ਵਾਢੀ ਸਿਰ 'ਤੇ ਆਈ ਪਰ ਮਜ਼ਦੂਰਾਂ ਦੀ ਘਾਟ ਕਰਕੇ ਕਿਸਾਨ ਡਾਹਡੇ ਔਖੇ
ਪਿਛਲੇ ਸਾਲ ਦੀ ਤਾਲਾਬੰਦੀ ਤੋਂ ਬਾਅਦ ਪੰਜਾਬ ਤੋਂ ਵੱਡੀ ਤਾਦਾਦ ਵਿੱਚ ਲੇਬਰ ਆਪੋ ਆਪਣੇ ਸੂਬਿਆਂ ਵਿੱਚ ਚਲੀ ਗਈ ਸੀ, ਪਰ ਹੁਣ ਇਸ ਸਾਲ ਵੀ ਕੋਰੋਨਾ ਤੇ ਲੌਕਡਾਊਨ ਦੀਆਂ ਖ਼ਬਰਾਂ ਕਰਕੇ ਮਜ਼ਦੂਰ ਬਹੁਤ ਘੱਟ ਗਿਣਤੀ ਵਿੱਚ ਹੀ ਆ ਰਹੇ ਹਨ।
ਲੁਧਿਆਣਾ: ਪੰਜਾਬ ਵਿੱਚ ਕਣਕ ਦੀ ਵਾਢੀ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਮੌਸਮ ਦੀ ਖ਼ਰਾਬੀ ਅਤੇ ਕੋਰੋਨਾ ਮਹਾਮਾਰੀ ਦਰਮਿਆਨ ਕਿਸਾਨਾਂ ਨੇ ਕਣਕ ਤਾਂ ਵੱਢਣੀ ਸ਼ੁਰੂ ਕਰ ਦਿੱਤੀ ਹੈ ਪਰ ਪਿਛਲੇ ਸਾਲ ਵਾਂਗ ਇਸ ਸਾਲ ਵੀ ਕਿਸਾਨਾਂ ਲਈ ਮਜ਼ਦੂਰੀ ਦੀ ਘਾਟ ਵੱਡੀ ਸਮੱਸਿਆ ਬਣ ਰਹੀ ਹੈ। ਵੱਡੀ ਗਿਣਤੀ ਵਿੱਚ ਕਿਸਾਨਾਂ ਦੇ ਦਿੱਲੀ ਦੀਆਂ ਹੱਦਾਂ 'ਤੇ ਜਾਰੀ ਧਰਨਿਆਂ ਵਿੱਚ ਸ਼ਾਮਲ ਹੋਣ ਕਾਰਨ ਵੀ ਵਾਢੀ ਉੱਪਰ ਅਸਰ ਪਾ ਰਹੀ ਹੈ, ਪਰ ਮੁੱਖ ਕਾਰਨ ਲੇਬਰ ਦੀ ਕਮੀ ਹੈ।
ਇੱਥੇ ਰੇਲਵੇ ਸਟੇਸ਼ਨ ਉੱਪਰ ਪਰਵਾਸੀ ਮਜ਼ਦੂਰਾਂ ਨੂੰ ਖੇਤਾਂ ਵਿੱਚ ਕੰਮ ਕਰਨ ਲਈ ਲੈਣ ਆਏ ਕਿਸਾਨਾਂ ਨੇ ਦੱਸਿਆ ਕਿ ਕੰਬਾਈਨ ਨਾਲ ਕਣਕ ਵੱਢਣ ਵਾਲਿਆਂ ਨੇ ਕੀਮਤਾਂ ਵਧਾ ਦਿੱਤੀਆਂ ਨੇ ਕਿਉਂਕਿ ਡੀਜ਼ਲ ਲਗਾਤਾਰ ਮਹਿੰਗਾ ਹੁੰਦਾ ਜਾ ਰਿਹਾ ਹੈ। ਇਸ ਲਈ ਉਹ ਹੱਥੀਂ ਕਣਕ ਵੱਢਣ ਬਾਰੇ ਸੋਚ ਰਹੇ ਹਨ, ਪਰ ਹੁਣ ਉਨ੍ਹਾਂ ਨੂੰ ਲੇਬਰ ਦੀ ਘਾਟ ਸਤਾ ਰਹੀ ਹੈ। ਕਿਸਾਨਾਂ ਨੇ ਦੱਸਿਆ ਕਿ ਪਿਛਲੇ ਸਾਲ ਦੀ ਤਾਲਾਬੰਦੀ ਤੋਂ ਬਾਅਦ ਪੰਜਾਬ ਤੋਂ ਵੱਡੀ ਤਾਦਾਦ ਵਿੱਚ ਲੇਬਰ ਆਪੋ ਆਪਣੇ ਸੂਬਿਆਂ ਵਿੱਚ ਚਲੀ ਗਈ ਸੀ, ਪਰ ਹੁਣ ਇਸ ਸਾਲ ਵੀ ਕੋਰੋਨਾ ਤੇ ਲੌਕਡਾਊਨ ਦੀਆਂ ਖ਼ਬਰਾਂ ਕਰਕੇ ਮਜ਼ਦੂਰ ਬਹੁਤ ਘੱਟ ਗਿਣਤੀ ਵਿੱਚ ਹੀ ਆ ਰਹੇ ਹਨ।
