ਕੈਪਟਨ ਸਰਕਾਰ ਦੀ ਸਖਤੀ ਨੂੰ ਟਿੱਚ ਜਾਣਦੇ ਲੋਕ, ਸੜਕਾਂ 'ਤੇ ਦੌੜ ਰਹੀਆਂ ਸਵਾਰੀਆਂ ਨਾਲ ਭਰੀਆਂ ਬੱਸਾਂ
ਦੁਕਾਨਦਾਰਾਂ ਦਾ ਵੀ ਕਹਿਣਾ ਸੀ ਕਿ ਕੋਰੋਨਾ ਨੂੰ ਲੈ ਕੇ ਹਦਾਇਤਾਂ ਦੀ ਗ਼ਾਜ਼ ਸਿਰਫ ਦੁਕਨਾਦਾਰਾਂ ਤੇ ਕਾਰੋਬਾਰੀਆਂ ਉੱਤੇ ਹੀ ਡਿੱਗਦੀ ਹੈ ਤੇ ਪੁਲਿਸ ਪ੍ਰਸ਼ਾਸਨ ਵੀ ਕੇਵਲ ਇਨ੍ਹਾਂ ਨੂੰ ਹੀ ਚਲਾਨ ਕੱਟਣ ਦੀ ਧੌਂਸ ਦਿੰਦਾ ਹੈ ਤੇ ਚਲਾਨ ਕੱਟ ਵੀ ਦਿੰਦਾ ਹੈ।
ਗੁਰਦਾਸਪੁਰ: ਪੰਜਾਬ ਵਿੱਚ ਕੋਰੋਨਾ ਦੇ ਵਧਦੇ ਅੰਕੜਿਆਂ ਤੋਂ ਫਿਕਰਮੰਦ ਪੰਜਾਬ ਸਰਕਾਰ ਦੇ ਵੱਲੋਂ ਨਵੀਆਂ ਹਦਾਇਤਾਂ ਮੁਤਾਬਕ 15 ਮਈ ਤਕ ਪੰਜਾਬ ਵਿੱਚ ਸਖਤੀ ਵਧਾ ਦਿੱਤੀ ਗਈ ਹੈ। ਇਨ੍ਹਾਂ ਹਦਾਇਤਾਂ ਮੁਤਾਬਕ ਬੱਸਾਂ ਵਿੱਚ 50 ਫੀਸਦੀ ਸਵਾਰੀਆਂ ਸਵਾਰ ਹੋ ਸਕਦੀਆਂ ਹਨ।
ਉਧਰ, ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਸ਼ਹਿਰ ਦੀ ਰਿਐਲਿਟੀ ਚੈੱਕ ਕੀਤੀ ਤਾਂ ਸਮਾਜਿਕ ਦੂਰੀ, ਬੱਸਾਂ ਵਿੱਚ ਸਵਾਰੀਆਂ ਦੀ ਗਿਣਤੀ ਤੇ ਮਾਸਕ ਲਾਉਣ ਵਰਗੀਆਂ ਹਦਾਇਤਾਂ ਦੀ ਸ਼ਰੇਆਮ ਉਲੰਘਣਾ ਹੁੰਦੀ ਦਿਖਾਈ ਦਿੱਤੀ।
ਦੁਕਾਨਦਾਰਾਂ ਦਾ ਵੀ ਕਹਿਣਾ ਸੀ ਕਿ ਕੋਰੋਨਾ ਨੂੰ ਲੈ ਕੇ ਹਦਾਇਤਾਂ ਦੀ ਗ਼ਾਜ਼ ਸਿਰਫ ਦੁਕਨਾਦਾਰਾਂ ਤੇ ਕਾਰੋਬਾਰੀਆਂ ਉੱਤੇ ਹੀ ਡਿੱਗਦੀ ਹੈ ਤੇ ਪੁਲਿਸ ਪ੍ਰਸ਼ਾਸਨ ਵੀ ਕੇਵਲ ਇਨ੍ਹਾਂ ਨੂੰ ਹੀ ਚਲਾਨ ਕੱਟਣ ਦੀ ਧੌਂਸ ਦਿੰਦਾ ਹੈ ਤੇ ਚਲਾਨ ਕੱਟ ਵੀ ਦਿੰਦਾ ਹੈ।
