ਸਾਬਕਾ ਸੀਐਮ ਚਰਨਜੀਤ ਚੰਨੀ ਵਾਲੀ ਬੱਕਰੀ ਮੁੜ ਚਰਚਾ 'ਚ, ਨਵਾਂ ਮਾਲਕ ਮੁੜ ਮੁਸੀਬਤ 'ਚ ਘਿਰਿਆ
ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਚੋਈ ਗਈ ਬੱਕਰੀ ਦੇ ਚਰਚੇ ਅਜੇ ਵੀ ਜਾਰੀ ਹਨ। ਹੁਣ ਇਹ ਬੱਕਰੀ ਮੁੜ ਚਰਚਾ ਵਿੱਚ ਆਈ ਹੈ ਜਦੋਂ ਇਸ ਦਾ ਨਵਾਂ ਮਾਲਕ ਕਸੂਤਾ ਘਿਰ ਗਿਆ ਹੈ।
ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਚੋਈ ਗਈ ਬੱਕਰੀ ਦੇ ਚਰਚੇ ਅਜੇ ਵੀ ਜਾਰੀ ਹਨ। ਹੁਣ ਇਹ ਬੱਕਰੀ ਮੁੜ ਚਰਚਾ ਵਿੱਚ ਆਈ ਹੈ ਜਦੋਂ ਇਸ ਦਾ ਨਵਾਂ ਮਾਲਕ ਕਸੂਤਾ ਘਿਰ ਗਿਆ ਹੈ। ਸੋਸ਼ਲ ਮੀਡੀਆ ਉੱਪਰ ਦਿਲਚਸਪ ਚਰਚਾ ਜਾਰੀ ਹੈ। ਚਰਨਜੀਤ ਚੰਨੀ ਵੱਲੋਂ ਚੋਈ ਗਈ ਬੱਕਰੀ ਨੂੰ ਸਿਹਤ ਵਿਭਾਗ ਤੋਂ ਮੁਅੱਤਲ ਹੋ ਚੁੱਕੇ ਪਰਮਜੀਤ ਸਿੰਘ ਨੇ ਖਰੀਦਿਆ ਸੀ।
ਦੱਸ ਦਈਏ ਕਿ ਉਸ ਨੂੰ ਬੱਕਰੀ ਖਰੀਦਣ ਮਗਰੋਂ ਪਰਿਵਾਰਕ ਝਗੜੇ ਸਬੰਧੀ ਹਵਾਲਾਤ ਦੀ ਹਵਾ ਖਾਣੀ ਪੈ ਗਈ ਸੀ। ਹੁਣ ਉਸ ਖ਼ਿਲਾਫ਼ ਡੀਸੀ ਰੂਪਨਗਰ ਦੇ ਜਾਅਲੀ ਦਸਤਖਤ ਕਰਕੇ ਇੱਕ ਲੜਕੀ ਨੂੰ ਨੌਕਰੀ ਦਿਵਾਉਣ ਦਾ ਯਤਨ ਕਰਨ ਦੇ ਦੋਸ਼ ਹੇਠ ਕੇਸ ਦਰਜ ਹੋਇਆ ਹੈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਦਰਅਸਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਜੜੀ ਦੇ ਇੱਜੜ ਕੋਲ ਕਾਫ਼ਲਾ ਰੋਕ ਕੇ ਇੱਕ ਬੱਕਰੀ ਚੋਈ, ਜਿਸ ਮਗਰੋਂ ਇਹ ਬੱਕਰੀ ਚਰਚਾ ਵਿੱਚ ਆ ਗਈ ਸੀ। ਚੋਣਾਂ ਮਗਰੋਂ ਇਸ ਬੱਕਰੀ ਨੂੰ ਵਿਧਾਨ ਸਭਾ ਹਲਕਾ ਚਮੌਕਰ ਸਾਹਿਬ ਹਲਕੇ ਨਾਲ ਸਬੰਧਤ ਪਰਮਜੀਤ ਸਿੰਘ ਨੇ ਖ਼ਰੀਦ ਲਿਆ ਸੀ।
