ਪੜਚੋਲ ਕਰੋ
ਪੱਤਰਕਾਰ ਗੌਰੀ ਲੰਕੇਸ਼ ਦੇ ਕਾਤਲਾਂ 'ਤੇ ਸ਼ਿਕੰਜ਼ਾ ਕਦੋਂ, ਪੰਜਾਬ 'ਚੋਂ ਉੱਠੀ ਆਵਾਜ਼

ਚੰਡੀਗੜ੍ਹ: ਬੈਂਗਲੁਰੂ ਵਿੱਚ ਸਮਾਜਿਕ ਕਾਰਕੁਨ ਤੇ ਸੀਨੀਅਰ ਕੰਨੜ ਪੱਤਰਕਾਰ ਗੌਰੀ ਲੰਕੇਸ਼ ਦੇ ਬੁਜ਼ਦਿਲਾਨਾ ਤੇ ਘਿਣਾਉਣੇ ਕਤਲ ਦੀ ਪੰਜਾਬ ਵਿੱਚ ਜਮਹੂਰੀ ਜਥੇਬੰਦੀਆਂ ਵੱਲੋਂ ਸਖ਼ਤ ਨਿਖੇਧੀ ਹੋ ਰਹੀ ਹੈ। ਪ੍ਰੈੱਸ ਬਿਆਨ ਜਾਰੀ ਕਰਦਿਆਂ ਲੋਕ ਚੇਤਨਾ ਮੰਚ ਦੇ ਪ੍ਰਧਾਨ ਗਿਆਨ ਚੰਦ ਸ਼ਰਮਾ, ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਨਾਮਦੇਵ ਸਿੰਘ ਭੁਟਾਲ, ਲਾਲ ਪਰਚਮ ਦੇ ਸੰਪਾਦਕ ਰਣਜੀਤ ਲਹਿਰਾ, ਮਾਲਵਾ ਹੇਕ ਦੇ ਨਿਰਦੇਸ਼ਕ ਜਗਦੀਸ਼ ਪਾਪੜਾ, ਡੀ.ਟੀ.ਐਫ. ਦੇ ਆਗੂ ਮਾ. ਹਰਭਗਵਾਨ ਗੁਰਨੇ, ਨੌਜਵਾਨ ਆਗੂ ਰਣਦੀਪ ਸੰਗਤਪੁਰਾ ਨੇ ਕਿਹਾ ਕਿ ਇਸ ਸਿਰਕੱਢ ਸ਼ਖਸੀਅਤ ਦਾ ਕਤਲ ਉਸੇ ਤਰੀਕੇ ਨਾਲ ਹੋਇਆ ਜਿਵੇਂ ਬੀਤੇ ਵਿਚ ਮਹਾਰਾਸ਼ਟਰ ਵਿੱਚ ਡਾ. ਨਰਿੰਦਰ ਡਭੋਲਕਰ ਤੇ ਗੋਬਿੰਦ ਪਾਨਸਰੇ ਤੇ ਕਰਨਾਟਕਾ ਵਿੱਚ ਡਾ. ਕਲਬੁਰਗੀ ਦੇ ਕਤਲ ਕੀਤੇ ਗਏ ਸਨ। ਨਿਸ਼ਚੇ ਹੀ ਗੌਰੀ ਲੰਕੇਸ਼ ਦੇ ਕਤਲ ਪਿੱਛੇ ਵੀ ਉਹੀ ਤਾਕਤਾਂ ਕੰਮ ਰਹੀਆਂ ਹਨ ਜੋ ਪਹਿਲਾਂ ਹੀ ਕਰਨਾਟਕਾ ਤੇ ਮਹਾਰਾਸ਼ਟਰ ਵਿੱਚ ਤਿੰਨ ਉੱਘੇ ਬੁੱਧੀਜੀਵੀਆਂ ਦੀ ਜਾਨ ਲੈ ਚੁੱਕੀਆਂ ਹਨ। ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਵੱਲੋਂ ਪਹਿਲੇ ਕਤਲਾਂ ਦੀ ਸਹੀ ਜਾਂਚ ਨਾ ਕਰਵਾਏ ਜਾਣ ਕਾਰਨ ਰੂੜ੍ਹੀਵਾਦੀ ਫਾਸ਼ੀਵਾਦੀ ਗਰੋਹਾਂ ਦੇ ਹੌਸਲੇ ਬੁਲੰਦ ਹਨ। ਰਾਜਕੀ ਸਰਪ੍ਰਸਤੀ ਤੋਂ ਉਤਸ਼ਾਹਤ ਹੋ ਕੇ ਉਹ ਇੱਕ ਹੋਰ ਮਨੁੱਖਤਾਵਾਦੀ ਚਿੰਤਕ ਨੂੰ ਕਤਲ ਕਰਨ ਵਿੱਚ ਕਾਮਯਾਬ ਹੋ ਗਏ। ਜਥੇਬੰਦੀਆਂ ਦੇ ਆਗੂ ਮੁਤਾਬਕ ਗੌਰੀ ਲੰਕੇਸ਼ ਹਿੰਦੂਤਵੀ ਫਾਸ਼ੀਵਾਦ ਦੀਆਂ ਮਨੁੱਖਤਾ ਵਿਰੋਧੀ ਸਾਜ਼ਿਸ਼ਾਂ ਵਿਰੁੱਧ ਤੇ ਦੱਬੇ-ਕੁਚਲੇ ਸਮਾਜਿਕ ਹਿੱਸਿਆਂ ਦੇ ਹੱਕ ਵਿੱਚ ਲਗਾਤਾਰ ਧੜੱਲੇ ਨਾਲ ਆਵਾਜ਼ ਉਠਾਉਣ ਵਾਲੀ ਬਹੁਤ ਹੀ ਦਲੇਰ ਤੇ ਬੇਬਾਕ ਸ਼ਖਸੀਅਤ ਸਨ। ਇਸੇ ਕਾਰਨ ਲੰਮੇ ਸਮੇਂ ਤੋਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਸ ਦੀ ਆਵਾਜ਼ ਨੂੰ ਦਬਾਉਣ ਲਈ ਉਸ ਨੂੰ ਝੂਠੇ ਕੇਸਾਂ ਵਿੱਚ ਉਲਝਾਇਆ ਗਿਆ ਪਰ ਉਸ ਨੇ ਧਮਕੀਆਂ ਤੇ ਝੂਠੇ ਕੇਸਾਂ ਦੀ ਪ੍ਰਵਾਹ ਨਾ ਕਰਦੇ ਹੋਏ ਵਿਚਾਰਾਂ ਦੀ ਆਜ਼ਾਦੀ ਦੀ ਰਾਖੀ ਕਰਨ ਦੇ ਨਾਲ-ਨਾਲ ਹਿੰਦੂਤਵੀ ਫਾਸ਼ੀਵਾਦੀ ਤੇ ਹਰ ਤਰ੍ਹਾਂ ਦੀਆਂ ਪਿਛਾਖੜੀ ਤਾਕਤਾਂ ਵਿਰੁੱਧ ਦਲੇਰੀ ਨਾਲ ਮੁਹਿੰਮ ਜਾਰੀ ਰੱਖੀ। ਆਗੂਆਂ ਨੇ ਕਿਹਾ ਕਿ ਉਸਦਾ ਦੱਬੇ ਕੁਚਲੇ ਲੋਕਾਂ ਦੇ ਮੁੱਦਿਆਂ ਨੂੰ ਉਠਾਉਣ ਵਿੱਚ ਅਹਿਮ ਯੋਗਦਾਨ ਸੀ। ਉਹ ਕਰਨਾਟਕਾ ਤੇ ਮੁਲਕ ਦੇ ਹੋਰ ਹਿੱਸਿਆਂ ਵਿਚ ਘੱਟ ਗਿਣਤੀਆਂ ਲਈ ਆਵਾਜ਼ ਉਠਾਉਣ ਵਿੱਚ ਹਮੇਸ਼ਾ ਮੂਹਰਲੀਆਂ ਸਫ਼ਾਂ ਵਿੱਚ ਰਹਿੰਦੇ ਸਨ। ਉਸ ਨੇ ਰਾਣਾ ਅਯੂਬ ਦੀ ਮਸ਼ਹੂਰ ਕਿਤਾਬ 'ਗੁਜਰਾਤ ਫ਼ਾਈਲਾਂ' ਦਾ ਕੰਨੜ ਭਾਸ਼ਾ ਵਿੱਚ ਅਨੁਵਾਦ ਕਰਕੇ ਹਿੰਦੂਤਵੀ ਫਾਸ਼ੀਵਾਦੀ ਤਾਕਤਾਂ ਨੂੰ ਬੇਪਰਦ ਕੀਤਾ। ਉਕਤ ਆਗੂਆਂ ਨੇ ਜ਼ੋਰ ਦਿੱਤਾ ਕਿ ਗੌਰੀ ਲੰਕੇਸ਼ ਦੇ ਕਤਲ ਦੀ ਉੱਚ ਪੱਧਰੀ ਜਾਂਚ ਕਰਾਉਣ ਤੇ ਇਸ ਕਾਤਲ ਗਰੋਹ ਪਿੱਛੇ ਕੰਮ ਕਰਦੀਆਂ ਹਿੰਦੂਤਵੀ ਤਾਕਤਾਂ ਦੇ ਚਿਹਰੇ ਨੰਗੇ ਕਰਕੇ ਉਨ੍ਹਾਂ ਵਿਰੁੱਧ ਢੁੱਕਵੇਂ ਮੁਕੱਦਮੇ ਦਰਜ਼ ਕਰਾਉਣ ਲਈ ਸਮੂਹ ਜਮਹੂਰੀ ਤੇ ਅਗਾਂਹਵਧੂ ਤਾਕਤਾਂ ਨੂੰ ਇਕਜੁੱਟ ਹੋ ਕੇ ਆਵਾਜ਼ ਉਠਾਉਣੀ ਚਾਹੀਦੀ ਹੈ।
ਟ੍ਰੈਂਡਿੰਗ ਟੌਪਿਕ














