BJP Vs Congress: ਭਾਜਪਾ ਛੱਡ ਮੁੜ ਕਾਂਗਰਸ 'ਚ ਵਾਪਸ ਆਏ ਸਾਬਕਾ ਮੰਤਰੀ ਦਾ ਸਟੇਜ ਤੋਂ ਵੱਡਾ ਐਲਾਨ
Former Cabinet Minister, - ਪੰਜਾਬ ਵਿਚ ਕਾਂਗਰਸ ਪਾਰਟੀ ਪੂਰੀ ਤਰਾਂ ਇਕਜੁੱਟ ਤੇ ਮਜ਼ਬੂਤ ਹੋਣ ਸਦਕਾ ਲੋਕ ਸਭਾ ਚੋਣਾਂ ਵਿਚ ਸਾਰੀਆਂ ਦੀਆਂ ਸਾਰੀਆਂ ਸੀਟਾਂ ਉਤੇ ਜਿੱਤ ਪ੍ਰਾਪਤ ਕਰੇਗੀ। ਉਹਨਾਂ ਕਿਹਾ ਕਿ ਸੂਬੇ ਦੇ ਲੋਕਾਂ ਦਾ ਹਰ ਫਰੰਟ ਉਤੇ
ਚੰਡੀਗੜ੍ਹ : ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਮੁੜ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਪੱਚੀ ਸੈਕਟਰ ਦੇ ਰੈਲੀ ਗਰਾਊਂਡ ਵਿਚ ਪਾਰਟੀ ਵਰਕਰਾਂ ਅਤੇ ਮੋਹਾਲੀ ਹਲਕੇ ਦੇ ਲੋਕਾਂ ਦੇ ਇਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਅਗਲ੍ਹੇ ਵਰ੍ਹੇ ਹੋਣ ਵਾਲੀ ਲੋਕ ਸਭਾ ਚੋਣ ਭਾਰੀ ਬਹੁਮੱਤ ਨਾਲ ਜਿੱਤੇਗੀ। ਉਹਨਾਂ ਕਿਹਾ ਕਿ ਪੂਰੇ ਮੁਲਕ ਵਿਚ ਕਾਂਗਰਸ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਦੇ ਗਠਜੋੜ ‘ਇੰਡੀਆ’ ਦੇ ਹੱਕ ਵਿਚ ਹਵਾ ਚੱਲ ਪਈ ਹੈ।
ਸਿੱਧੂ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਪਾਰਟੀ ਪੂਰੀ ਤਰਾਂ ਇਕਜੁੱਟ ਤੇ ਮਜ਼ਬੂਤ ਹੋਣ ਸਦਕਾ ਲੋਕ ਸਭਾ ਚੋਣਾਂ ਵਿਚ ਸਾਰੀਆਂ ਦੀਆਂ ਸਾਰੀਆਂ ਸੀਟਾਂ ਉਤੇ ਜਿੱਤ ਪ੍ਰਾਪਤ ਕਰੇਗੀ। ਉਹਨਾਂ ਕਿਹਾ ਕਿ ਸੂਬੇ ਦੇ ਲੋਕਾਂ ਦਾ ਹਰ ਫਰੰਟ ਉਤੇ ਫੇਲ੍ਹ ਹੋ ਚੁੱਕੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਮੋਹ ਭੰਗ ਹੋ ਚੁੱਕਿਆ ਹੈ ਅਤੇ ਉਹ ਹੁਣ ਮੁੜ ਕਾਂਗਰਸ ਪਾਰਟੀ ਵੱਲ ਹੀ ਵੇਖ ਰਹੇ ਹਨ। ਉਹਨਾਂ ਹੋਰ ਕਿਹਾ ਕਿ ਕਾਂਗਰਸ ਪਾਰਟੀ ਹੀ ਪੰਜਾਬ ਦੇ ਹਿੱਤਾਂ ਦੀ ਰਾਖੀ ਕਰ ਸਕਦੀ ਹੈ ਅਤੇ ਸੂਬੇ ਦਾ ਸਰਬਪੱਖੀ ਵਿਕਾਸ ਕਰ ਸਕਦੀ ਹੈ।