ਦੂਜੇ ਪਾਸੇ ਅਹਿਮ ਹਦਾਇਤਾਂ ਜਿਵੇਂ ਸਮਾਜਿਕ ਦੂਰੀ, ਮਾਸਕ ਤੇ ਬੱਸਾਂ ਗੱਡੀਆਂ ਵਿੱਚ ਸਵਾਰੀ ਸਮਰੱਥਾ ਦੀਆਂ ਧੱਜੀਆਂ ਉੱਡਦੀਆਂ ਦਿਖ ਰਹੀਆਂ ਹਨ। ਪੁਲਿਸ ਪ੍ਰਸ਼ਾਸਨ ਇਨ੍ਹਾਂ ਦੇ ਚਲਾਨ ਨਹੀਂ ਕੱਟਦਾ ਤੇ ਨਾ ਹੀ ਸਖਤੀ ਕਰਦਾ ਹੈ। ਜਦਕਿ ਦੁਕਾਨਦਾਰ ਨੇ ਆਪਣੇ ਕਈ ਖਰਚੇ ਕਾਰੋਬਾਰ ਤੋਂ ਹੀ ਕਰਨੇ ਹੁੰਦੇ ਹਨ, ਦੁਕਾਨਦਾਰ ਖਰਚੇ ਕਿੱਥੋਂ ਕਰੇਗਾ।
ਜਦੋਂ ਪੁਲਿਸ ਅਧਿਕਾਰੀ ਸਬ ਇੰਸਪੈਕਟਰ ਬਲਜੀਤ ਸਿੰਘ ਤੋਂ ਇਸ ਬਾਰੇ ਪੁੱਛਿਆ ਤਾਂ ਉਹ ਵੀ ਹਰਕਤ ਵਿੱਚ ਆਏ ਤੇ ਉਨ੍ਹਾਂ ਬੱਸਾਂ ਦੇ ਚਲਾਨ ਵੀ ਕੱਟਣੇ ਸ਼ੁਰੂ ਕੀਤੇ। ਉਨ੍ਹਾਂ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਨਿਭਾਂ ਰਿਹਾ ਹੈ ਪਰ ਜਨਤਾ ਨੂੰ ਵੀ ਆਪਣੀ ਜਿੰਮੇਵਾਰੀ ਸਮਝਣੀ ਚਾਹੀਦੀ ਹੈ ਤੇ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਬੱਸ ਕੰਡਕਟਰ ਲੱਕੀ ਦਾ ਕਹਿਣਾ ਸੀ ਕਿ ਵੱਧ ਸਵਾਰੀਆਂ ਕਾਰਨ ਉਸ ਦੀ ਬੱਸ ਦਾ ਚਲਾਨ ਕੱਟਿਆ ਗਿਆ ਹੈ ਪਰ ਕੀ ਕਰੀਏ ਖਰਚੇ ਪੂਰੇ ਕਰਨੇ ਹਨ। ਜਦ ਉਸ ਨੂੰ ਪੁੱਛਿਆ ਗਿਆ ਕਿ ਹਦਾਇਤ ਦੀ ਉਲੰਘਣਾ ਹੈ, ਇਸ ਕਾਰਨ ਲੋਕਾਂ ਦੀ ਜਾਨ ਖਤਰੇ ਵਿੱਚ ਪੈ ਸਕਦੀ ਹੈ ਤਾਂ ਉਹ ਜਵਾਬ ਦਿੱਤੇ ਬਗੈਰ ਕੈਮਰੇ ਦੇ ਸਾਹਮਣੇ ਭੱਜਦਾ ਦਿਖਾਈ ਦਿੱਤਾ।