Sunil Jakhar Joins BJP: ਕਾਂਗਰਸ ਨੂੰ ਝਟਕਾ ਦੇ ਬੀਜੇਪੀ 'ਚ ਸ਼ਾਮਲ ਹੋਏ ਸੁਨੀਲ ਜਾਖੜ
ਕਾਂਗਰਸ ਨਾਲ ਲੰਬੇ ਸਮੇਂ ਦਾ ਨਾਤਾ ਤੋੜਣ ਮਗਰੋਂ ਸੁਨੀਲ ਜਾਖੜ ਬੀਜੇਪੀ 'ਚ ਸ਼ਾਮਲ ਹੋ ਗਏ ਹਨ।
ਚੰਡੀਗੜ੍ਹ: ਕਾਂਗਰਸ ਨਾਲ ਲੰਬੇ ਸਮੇਂ ਦਾ ਨਾਤਾ ਤੋੜਣ ਮਗਰੋਂ ਸੁਨੀਲ ਜਾਖੜ ਬੀਜੇਪੀ 'ਚ ਸ਼ਾਮਲ ਹੋ ਗਏ ਹਨ। ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਉਨ੍ਹਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ। ਕਾਂਗਰਸ ਨਾਲ ਮੱਤਭੇਦਾਂ ਮਗਰੋਂ ਜਾਖੜ ਨੇ ਕਾਂਗਰਸ ਛੱਡ ਦਿੱਤੀ ਸੀ। ਸੂਤਰਾਂ ਮੁਤਾਬਕ ਸੁਮੀਲ ਜਾਖੜ ਦੇ ਭਾਜਪਾ 'ਚ ਸ਼ਾਮਲ ਹੋਣ ਦਾ ਫੈਸਲਾ ਕੱਲ੍ਹ ਹੀ ਲੈ ਲਿਆ ਗਿਆ ਸੀ। ਕਾਂਗਰਸ ਨੂੰ ਅਲਵਿਦਾ ਕਹਿਣ ਵਾਲੇ ਜਾਖੜ ਨੇ ਬੁੱਧਵਾਰ ਨੂੰ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਜਾਖੜ ਇਨ੍ਹੀਂ ਦਿਨੀਂ ਦਿੱਲੀ 'ਚ ਹਨ। ਉਨ੍ਹਾਂ ਦੇ ਬੀਜੇਪੀ ਵਿੱਚ ਜਾਣ ਦੀ ਕਾਫੀ ਦਿਨਾਂ ਤੋਂ ਚਰਚਾ ਸੀ।
ਸੂਤਰਾਂ ਮੁਤਾਬਕ ਭਾਜਪਾ ਜਾਖੜ ਨੂੰ ਰਾਜ ਸਭਾ 'ਚ ਵੀ ਭੇਜ ਸਕਦੀ ਹੈ। ਇਸ ਦੇ ਨਾਲ ਹੀ ਭਾਜਪਾ ਜਾਖੜ ਹੱਥ ਪੰਜਾਬ ਦੀ ਵਾਗਡੋਰ ਦੇ ਸਕਦੀ ਹੈ। ਸੂਤਰਾਂ ਦੀ ਮੰਨੀਏ ਤਾਂ ਲੰਬੇ ਸਮੇਂ ਤੋਂ ਸੂਬੇ ਦੀ ਰਾਜਨੀਤੀ ਕਰ ਰਹੇ ਜਾਖੜ ਹੁਣ ਰਾਸ਼ਟਰੀ ਰਾਜਨੀਤੀ ਵਿੱਚ ਆਪਣਾ ਹੱਥ ਅਜ਼ਮਾਉਣਾ ਚਾਹੁੰਦੇ ਹਨ।
ਦਰਅਸਲ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਸੁਨੀਲ ਜਾਖੜ ਕਾਂਗਰਸ ਤੋਂ ਨਾਰਾਜ਼ ਚੱਲ ਰਹੇ ਸਨ। ਉਨ੍ਹਾਂ ਕਈ ਵਾਰ ਇਸ ਗੱਲ ਦਾ ਸੰਕੇਤ ਵੀ ਦਿੱਤਾ ਸੀ ਪਰ ਆਖਰਕਾਰ 14 ਮਈ ਨੂੰ ਜਾਖੜ ਨੇ ਪਾਰਟੀ ਨੂੰ ਖਰੀਆਂ-ਖਰੀਆਂ ਸੁਣਾਉਂਦਿਆਂ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ।
ਸੁਨੀਲ ਜਾਖੜ ਨੇ 14 ਮਈ ਨੂੰ ਕਾਂਗਰਸ ਨੂੰ ਅਲਵਿਦਾ ਕਹਿੰਦਿਆਂ ਦਿਲ ਦੀ ਗੱਲ ਲੋਕਾਂ ਨਾਲ ਸਾਂਝੀ ਕੀਤੀ ਸੀ। ਇਸ ਦੌਰਾਨ ਜਾਖੜ ਨੇ ਕਾਂਗਰਸ ਦੇ ਸੀਨੀਅਰ ਲੀਡਰਾਂ ਉੱਪਰ ਕਈ ਸਵਾਲ ਉਠਾਏ ਸੀ। ਰਾਜਸਥਾਨ ਦੇ ਉਦੈਪੁਰ 'ਚ ਕਾਂਗਰਸ ਦੇ ਚਿੰਤਨ ਸ਼ਿਵਿਰ ਦੇ ਵਿਚਕਾਰ ਸੁਨੀਲ ਜਾਖੜ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਸੀ।
ਇਸ ਦੌਰਾਨ ਉਨ੍ਹਾਂ ਨੇ ਕਿਹਾ ਸੀ ਕਿ ਅੱਜ ਕਾਂਗਰਸ ਪਾਰਟੀ ਹੀ ਮੰਜੇ 'ਤੇ ਨਜ਼ਰ ਆ ਰਹੀ ਹੈ। ਕਾਂਗਰਸ ਪਾਰਟੀ ਨੂੰ ਸ਼ੁਭਕਾਮਨਾਵਾਂ ਤੇ ਅਲਵਿਦਾ। ਸੁਨੀਲ ਜਾਖੜ ਨੇ ਆਪਣੇ ਅਧਿਕਾਰਤ ਫੇਸਬੁੱਕ ਪੇਜ ਤੋਂ ਲਾਈਵ ਹੋ ਕੇ ਕਾਂਗਰਸ ਛੱਡਣ ਦਾ ਐਲਾਨ ਕੀਤਾ ਸੀ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਾਂਗਰਸ 'ਚ ਜਾਤੀ ਸਮੀਕਰਨ ਨੂੰ ਧਿਆਨ 'ਚ ਰੱਖ ਕੇ ਕੀਤੀ ਜਾ ਰਹੀ ਸਿਆਸਤ 'ਤੇ ਸਵਾਲ ਉਠਾਏ ਤੇ ਹਾਈਕਮਾਂਡ 'ਤੇ ਵੀ ਨਿਸ਼ਾਨਾ ਸਾਧਿਆ।