਼ਿਲਕਾ 'ਚ 198, ਮੁਹਾਲੀ 'ਚ 124 ਤੇ ਸੰਗਰੂਰ 'ਚ 100 ਉਦਯੋਗਿਕ ਇਕਾਈਆਂ ਨਾਲ ਸਾਰੇ ਜ਼ਿਲ੍ਹਿਆਂ 'ਚ ਕੁਝ ਉਦਯੋਗਿਕ ਇਕਾਈਆਂ ਖੁੱਲ੍ਹ ਗਈਆਂ ਹਨ।
ਨਿਰਮਾਣ ਖੇਤਰ ਦੀਆਂ ਗਤੀਵਿਧੀਆਂ ਸ਼ੁਰੂ ਕਰਨ 'ਚ ਬਠਿੰਡਾਂ ਨੇ ਤੇਜ਼ੀ ਨਾਲ ਗਤੀ ਫੜ੍ਹੀ ਹੈ। ਸੂਬੇ 'ਚ 430 ਨਿਰਮਾਣ ਸਥਾਨਾਂ 'ਚ ਕੰਮ ਸ਼ੁਰੂ ਹੋਇਆ ਹੈ ਜਿਨ੍ਹਾਂ 'ਚ 355 ਸਿਰਫ਼ ਬਠਿੰਡਾ 'ਚ ਹਨ। ਇਸ ਤੋਂ ਇਲਾਵਾ ਸੰਗਰੂਰ 'ਚ 34, ਪਠਾਨਕੋਟ 'ਚ 13, ਲੁਧਿਆਣਾ 'ਚ 7, ਅੰਮ੍ਰਿਤਸਰ ਤੇ ਫਰੀਦਕੋਟ 'ਚ 5-5, ਮੋਗਾ ਤੇ ਮੁਹਾਲੀ 'ਚ 3-3, ਕਪੂਰਥਲਾ 'ਚ 2 ਤੇ ਫਿਰੋਜ਼ਪੁਰ, ਨਵਾਂਸ਼ਹਿਰ ਤੇ ਮਾਨਸਾ 'ਚ 1-1 ਨਿਰਮਾਣ ਸਥਾਨਾਂ 'ਤੇ ਕੰਮ ਚੱਲ ਰਿਹਾ ਹੈ।
ਦੂਜੇ ਸੂਬਿਆਂ ਤੋਂ ਆਏ ਮਜ਼ਦੂਰਾਂ ਨੂੰ ਕੰਮ ਦੇਣ ਦੇ ਮਾਮਲੇ 'ਚ ਲੁਧਿਆਣਾ ਸਭ ਤੋਂ ਵੱਧ 32,198 ਮਜ਼ਦੂਰਾਂ ਨੂੰ ਕੰਮ ਮਿਲਿਆ ਹੈ। ਬਠਿੰਡਾ 'ਚ 22,000, ਨਵਾਂਸ਼ਹਿਰ 'ਚ 8,520, ਜਲੰਧਰ 'ਚ 7,950 ਤੇ ਅੰਮ੍ਰਿਤਸਰ 'ਚ 640 ਮਜ਼ਦੂਰ ਕਾਰਜ ਸਥਾਨਾਂ 'ਤੇ ਪਹੁੰਚ ਗਏ ਹਨ। ਕੋਰੋਨਾ ਤੋਂ ਬਚਾਅ ਲਈ ਪਿਛਲੇ 30 ਦਿਨਾਂ ਤੋਂ ਦੇਸ਼ ਭਰ 'ਚ ਜਾਰੀ ਲੌਕਡਾਊਨ ਦੇ ਚੱਲਦਿਆਂ ਹੋਰ ਸੂਬਿਆਂ ਤੋਂ ਆਏ ਮਜ਼ਦੂਰਾਂ ਦੇ ਰੋਜ਼ਗਾਰ ਤੇ ਉਦਯੋਗਿਕ ਉਤਪਾਦਨ ਨੂੰ ਵਾਪਸ ਪਟੜੀ 'ਤੇ ਲਿਆਉਣ ਲਈ ਇਹ ਕਦਮ ਅਹਿਮ ਰਹੇਗਾ।