(Source: ECI/ABP News/ABP Majha)
Firing in Punjab: ਗੁਰਦਾਸਪੁਰ 'ਚ ਚੱਲੀਆਂ ਤਾੜ-ਤਾੜ ਗੋਲੀਆਂ, ਪਾਣੀ ਲਈ ਚਾਰ ਲੋਕ ਭੁੰਨ੍ਹ ਸੁੱਟੇ, 7 ਜ਼ਖ਼ਮੀ
ਗੁਰਦਾਸਪੁਰ ਤੋਂ ਦਿਲ ਦਹਿਲਾਉਣ ਵਾਲੀ ਖਬਰ ਆਈ ਹੈ। ਇੱਥੇ ਦੋ ਧਿਰਾਂ ਵੱਲੋਂ ਕੀਤੀ ਗਈ ਅੰਨ੍ਹੇਵਾਹ ਫਾਇਰਿੰਗ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਵਿੱਚ ਸੱਤ ਦੇ ਕਰੀਬ ਲੋਕ ਜ਼ਖ਼ਮੀ ਹੋਏ ਹਨ।
Firing in Punjab: ਗੁਰਦਾਸਪੁਰ ਤੋਂ ਦਿਲ ਦਹਿਲਾਉਣ ਵਾਲੀ ਖਬਰ ਆਈ ਹੈ। ਇੱਥੇ ਦੋ ਧਿਰਾਂ ਵੱਲੋਂ ਕੀਤੀ ਗਈ ਅੰਨ੍ਹੇਵਾਹ ਫਾਇਰਿੰਗ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਵਿੱਚ ਸੱਤ ਦੇ ਕਰੀਬ ਲੋਕ ਜ਼ਖ਼ਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਧਿਰਾਂ ਨੇ 60 ਰਾਊਂਡ ਫਾਇਰ ਕੀਤੇ। ਇਹ ਲੜਾਈ ਰਜਬਾਹੇ ਦੀ ਪਾਣੀ ਨੂੰ ਲੈ ਕੇ ਹੋਈ।
ਦਰਅਸਲ ਸ੍ਰੀਹਰਗੋਬਿੰਦਪੁਰ ਦੇ ਲਾਈਟ ਚੌਂਕ ਵਿਖੇ ਸਰਕਾਰੀ ਪਾਣੀ ਵਾਲੀ ਖਾਲ (ਰਾਜਬਾਹਾ) ਨੂੰ ਲੈ ਕੇ ਐਤਵਾਰ ਸ਼ਾਮ ਨੂੰ ਦੋਵੇਂ ਧੜੇ ਆਹਮੋ-ਸਾਹਮਣੇ ਹੋ ਗਏ। ਇਸ ਦੌਰਾਨ ਦੋਵਾਂ ਧਿਰਾਂ ਨੇ ਇਕ ਦੂਜੇ 'ਤੇ ਕਰੀਬ 60 ਰਾਉਂਡ ਫਾਇਰ ਕੀਤੇ। ਫਾਇਰਿੰਗ ਦੌਰਾਨ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ ਸੱਤ ਲੋਕ ਜ਼ਖਮੀ ਹੋ ਗਏ। ਜ਼ਖਮੀਆਂ 'ਚੋਂ ਦੋ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਮ੍ਰਿਤਕਾਂ ਦੀ ਪਛਾਣ ਪਹਿਲੀ ਧਿਰ ਦੇ ਸ਼ਮਸ਼ੇਰ ਸਿੰਘ ਤੇ ਬਲਜੀਤ ਸਿੰਘ ਵਾਸੀ ਪਿੰਡ ਵਿਠਵਾਂ ਵਜੋਂ ਹੋਈ ਹੈ, ਜਦਕਿ ਦੂਜੀ ਧਿਰ ਦੇ ਨਿਰਮਲ ਸਿੰਘ ਵਾਸੀ ਪਿੰਡ ਮੂੜ ਤੇ ਬਲਰਾਜ ਸਿੰਘ ਵਾਸੀ ਵਿਠਵਾਂ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਤੇ ਪੁਲਿਸ ਨੂੰ ਸੂਚਨਾ ਦਿੱਤੀ।
ਇਸ ਤੋਂ ਬਾਅਦ ਕਈ ਸੀਨੀਅਰ ਪੁਲਿਸ ਅਧਿਕਾਰੀ ਤੇ ਥਾਣਾ ਇੰਚਾਰਜ ਮੌਕੇ 'ਤੇ ਪਹੁੰਚੇ ਤੇ ਜਾਂਚ ਸ਼ੁਰੂ ਕਰ ਦਿੱਤੀ। ਪਿੰਡ ਵਿਠਵਾਂ ਦੇ ਦੋ ਧੜਿਆਂ ਵਿੱਚ ਰੰਜਿਸ਼ ਚੱਲ ਰਹੀ ਸੀ ਜਿਸ ਨੇ ਖੂਨੀ ਰੂਪ ਧਾਰ ਲਿਆ। ਅੰਨ੍ਹੇਵਾਹ ਹੋਈ ਫਾਇਰਿੰਗ ਕਰਕੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਸਿਵਲ ਹਸਪਤਾਲ ਦੇ ਡਾਕਟਰ ਏਕਮਜੀਤ ਸਿੰਘ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਅੰਗਰੇਜ਼ ਸਿੰਘ ਤੇ ਸੁਰਿੰਦਰ ਸਿੰਘ ਜ਼ਖ਼ਮੀ ਹਾਲਤ ਵਿੱਚ ਉਨ੍ਹਾਂ ਕੋਲ ਆਏ। ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਬਾਅਦ ਵਿੱਚ ਸ਼ਮਸ਼ੇਰ ਸਿੰਘ ਤੇ ਬਲਜੀਤ ਸਿੰਘ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਪਰ ਉਨ੍ਹਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ।
ਦੂਜੇ ਪਾਸੇ ਤੋਂ ਜ਼ਖਮੀਆਂ ਨੂੰ ਦੂਜੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਐਸਐਚਓ ਸਤਪਾਲ ਸਿੰਘ ਨੇ ਦੱਸਿਆ ਕਿ ਲੜਾਈ ਰੰਜਿਸ਼ ਕਾਰਨ ਹੋਈ ਹੈ। ਗੋਲੀ ਲੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਗਰੋਂ ਬਣਦੀ ਕਾਰਵਾਈ ਕੀਤੀ ਜਾਵੇਗੀ।