Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਤੋਂ ਫਸਲਾਂ ਦੇ ਬੀਜ ਲੈਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਸਰਕਾਰੀ ਬੀਜ 'ਤੇ ਪੀਏਯੂ ਦੀ ਮੋਹਰ ਲੱਗੀ ਹੋਏਗੀ ਤੇ ਇਨ੍ਹਾਂ ਬੀਜਾਂ 'ਤੇ 33 ਫੀਸਦੀ ਸਬਸਿਡੀ ਵੀ ਮਿਲੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਸਾਨਾਂ ਨੂੰ ਫ਼ਸਲਾਂ 'ਤੇ ਸਪਰੇਅ ਬਾਰੇ ਜਾਗਰੂਕ ਕਰਨ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਦੱਸਿਆ ਜਾਵੇਗਾ ਕਿ ਕਿਹੜੀ ਸਪਰੇਅ ਕਿਹੜੀ ਫ਼ਸਲ ਲਈ ਸਹੀ ਹੋਵੇਗੀ।


ਸੀਐਮ ਮਾਨ ਨੇ ਕਿਹਾ ਕਿ ਹੁਣ ਖੇਤੀ ਕਰਨ ਦੀ ਤਕਨੀਕ ਬਦਲ ਗਈ ਹੈ। ਪਾਣੀ ਤੇ ਸਪਰੇਅ ਦੇ ਤਰੀਕਿਆਂ ਵਿੱਚ ਬਦਲਾਅ ਆਇਆ ਹੈ। ਉਨ੍ਹਾਂ ਕਿਹਾ ਕਿ ਖੇਤੀ ਮਾਹਿਰਾਂ ਨੇ ਦੱਸਿਆ ਹੈ ਕਿ ਮੂੰਗੀ ਦੀ ਫ਼ਸਲ ਤੋਂ ਬਾਅਦ ਚਿੱਟੀ ਮੱਖੀ ਦਾ ਖ਼ਤਰਾ ਵੱਧ ਜਾਂਦਾ ਹੈ। ਜੇਕਰ ਮੂੰਗੀ ਦੀ ਫ਼ਸਲ ਤੋਂ ਬਾਅਦ ਨਰਮੇ ਦੀ ਕਾਸ਼ਤ ਕੀਤੀ ਜਾਵੇ ਤਾਂ ਫ਼ਸਲ 'ਤੇ ਚਿੱਟੀ ਮੱਖੀ ਦਾ ਹਮਲਾ ਹੋ ਜਾਵੇਗਾ।


ਸੀਐਮ ਮਾਨ ਨੇ ਕਿਹਾ ਕਿ ਮੁਕਤਸਰ, ਫਾਜ਼ਿਲਕਾ ਤੇ ਬਠਿੰਡਾ ਦੇ ਕੁਝ ਇਲਾਕਿਆਂ ਵਿੱਚ ਪੰਜਾਬ ਸਰਕਾਰ ਵੱਲੋਂ ਮੂੰਗੀ ਦੀ ਫਸਲ ਬੀਜਣ ਦੀ ਸਲਾਹ ਨਹੀਂ ਦਿੱਤੀ ਜਾ ਰਹੀ। ਮਾਹਿਰਾਂ ਅਨੁਸਾਰ ਜਿਨ੍ਹਾਂ ਇਲਾਕਿਆਂ ਵਿੱਚ ਨਰਮੇ ਦੀ ਕਾਸਤ ਕਰਨੀ ਹੈ, ਉੱਥੇ ਮੂੰਗੀ ਦੀ ਖੇਤੀ ਨਹੀਂ ਕੀਤੀ ਜਾਣੀ ਚਾਹੀਦੀ।


ਸੀਐਮ ਮਾਨ ਨੇ ਕਿਹਾ ਕਿ ਫਸਲ 'ਤੇ ਪਹਿਲਾਂ ਚਿੱਟੀ ਮੱਖੀ ਤੇ ਫਿਰ ਗੁਲਾਬੀ ਸੁੰਡੀ ਦੇ ਹਮਲੇ ਤੇ ਹੋਰ ਕਾਰਨਾਂ ਕਰਕੇ ਕਿਸਾਨਾਂ ਦਾ ਭਰੋਸਾ ਟੁੱਟ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਦੋ ਫ਼ਸਲਾਂ ਦਾ ਝਾੜ ਚੰਗਾ ਹੁੰਦਾ ਹੈ ਤਾਂ ਕਿਸਾਨ ਮੁੜ ਨਰਮੇ ਦੀ ਕਾਸ਼ਤ ਸ਼ੁਰੂ ਕਰ ਦੇਣਗੇ, ਪਰ ਇਸ ਤੋਂ ਪਹਿਲਾਂ ਸਪਰੇਅ ਤੇ ਬੀਜ ਸਬੰਧੀ ਪੰਜਾਬ ਸਰਕਾਰ ਦੀ ਸਲਾਹ ਵੱਲ ਧਿਆਨ ਦੇਣ ਦੀ ਲੋੜ ਹੈ।


ਇਹ ਵੀ ਪੜ੍ਹੋ: California Gurudwara Firing: ਅਮਰੀਕਾ ਦੇ ਕੈਲੀਫੋਰਨੀਆ ਦੇ ਗੁਰਦੁਆਰੇ 'ਚ ਗੋਲੀਬਾਰੀ, ਦੋ ਲੋਕਾਂ ਦੀ ਹੋ ਗਈ ਮੌਤ


ਸੀਐਮ ਮਾਨ ਨੇ ਕਿਸਾਨਾਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਪਾਹ, ਬਾਸਮਤੀ, ਝੋਨਾ ਤੇ ਮੂੰਗੀ ਸਮੇਤ ਹੋਰ ਫਸਲਾਂ ਦਾ ਬੀਮਾ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਕੇਂਦਰ ਸਰਕਾਰ ਨੇ ਬਿਨਾਂ ਪੁੱਛੇ ਬੀਮੇ ਦੇ ਪੈਸੇ ਕੱਟ ਲਏ ਸਨ ਪਰ ਜਦੋਂ ਨੁਕਸਾਨ ਹੋਇਆ ਤਾਂ ਬੀਮੇ ਦੀ ਰਕਮ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ ਹੈ।


ਇਹ ਵੀ ਪੜ੍ਹੋ: Ludhiana News: ਬੇਮੌਸਮੇ ਮੀਂਹ ਤੇ ਹਨ੍ਹੇਰੀ ਦਾ ਕਹਿਰ! ਕਣਕ ਦਾ ਝਾੜ 25 ਤੋਂ 30 ਫੀਸਦੀ ਘੱਟਣ ਦਾ ਖਦਸ਼ਾ