Flood in Punjab: ਹਿਮਾਚਲ ਵੱਲੋਂ ਤਬਾਹੀ ਮਚਾਉਂਦਾ ਆ ਰਿਹਾ ਪਾਣੀ! ਅਗਲੇ 24 ਘੰਟਿਆਂ ਤੱਕ ਖਤਰੇ ਦੀ ਘੰਟੀ
Flood in Punjab: ਹਿਮਾਚਲ ਪ੍ਰਦੇਸ਼ ਤੋਂ ਆ ਰਿਹਾ ਪਾਣੀ ਪੰਜਾਬ ਵਿੱਚ ਤਬਾਹੀ ਮਚਾ ਰਿਹਾ ਹੈ। ਗੁਆਂਢੀ ਸੂਬੇ ਵਿੱਚ ਲਗਾਤਾਰ ਮੀਂਹ ਪੈਣ ਤੇ ਬੱਦਲ ਫਟਣ ਦੀਆਂ ਘਟਨਾਵਾਂ ਕਾਰਨ ਪੌਂਗ ਡੈਮ ਦੇ ਫਲੱਡ ਗੇਟ ਖੋਲ੍ਹਣ ਕਰਕੇ ਅੱਜ ਸਵੇਰੇ 8:00 ...

Flood in Punjab: ਹਿਮਾਚਲ ਪ੍ਰਦੇਸ਼ ਤੋਂ ਆ ਰਿਹਾ ਪਾਣੀ ਪੰਜਾਬ ਵਿੱਚ ਤਬਾਹੀ ਮਚਾ ਰਿਹਾ ਹੈ। ਗੁਆਂਢੀ ਸੂਬੇ ਵਿੱਚ ਲਗਾਤਾਰ ਮੀਂਹ ਪੈਣ ਤੇ ਬੱਦਲ ਫਟਣ ਦੀਆਂ ਘਟਨਾਵਾਂ ਕਾਰਨ ਪੌਂਗ ਡੈਮ ਦੇ ਫਲੱਡ ਗੇਟ ਖੋਲ੍ਹਣ ਕਰਕੇ ਅੱਜ ਸਵੇਰੇ 8:00 ਵਜੇ ਬਿਆਸ ਦਰਿਆ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ। ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਮੰਡ ਵਿਚਲੀਆਂ ਫ਼ਸਲਾਂ ਤੇ ਨੇੜਲੇ ਪਿੰਡਾਂ ਨੂੰ ਖ਼ਤਰਾ ਬਣਿਆ ਹੋਇਆ ਹੈ। ਮੌਸਮ ਵਿਭਾਗ ਨੇ ਅਜੇ ਹੋਰ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ। ਇਸ ਨਾਲ ਹਾਲਾਤ ਹੋਰ ਗੰਭੀਰ ਬਣ ਸਕਦੇ ਹਨ।
ਹਾਸਲ ਜਾਣਕਾਰੀ ਅਨੁਸਾਰ ਅੱਜ ਸਵੇਰੇ 8:00 ਵਜੇ ਤੱਕ ਬਿਆਸ ਦਰਿਆ ’ਤੇ 1.54262 ਕਿਊਸਿਕ ਪਾਣੀ ਚੱਲ ਰਿਹਾ ਸੀ। ਉੱਥੇ ਤਾਇਨਾਤ ਗੇਜ ਰੀਡਰ ਉਮੈਦ ਕੁਮਾਰ ਨੇ ਦੱਸਿਆ ਕਿ ਕੱਲ੍ਹ ਸ਼ਾਮੀਂ 6 ਵਜੇ ਤੱਕ ਬਿਆਸ ਦਰਿਆ ਵਿਚ ਪਾਣੀ ਦਾ ਵਹਾਅ 1,49000 ਕਿਊਸਿਕ ਦੇ ਕਰੀਬ ਸੀ ਜੋ ਖ਼ਤਰੇ ਦੇ ਨਿਸ਼ਾਨ ਤੋਂ ਕਾਫੀ ਉਪਰ ਹੈ। ਹਾਲਾਂਕਿ ਅੱਜ ਸਵੇਰੇ 8 ਵਜੇ ਮੀਟਰ ਦੀ ਰੀਡਿੰਗ 741.60 ਹੋ ਗਈ ਜਿਸ ਮੁਤਾਬਕ 1,54262 ਕਿਉਸਿਕ ਪਾਣੀ ਦਾ ਤੇਜ਼ ਵਹਾਅ ਚੱਲ ਰਿਹਾ ਹੈ, ਜੋ ਖ਼ਤਰੇ ਦੇ ਨਿਸ਼ਾਨ ਤੋਂ 50000 ਕਿਊਸਿਕ ਦੇ ਕਰੀਬ ਵੱਧ ਹੈ।
ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਪਾਣੀ ਧੁੱਸੀ ਬੰਨ੍ਹ ਨਾਲ ਚੱਲਣਾ ਸ਼ੁਰੂ ਹੋ ਚੁੱਕਾ ਹੈ। ਧੁੱਸੀ ਬੰਨ੍ਹ ਦੇ ਅੰਦਰ ਖੇਤਾਂ ਵਿਚਲੀ ਫ਼ਸਲ ਪਾਣੀ ਵਿਚ ਪੂਰੀ ਤਰ੍ਹਾਂ ਡੁੱਬ ਚੁੱਕੀ ਹੈ ਤੇ ਕਈ ਪਿੰਡਾਂ ਨੂੰ ਪਾਣੀ ਨਾਲ ਨੁਕਸਾਨ ਹੋਇਆ ਹੈ। ਨੇੜਲੇ ਪਿੰਡਾ ਦੇ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਉਧਰ, ਅੱਜ ਪੰਜਾਬ ਵਿੱਚ ਮੀਂਹ ਨੂੰ ਲੈ ਕੇ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਤੇ ਰੂਪਨਗਰ ਵਿੱਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਇਹ ਮੌਸਮ ਅਗਲੇ 24 ਘੰਟਿਆਂ ਤੱਕ ਜਾਰੀ ਰਹਿ ਸਕਦਾ ਹੈ।
ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਵਿੱਚ ਮੀਂਹ ਤੋਂ ਬਾਅਦ ਰਣਜੀਤ ਸਾਗਰ ਡੈਮ ਵਿੱਚ ਪਾਣੀ ਦਾ ਪੱਧਰ 527 ਮੀਟਰ ਦੇ ਖ਼ਤਰੇ ਦੇ ਨਿਸ਼ਾਨ 'ਤੇ ਪਹੁੰਚ ਗਿਆ ਹੈ। ਇਸ ਕਾਰਨ ਵਾਧੂ ਪਾਣੀ ਛੱਡਿਆ ਗਿਆ ਹੈ, ਜਿਸ ਕਾਰਨ ਪੰਜਾਬ ਦੇ ਮਾਝਾ ਖੇਤਰ ਵਿੱਚ ਹੜ੍ਹਾਂ ਦਾ ਖ਼ਤਰਾ ਵਧ ਗਿਆ ਹੈ। ਰਾਵੀ ਨਦੀ ਦਾ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ, ਜਿਸ ਕਾਰਨ ਪਠਾਨਕੋਟ-ਜੰਮੂ ਹਾਈਵੇਅ ਪਹਿਲਾਂ ਹੀ ਬੰਦ ਹੈ ਤੇ ਪਠਾਨਕੋਟ ਤੋਂ ਅੰਮ੍ਰਿਤਸਰ ਤੱਕ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਪਠਾਨਕੋਟ ਵਿੱਚ ਸਕੂਲ ਤੇ ਕਾਲਜ ਬੰਦ ਰੱਖੇ ਗਏ ਹਨ।