ਸਾਬਕਾ ਸਿਹਤ ਮੰਤਰੀ ਨੇ ਕਿਹਾ ਕਿ ਹਲਕੇ ਦੇ ਲੋਕਾਂ ਦਾ ਪਿਆਰ ਅਤੇ ਕਾਂਗਰਸ ਦੀਆਂ ਧਰਮ-ਨਿਰਪੱਖ, ਲੋਕ-ਪੱਖੀ ਅਤੇ ਸਮਾਜ ਨੂੰ ਜੋੜਣ ਵਾਲੀਆਂ ਨੀਤੀਆਂ ਹੀ ਉਹਨਾਂ ਨੂੰ ਮੁੜ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਲਈ ਲੈ ਕੇ ਆਈਆਂ ਹਨ। ਉਹਨਾਂ ਕਿਹਾ ਕਿ ਜਿਸ ਤਰਾਂ ਪਹਿਲਾਂ ਉਨਾਂ ਨੇ ਚਾਲੀ ਸਾਲ ਪਾਰਟੀ ਨੂੰ ਮਜ਼ਬੂਤ ਕਰਨ ਲਈ ਲਾਏ ਹਨ ਉਸ ਤਰਾਂ ਹੀ ਉਹ ਪੂਰੀ ਤਨਦੇਹੀ ਨਾਲ ਪਾਰਟੀ ਦੀ ਮਜ਼ਬੁਤੀ ਲਈ ਕੰਮ ਕਰਨਗੇ।
ਇਥੇ ਇਹ ਵਰਣਨਯੋਗ ਹੈ ਕਿ ਸਿੱਧੂ ਮੋਹਾਲੀ ਵਿਧਾਨ ਸਭਾ ਹਲਕੇ ਮੋਹਾਲੀ ਤੋਂ ਲਗਾਤਾਰ ਤਿੰਨ ਵਾਰ ਜਿੱਤ ਕੇ 2007 ਤੋਂ 2022 ਤੱਕ ਪੰਜਾਬ ਵਿਧਾਨ ਸਭਾ ਦੇ ਮੈਂਬਰ ਰਹੇ ਹਨ। ਕੈਪਟਨ ਅਮਰਿੰਦਰ ਸਿੰਹ ਦੀ ਸਰਕਾਰ ਵਿਚ ਪਹਿਲਾਂ ਉਹ ਪਸ਼ੂ ਪਾਲਣ ਮੰਤਰੀ ਅਤੇ ਬਾਅਦ ਵਿਚ ਸਿਹਤ ਮੰਤਰੀ ਰਹੇ ਹਨ। ਕਰੋਨਾ ਕਾਲ ਸਮੇਂ ਉਹਨਾਂ ਨੇ ਸਿਹਤ ਮੰਤਰੀ ਹੁੰਦਿਆਂ ਪੰਜਾਬ ਵਿਚ ਇਸ ਬੀਮਾਰੀ ਨੂੰ ਕੰਟਰੋਲ ਕਰਨ ਵਿਚ ਬਹੁਤ ਕੰਮ ਕੀਤਾ ਸੀ ਜਿਸ ਦੀ ਤਾਰੀਫ ਮੁਲਕ ਦੇ ਪ੍ਰਧਾਨ ਮੰਤਰੀ ਨੇ ਵੀ ਕੀਤੀ ਸੀ। ਇਸ ਤੋਂ ਪਹਿਲਾਂ ਉਹ ਪੰਜਾਬ ਯੂਥ ਕਾਂਗਰਸ ਦੇ ਵੀ ਪ੍ਰਧਾਨ ਰਹੇ ਹਨ।
ਇਸ ਮੌਕੇ ਮੋਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਸਿੱਧੂ ਅਤੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਸਮੇਤ ਤਕਰੀਬਨ ਤਿੰਨ ਦਰਜਨ ਤੋਂ ਵੱਧ ਨਿਗਮ ਕੌਂਸਲਰ ਹਾਜ਼ਰ ਸਨ। ਇਸੇ ਤਰਾਂ ਹੀ ਮਾਰਕਿਟ ਕਮੇਟੀ ਮੋਹਾਲੀ ਦੇ ਚੇਅਰਮੈਨ ਰਕੇਸ਼ ਚੰਦ ਮੱਛਲੀ ਕਲਾਂ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਪੰਚ ਸਰਪੰਚ ਹਾਜ਼ਰ ਸਨ।