ਮੁੱਖ ਅਫ਼ਸਰ ਥਾਣਾ ਸਿਟੀ ਰੂਪਨਗਰ ਏਐਸਪੀ ਰਣਧੀਰ ਕੁਮਾਰ ਆਈਪੀਐਸ ਨੇ ਦੱਸਿਆ ਕਿ ਮਨਪ੍ਰੀਤ ਕੌਰ ਨਾਂ ਦੀ ਮਹਿਲਾ ਬਤੌਰ ਆਊਟਸੋਰਸ ਕਲਰਕ ਰੂਪਨਗਰ ਦੇ ਡੀਸੀ ਦਫ਼ਤਰ ਵਿੱਚ ਕੰਮ ਕਰਦੀ ਸੀ, ਜਿਸ ਦੀਆਂ ਸੇਵਾਵਾਂ ਵਿਧਾਨ ਸਭਾ ਚੋਣਾਂ ਦੌਰਾਨ ਸਮਾਪਤ ਕਰ ਦਿੱਤੀਆਂ ਗਈਆਂ ਸਨ। ਸਾਬਕਾ ਕਲਰਕ ਜਦੋਂ ਆਪਣੀ ਨੌਕਰੀ ਦੀ ਬਹਾਲੀ ਲਈ ਰੂਪਨਗਰ ਦੇ ਡੀਸੀ ਦਫ਼ਤਰ ਗਈ ਤਾਂ ਉਸ ਦੀ ਮੁਲਾਕਾਤ ਮੁਲਜ਼ਮ ਪਰਮਜੀਤ ਸਿੰਘ ਵਾਸੀ ਫਿਰੋਜ਼ਪੁਰ ਥਾਣਾ ਸ੍ਰੀ ਚਮਕੌਰ ਸਾਹਿਬ ਨਾਲ ਹੋਈ, ਜਿਸ ਨੇ ਉਸ ਨੂੰ ਨੌਕਰੀ ਬਹਾਲ ਕਰਵਾਉਣ ਦਾ ਭਰੋਸਾ ਦਿੱਤਾ ਤੇ ਪਹਿਲੀ ਜੂਨ ਨੂੰ ਆ ਕੇ ਨੌਕਰੀ ’ਤੇ ਬਹਾਲੀ ਦੇ ਹੁਕਮ ਲਿਜਾਣ ਸਬੰਧੀ ਕਿਹਾ।
ਉਨ੍ਹਾਂ ਦੱਸਿਆ ਕਿ ਪਹਿਲੀ ਜੂਨ ਨੂੰ ਮੁਲਜ਼ਮ ਨੇ ਮਨਪ੍ਰੀਤ ਕੌਰ ਨੂੰ ਉਸ ਦੀ ਨੌਕਰੀ ਬਹਾਲ ਕਰਨ ਉਪਰੰਤ ਐਸਡੀਐਮ ਦਫ਼ਤਰ ਸ੍ਰੀ ਆਨੰਦਪੁਰ ਸਾਹਿਬ ਦੀ ਬਦਲੀ ਦਾ ਪੱਤਰ ਦੇ ਦਿੱਤਾ। ਮਨਪ੍ਰੀਤ ਸ੍ਰੀ ਆਨੰਦਪੁਰ ਸਾਹਿਬ ਦੇ ਐਸਡੀਐਮ ਦਫ਼ਤਰ ਪੁੱਜੀ ਤਾਂ ਸੁਪਰਡੈਂਟ ਅਮਰੀਕ ਸਿੰਘ ਨੂੰ ਨਿਯੁਕਤੀ ਪੱਤਰ ’ਤੇ ਸ਼ੱਕ ਹੋਇਆ। ਉਨ੍ਹਾਂ ਡੀਸੀ ਦਫ਼ਤਰ ਤੋਂ ਜਾਂਚ ਕਰਵਾਈ ਤਾਂ ਪੱਤਰ ਜਾਅਲੀ ਨਿਕਲਿਆ।
ਇਸ ਮਗਰੋਂ ਮਨਪ੍ਰੀਤ ਕੌਰ ਦੀ ਸ਼ਿਕਾਇਤ ’ਤੇ ਮੁਲਜ਼ਮ ਪਰਮਜੀਤ ਸਿੰਘ ਖ਼ਿਲਾਫ਼ ਥਾਣਾ ਸਿਟੀ ਰੂਪਨਗਰ ਵਿੱਚ 3 ਜੂਨ ਨੂੰ ਧੋਖਾਧੜੀ ਦੇ ਦੋਸ਼ ਹੇਠ ਕੇਸ ਦਰਜ ਕੀਤਾ ਸੀ। ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਸਨ। ਇਸ ਦੌਰਾਨ ਪੁਲੀਸ ਨੇ ਅੱਜ ਪਰਮਜੀਤ ਸਿੰਘ ਨੂੰ ਖਰੜ ਤੋਂ ਕਾਬੂ ਕਰਕੇ ਰੂਪਨਗਰ ਦੀ ਅਦਾਲਤ ਵਿੱਚ ਪੇਸ਼ ਕੀਤਾ, ਜਿਸ ਮਗਰੋਂ ਅਦਾਲਤ ਨੇ ਮੁਲਜ਼ਮ ਨੂੰ ਰਿਮਾਂਡ ’ਤੇ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ: 8 ਦਿਨ ਬਾਅਦ ਵੀ ਮੂਸੇਵਾਲਾ ਕਤਲ ਕੇਸ ਇੱਕ ਰਾਜ਼, ਪੰਜਾਬ ਪੁਲਿਸ ਨੇ ਕੀਤਾ 'ਕਾਲਾ' ਨੂੰ ਗ੍ਰਿਫਤਾਰ, ਉੱਠ ਰਹੇ ਇਹ ਸਵਾਲ