ਨਾ ਸਿਰਫ ਸਥਾਨਕ ਬਲਕਿ ਆਲੇ ਦੁਆਲਿਓਂ ਬਾਹਰੀ ਜ਼ਿਲ੍ਹਿਆਂ ਦੇ ਕਿਸਾਨ ਵੀ ਰੋਜ਼ਾਨਾ ਲੁਧਿਆਣਾ ਰੇਲਵੇ ਸਟੇਸ਼ਨ ਉੱਪਰ ਲੇਬਰ ਦੀ ਭਾਲ ਲਈ ਆਉਂਦੇ ਹਨ। ਕਿਸਾਨ ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਦੁੱਗਣੀਆਂ ਕੀਮਤਾਂ ਅਦਾ ਕਰਨ ਲਈ ਤਿਆਰ ਹਨ, ਇਸ ਦੇ ਬਾਵਜੂਦ ਉਨ੍ਹਾਂ ਨੂੰ ਲੇਬਰ ਨਹੀਂ ਮਿਲ ਪਾ ਰਹੀ। ਜਿਹੜੀ ਲੇਬਰ ਆ ਰਹੀ ਹੈ ਉਹ ਪਹਿਲਾਂ ਤੋਂ ਹੀ ਬੁੱਕ ਹੁੰਦੀ ਹੈ ਜੋ ਕਿ ਸਾਢੇ ਤਿੰਨ ਹਜ਼ਾਰ ਰੁਪਏ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਕਟਾਈ ਲੈ ਰਹੀ ਹੈ ਜੋ ਕਿ ਬੇਹੱਦ ਜ਼ਿਆਦਾ ਹੈ। ਕਿਸਾਨ ਤਾਂ ਪ੍ਰਾਈਵੇਟ ਬੱਸਾਂ ਵਿੱਚ ਵੀ ਲੇਬਰ ਨੂੰ ਮੰਗਵਾਉਣ ਲਈ ਤਿਆਰ ਹਨ, ਉਨ੍ਹਾਂ ਦੀ ਸੀਟ ਤੱਕ ਬੁੱਕ ਕਰਵਾਉਂਦੇ ਹਨ ਪਰ ਇਸਦੇ ਬਾਵਜੂਦ ਵੀ ਲੇਬਰ ਦਾ ਕੋਈ ਭਰੋਸਾ ਨਹੀਂ।
ਪਿਛਲੇ ਦਿਨੀਂ ਕੇਂਦਰ ਸਰਕਾਰ ਵੱਲੋਂ ਰਿਪੋਰਟ ਆਈ ਸੀ ਕਿ ਪੰਜਾਬ ਦੇ ਕਿਸਾਨ ਪਰਵਾਸੀ ਮਜ਼ਦੂਰਾਂ ਨੂੰ ਨਸ਼ੇ ਦੇ ਕੇ ਬੰਧੂਆ ਮਜ਼ਦੂਰੀ ਕਰਵਾਉਂਦੇ ਹਨ। ਇਸ ਦਾ ਖੰਡਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਕਰ ਚੁੱਕੇ ਹਨ ਅਤੇ ਜ਼ਮੀਨੀ ਪੱਧਰ 'ਤੇ ਇਸ ਬਾਰੇ ਦੱਸਦਿਆਂ ਕਿਸਾਨ ਜਸਪਾਲ ਸਿੰਘ ਨੇ ਕਿਹਾ ਕਿ ਉਹ ਨਸ਼ਾ ਨਹੀਂ ਬਲਕਿ ਖਾਣ ਲਈ ਰੋਟੀ ਤੇ ਪੀਣ ਲਈ ਦੁੱਧ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਹ ਮੋਦੀ ਸਰਕਾਰ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਬਜਾਇ ਪੰਜਾਬ ਨੂੰ ਬਦਨਾਮ ਕਰਨ ਦੀਆਂ ਚਾਲਾਂ ਚੱਲ ਰਹੀ ਹੈ।
ਇਸ ਪੂਰੇ ਮਾਮਲੇ ਬਾਰੇ ਜਦ ਸਾਡੀ ਟੀਮ ਨੇ ਬੀਜੇਪੀ ਲੁਧਿਆਣਾ ਦੇ ਪ੍ਰਧਾਨ ਜੀਵਨ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਕਿਸਾਨਾਂ ਦੀ ਹਾਲਾਤ ਦੀ ਜ਼ਿੰਮੇਵਾਰੀ ਦਾ ਭਾਂਡਾ ਪੰਜਾਬ ਸਰਕਾਰ ਸਿਰ ਭੰਨ ਦਿੱਤਾ। ਭਾਜਪਾ ਨੇਤਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਕੋਰੋਨਾ ਕਾਲ ਵਿੱਚ ਲੇਬਰ ਦਾ ਬੁਰਾ ਹਾਲ ਕੀਤਾ, ਜਿਸ ਕਾਰਨ ਅੱਜ ਯੂਪੀ, ਬਿਹਾਰ ਦੀ ਲੇਬਰ ਪੰਜਾਬ ਵਿੱਚ ਆਉਣ ਤੋਂ ਡਰਦੀ ਹੈ ਅਤੇ ਲੇਬਰ ਦੀ ਕਮੀ ਚੱਲ ਰਹੀ ਹੈ।