ਕਿਸਾਨ ਜਥੇਬੰਦੀਆਂ ਦਾ ਭਗਵੰਤ ਮਾਨ ਸਰਕਾਰ ਨੂੰ ਅਲਟੀਮੇਟਮ, 17 ਮਈ ਤੋਂ ਪਹਿਲਾਂ ਕਣਕ 'ਤੇ ਬੋਨਸ ਦਾ ਐਲਾਨ ਨਾ ਹੋਇਆ ਤਾਂ ਚੰਡੀਗੜ੍ਹ 'ਤੇ ਹੋਏਗੀ ਚੜ੍ਹਾਈ
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਦੱਸਿਆ ਕਿ 4 ਮਈ ਨੂੰ ਪੰਜਾਬ ਤੋਂ ਲਖੀਮਪੁਰ ਵੱਲ ਵੱਡਾ ਕਾਫਲਾ ਰਵਾਨਾ ਹੋਵੇਗਾ।
ਰਵਨੀਤ ਕੌਰ ਦੀ ਰਿਪੋਰਟ
Punjab News : ਪੰਜਾਬ ਦੇ ਕਿਸਾਨਾਂ ਨੇ ਕਣਕ 'ਤੇ ਬੋਨਸ (Farmers get bonus on wheat) ਦੇਣ ਨੂੰ ਲੈ ਕੇ ਸਰਕਾਰ ਨੂੰ ਅਲਟੀਮੇਟਮ ਦੇ ਦਿੱਤਾ ਹੈ। ਕਿਸਾਨ ਜਥੇਬੰਦੀਆਂ (Farmers) ਨੇ ਕਿਹਾ ਹੈ ਕਿ ਜੇਕਰ ਸਰਕਾਰ ਨੇ 17 ਮਈ ਤੋਂ ਪਹਿਲਾਂ ਬੋਨਸ ਦਾ ਐਲਾਨ ਨਾ ਕੀਤਾ ਤਾਂ ਉਹ ਸੜਕਾਂ 'ਤੇ ਉੱਤਰ ਆਉਣਗੇ। ਇਸ ਦੇ ਵਿਰੋਧ ਵਿੱਚ ਕਿਸਾਨ ਚੰਡੀਗੜ੍ਹ ਦਾ ਘਿਰਾਓ ਕਰਨਗੇ। ਲਖੀਮਪੁਰ ਹਿੰਸਾ ਮਾਮਲੇ (Lakhimpur violence cases) 'ਚ ਕਿਸਾਨਾਂ ਨੇ 4 ਮਈ ਨੂੰ ਯੂਪੀ ਜਾਣ ਦਾ ਐਲਾਨ ਵੀ ਕੀਤਾ ਹੈ।
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਦੱਸਿਆ ਕਿ 4 ਮਈ ਨੂੰ ਪੰਜਾਬ ਤੋਂ ਲਖੀਮਪੁਰ ਵੱਲ ਵੱਡਾ ਕਾਫਲਾ ਰਵਾਨਾ ਹੋਵੇਗਾ। ਇਸ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਹਰਿਆਣਾ, ਮੱਧ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼ ਆਦਿ ਤੋਂ ਐਸਕੇਐਮ ਆਗੂ ਸ਼ਾਮਲ ਹੋਣਗੇ।
ਲਖੀਮਪੁਰ ਖੀਰੀ 'ਚ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਸਾਂਝਾ ਕਿਸਾਨ ਮੋਰਚਾ ਵੱਲੋਂ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਜਾਵੇਗੀ। ਇਸ ਨਾਲ ਹੀ ਕਿਸਾਨਾਂ ਨਾਲ ਜੇਲ੍ਹ ਵਿੱਚ ਮੁਲਾਕਾਤ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨਾਲ 17 ਅਪ੍ਰੈਲ ਨੂੰ ਮੀਟਿੰਗ ਹੋਈ ਸੀ।
ਇਸ ਵਿੱਚ ਮੁੱਖ ਮੰਤਰੀ ਨੇ ਕਿਸਾਨ ਆਗੂਆਂ ਤੇ ਜਥੇਬੰਦੀਆਂ ਨੂੰ ਭਰੋਸਾ ਦਿੱਤਾ ਸੀ ਕਿ ਕਣਕ ਦੇ ਘੱਟ ਝਾੜ ’ਤੇ ਬੋਨਸ ਦਿੱਤਾ ਜਾਵੇਗਾ ਤੇ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇਗੀ, ਪਰ ਹਾਲੇ ਤੱਕ ਮੁੱਖ ਮੰਤਰੀ ਵੱਲੋਂ ਇਸ ਬਾਰੇ ਕੋਈ ਐਲਾਨ ਨਹੀਂ ਕੀਤਾ ਗਿਆ। ਇਸ ਨੂੰ ਲੈ ਕੇ ਕਿਸਾਨਾਂ ਵਿੱਚ ਰੋਸ ਹੈ। ਕਿਸਾਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨੂੰ ਜਲਦੀ ਲਾਗੂ ਨਾ ਕੀਤਾ ਗਿਆ ਤਾਂ ਪੰਜਾਬ ਦੀਆਂ ਵੱਡੀ ਗਿਣਤੀ ਐਸਕੇਐਮ ਜਥੇਬੰਦੀਆਂ 17 ਮਈ ਨੂੰ ਚੰਡੀਗੜ੍ਹ ਵਿੱਚ ਧਰਨਾ ਦੇਣਗੀਆਂ।