Faridkot News: ਸੁਖਬੀਰ ਬਾਦਲ ਦਾ ਵਿਰੋਧ ਕਰਨ ਵਾਲੇ ਮਜ਼ਦੂਰਾਂ ਨੂੰ ਅਕਾਲੀਆਂ ਨੇ ਭਜਾ-ਭਜਾ ਕੁੱਟਿਆ
Punjab News: ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਸੁਖਬੀਰ ਬਾਦਲ ਦੀ ਸ਼ਨੀਵਾਰ ਨੂੰ ਪਿੰਡ ਦੀਪ ਸਿੰਘ ਵਾਲਾ ਦੀ ਫੇਰੀ ਦੌਰਾਨ ਵਿਵਾਦ ਪੈਦਾ ਹੋ ਗਿਆ। ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂਆਂ ਨੇ ਸੁਖਬੀਰ ਬਾਦਲ ਖਿਲਾਫ...
Faridkot News: ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਸੁਖਬੀਰ ਬਾਦਲ ਦੀ ਸ਼ਨੀਵਾਰ ਨੂੰ ਪਿੰਡ ਦੀਪ ਸਿੰਘ ਵਾਲਾ ਦੀ ਫੇਰੀ ਦੌਰਾਨ ਵਿਵਾਦ ਪੈਦਾ ਹੋ ਗਿਆ। ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂਆਂ ਨੇ ਸੁਖਬੀਰ ਬਾਦਲ ਖਿਲਾਫ ਨਾਅਰੇਬਾਜ਼ੀ ਕੀਤੀ ਤਾਂ ਗੁੱਸੇ ’ਚ ਆਏ ਅਕਾਲੀ ਆਗੂਆਂ ਨੇ ਮਜ਼ਦੂਰ ਆਗੂਆਂ ਨੂੰ ਭਜਾ-ਭਜਾ ਕੇ ਕੁੱਟਿਆ। ਇਸ ਮੌਕੇ ਪੁਲਿਸ ਮੂਕ ਦਰਸ਼ਕ ਬਣੀ ਰਹੀ।
ਹਾਸਲ ਜਾਣਕਾਰੀ ਅਨੁਸਾਰ ਸੁਖਬੀਰ ਬਾਦਲ ਫਰੀਦਕੋਟ ਅਦਾਲਤ ਵਿੱਚ ਪੇਸ਼ੀ ਭੁਗਤਣ ਆਏ ਸਨ। ਇੱਥੇ ਨੌਜਵਾਨ ਭਾਰਤ ਦੇ ਆਗੂ ਨੌਨਿਹਾਲ ਸਿੰਘ ਤੇ ਨਗਿੰਦਰ ਸਿੰਘ ਵੀ ਆਪਣੇ ਕੇਸ ਦੀ ਤਾਰੀਖ ਭੁਗਤਣ ਲਈ ਆਏ ਸਨ। ਸੁਖਬੀਰ ਬਾਦਲ ਦੀ ਆਮਦ ਨੂੰ ਦੇਖਦਿਆਂ ਡੀਐਸਪੀ ਆਸਵੰਤ ਸਿੰਘ ਨੇ ਬਿਨਾਂ ਕੋਈ ਕਾਰਨ ਦੱਸੇ ਨੌਨਿਹਾਲ ਸਿੰਘ ਤੇ ਨਗਿੰਦਰ ਸਿੰਘ ਨੂੰ ਅਦਾਲਤ ਸਾਹਮਣਿਓਂ ਚੁੱਕ ਲਿਆ ਤੇ ਸਿਟੀ ਥਾਣਾ ਫਰੀਦਕੋਟ ਵਿੱਚ ਲੈ ਗਏ।
ਇਸ ਦੇ ਰੋਸ ਵਜੋਂ ਪਿੰਡ ਦੀਪ ਸਿੰਘ ਵਾਲਾ ਗਏ ਸੁਖਬੀਰ ਬਾਦਲ ਖ਼ਿਲਾਫ਼ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂਆਂ ਮੰਗਾ ਸਿੰਘ, ਮੰਗਲ ਸਿੰਘ ਤੇ ਕੁਝ ਹੋਰ ਨੌਜਵਾਨਾਂ ਨੇ ਨਾਅਰੇਬਾਜ਼ੀ ਕੀਤੀ। ਮੌਕੇ ’ਤੇ ਮੌਜੂਦ ਗੁੱਸੇ ’ਚ ਆਏ ਅਕਾਲੀ ਆਗੂਆਂ ਨੇ ਨੌਜਵਾਨ ਮਜ਼ਦੂਰ ਆਗੂਆਂ ਨੂੰ ਭਜਾ-ਭਜਾ ਕੇ ਕੁੱਟਿਆ। ਇਸ ਮੌਕੇ ਪੁਲਿਸ ਫੋਰਸ ਵੀ ਮੌਕੇ ’ਤੇ ਮੌਜੂਦ ਸੀ ਪਰ ਪੁਲਿਸ ਨੇ ਇਨ੍ਹਾਂ ਮਜ਼ਦੂਰ ਆਗੂਆਂ ਨੂੰ ਨਹੀਂ ਛੁਡਵਾਇਆ।
ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਦੱਸਿਆ ਕਿ ਅਕਾਲੀਆਂ ਦੀ ਕੁੱਟਮਾਰ ਦਾ ਸ਼ਿਕਾਰ ਹੋਏ ਮਜ਼ਦੂਰਾਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦਾਖ਼ਲ ਕਰਵਾਇਆ ਹੈ। ਡਾਕਟਰਾਂ ਨੇ ਦੋਹਾਂ ਨੌਜਵਾਨਾਂ ਦੇ ਕੁੱਟਮਾਰ ਦੌਰਾਨ ਸੱਟਾਂ ਵੱਜਣ ਦੀ ਪੁਸ਼ਟੀ ਕੀਤੀ ਹੈ।
ਉਧਰ, ਜ਼ਿਲ੍ਹਾ ਪੁਲਿਸ ਮੁਖੀ ਹਰਜੀਤ ਸਿੰਘ ਨੇ ਕਿਹਾ ਕਿ ਸੁਖਬੀਰ ਬਾਦਲ ਦੇ ਕਾਫ਼ਲੇ ਅੱਗੇ ਕੁਝ ਮਜ਼ਦੂਰ ਆਗੂ ਆ ਗਏ ਸਨ, ਜਿਸ ਕਰਕੇ ਕੁਝ ਅਕਾਲੀ ਆਗੂਆਂ ਨੇ ਉਨ੍ਹਾਂ ਨਾਲ ਹੱਥੋਪਾਈ ਕੀਤੀ ਪਰ ਪੁਲਿਸ ਨੇ ਸਾਰੀ ਸਥਿਤੀ ਨੂੰ ਸਾਂਭ ਲਿਆ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਕੋਈ ਖਾਸ ਸੱਟਾਂ ਨਹੀਂ ਵੱਜੀਆਂ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।