ਇਸ ਦੇ ਨਾਲ ਹੀ ਪਠਾਨਕੋਟ ਨੂੰ ਹਿਮਾਚਲ ਨਾਲ ਜੋੜਨ ਵਾਲਾ ਪੁਰਾਣਾ ਚੱਕੀ ਪੁਲ ਵੀ ਢਹਿ ਗਿਆ। ਇਸ ਦੇ ਨਾਲ ਹੀ ਜੰਮੂ-ਪਠਾਨਕੋਟ ਸੜਕ 'ਤੇ ਸਹਾਰ ਖੱਡ 'ਤੇ ਬਣਿਆ ਪੁਲ ਵੀ ਟੁੱਟ ਗਿਆ ਹੈ। ਅਜਨਾਲਾ ਵਿੱਚ ਲੋਕਾਂ ਨੂੰ ਦਰਿਆ ਦੇ ਨੇੜੇ ਜਾਣ ਤੋਂ ਵਰਜਿਤ ਕੀਤਾ ਗਿਆ ਹੈ। ਗੁਰਦਾਸਪੁਰ ਵਿੱਚ, ਰਾਵੀ, ਉੱਜ ਤੇ ਚੱਕੀ ਨਦੀਆਂ ਵਿੱਚ ਪਾਣੀ ਵਧਣ ਕਾਰਨ, ਕਈ ਇਲਾਕਿਆਂ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਦੀਨਾਨਗਰ ਵਿੱਚ, ਰਾਵੀ ਤੇ ਉੱਜ ਨਦੀਆਂ ਦੇ ਸੰਗਮ, ਮਕੋਡਾ ਪਾਟਨ ਵਿੱਚ ਪਾਣੀ ਭਰ ਗਿਆ ਹੈ ਤੇ ਪਾਕਿਸਤਾਨ ਸਰਹੱਦ 'ਤੇ ਸੱਤ ਪਿੰਡ ਤੂਰ, ਚੇਬੇ, ਮਾਮੀ ਚੱਕ ਰੰਗਾ, ਭਰਿਆਲ, ਲਾਸੀਆਂ, ਝੁੰਬਰ ਤੇ ਕਾਜਲਾ ਦਾ ਬਾਕੀ ਇਲਾਕੇ ਨਾਲ ਸੰਪਰਕ ਟੁੱਟ ਗਿਆ ਹੈ।
ਰਾਵੀ-ਬਿਆਸ ਦਰਿਆਵਾਂ ’ਚ ਪਾਣੀ ਦਾ ਤੇਜ਼ ਵਹਾਅ ਪੰਜਾਬ ਲਈ ਖ਼ਤਰੇ ਦੀ ਘੰਟੀ ਬਣ ਗਿਆ ਹੈ। ਸੂਬੇ ਦੇ ਕਰੀਬ ਦਰਜਨ ਜ਼ਿਲ੍ਹਿਆਂ ’ਚ ਐਤਵਾਰ ਨੂੰ ਭਾਰੀ ਬਾਰਸ਼ ਹੋਈ ਜਿਸ ਨਾਲ ਚੋਆਂ ਦਾ ਪਾਣੀ ਇਕੱਠਾ ਹੋ ਕੇ ਦਰਿਆਵਾਂ ’ਚ ਮਿਲਣ ਲੱਗ ਪਿਆ ਹੈ। ਪੌਂਗ ਡੈਮ ’ਚੋਂ ਬਿਆਸ ਦਰਿਆ ’ਚ ਸਿਰਫ਼ 20 ਹਜ਼ਾਰ ਕਿਊਸਕ ਪਾਣੀ ਛੱਡਣ ਦੇ ਬਾਵਜੂਦ ਬਿਆਸ ਦਰਿਆ ’ਚ ਚੋਆਂ ਦੇ ਪਾਣੀ ਅਤੇ ਚੱਕੀ ਨਦੀ ਦੇ ਪਾਣੀ ਨੇ ਤਬਾਹੀ ਮਚਾ ਦਿੱਤੀ ਹੈ। ਇਸ ਦੌਰਾਨ ਰਣਜੀਤ ਸਾਗਰ ਡੈਮ ’ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਹੈ।






















