(Source: ECI/ABP News/ABP Majha)
Gurdaspur News: ਪੰਜਾਬੀ ਨੌਜਵਾਨ ਦੀ ਬਹਰੀਨ 'ਚ ਮੌਤ, ਪਤਨੀ ਤੇ ਬੱਚਿਆਂ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਰਿਵਾਰ ਵੱਲੋਂ ਸਰਕਾਰ ਤੋਂ ਮ੍ਰਿਤਕ ਦੇਹ ਵਤਨ ਲਿਆਉਣ ਦੀ ਮੰਗ
Punjab News: ਗੁਰਦਾਸਪੁਰ ਦੇ ਪਿੰਡ ਭੋਜਰਾਜ ਦੇ ਨੌਜਵਾਨ ਦੀ ਖਾੜੀ ਦੇਸ਼ ਬਹਰੀਨ ਚ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਪੂਰਾ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
Gurdaspur News: ਘਰ ਦੀ ਆਰਥਿਕ ਤੰਗੀ ਦੇ ਕਾਰਨ ਇਸ ਨੌਜਵਾਨ ਨੇ ਵਿਦੇਸ਼ ਜਾ ਕੇ ਕਮਾਈ ਕਰਨ ਦਾ ਕਦਮ ਚੁੱਕਿਆ ਸੀ ਪਰ ਪਰਿਵਾਰ ਵਾਲਿਆਂ ਨੂੰ ਕੀ ਪਤਾ ਸੀ, ਅਜਿਹਾ ਭਾਣਾ ਵਰਤ ਜਾਵੇਗਾ। ਖਾੜੀ ਦੇਸ਼ ਬਹਰੀਨ ਤੋਂ ਬਹੁਤ ਹੀ ਮਾੜੀ ਖਬਰ ਸਾਹਮਣੇ ਆਈ ਹੈ। ਜਿੱਥੇ ਇੱਕ ਸਖ਼ਸ਼ ਦੀ ਅਚਾਨਕ ਮੌਤ ਹੋ ਗਈ ਹੈ। ਬਲਵਿੰਦਰ ਸਿੰਘ ਨਾਮ ਦਾ ਇਹ ਨੌਜਵਾਨ ਆਪਣੇ ਘਰ ਦੇ ਹਾਲਾਤਾਂ ਨੂੰ ਸਹੀ ਕਰਨ ਲਈ ਵਿਦੇਸ਼ ਗਿਆ ਸੀ। ਪਰ ਹੁਣ ਪਰਿਵਾਰ ਵਾਲਿਆਂ ਨੂੰ ਉਸ ਦੀ ਮੌਤ ਦਾ ਪਤਾ ਚੱਲਿਆ ਹੈ।
ਗੁਰਦਾਸਪੁਰ ਦੇ ਨਜ਼ਦੀਕ ਪੈਂਦੇ ਪਿੰਡ ਭੋਜਰਾਜ ਦੇ ਰੋਜ਼ੀ ਰੋਟੀ ਕਮਾਉਣ ਗਏ ਨੌਜਵਾਨ ਦੀ ਬਹਰੀਨ ਵਿੱਚ ਮੌਤ ਹੋ ਜਾਣ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ 'ਤੇ ਮ੍ਰਿਤਕ ਨੌਜਵਾਨ ਬਲਵਿੰਦਰ ਸਿੰਘ ਦੀ ਪਤਨੀ ਗੁਰਵਿੰਦਰ ਕੌਰ ਵਾਸੀ ਭੋਜਰਾਜ ਨੇ ਦੱਸਿਆ ਕਿ ਉਸ ਦਾ ਪਤੀ ਰੋਜ਼ੀ ਰੋਟੀ ਕਮਾਉਣ ਲਈ ਅਪ੍ਰੈਲ 2022 ਨੂੰ ਬਹਰੀਨ ਗਿਆ ਸੀ।
ਬਹਰੀਨ ਤੋਂ ਆਇਆ ਫੋਨ
ਉਸ ਨੇ ਦੱਸਿਆ ਕਿ ਉਸ ਨੂੰ ਬਹਰੀਨ ਤੋਂ ਆਏ ਫੋਨ ਰਾਹੀ ਪਤਾ ਲੱਗਾ ਕਿ ਉਸ ਦਾ ਪਤੀ ਬਲਵਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਜੋ ਕਿ ਉੱਥੇ ਇੱਕ ਕੰਪਨੀ ਵਿੱਚ ਕੰਮ ਕਰਦਾ ਸੀ ਦੋ ਦਿਨ ਪਹਿਲਾਂ ਬਿਮਾਰ ਹੋਣ ਉਪਰੰਤ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਉਸ ਦੀ ਮੌਤ ਹੋਣ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਉਸਨੇ ਕਿਹਾ ਕਿ ਅਜੇ ਤੱਕ ਮੌਤ ਦਾ ਪੂਰਾ ਕਾਰਨ ਵੀ ਨਹੀਂ ਪਤਾ ਲੱਗ ਸਕਿਆ।
ਪੰਜਾਬ ਸਰਕਾਰ ਨੂੰ ਗੁਹਾਰ, ਮ੍ਰਿਤਕ ਦੇਹ ਨੂੰ ਜੱਦੀ ਪਿੰਡ ਪਹੁੰਚਾਇਆ ਜਾਵੇ
ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਪਤੀ ਦੀ ਮੌਤ ਹੋਣ 'ਤੇ ਉਹਨਾਂ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਗੁਰਵਿੰਦਰ ਸਿੰਘ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਦੇ ਦੋ ਭਰਾਵਾਂ ਅਤੇ ਪਿਓ ਦੀ ਮੌਤ ਵੀ ਪਿਛਲੇ ਸਮੇਂ ਹੋ ਚੁੱਕੀਆਂ ਹਨ। ਉਹਨਾਂ ਦੇ ਪਰਿਵਾਰ ਦਾ ਕੇਵਲ ਬਲਵਿੰਦਰ ਸਿੰਘ ਹੀ ਇੱਕੋ ਇੱਕ ਸਹਾਰਾ ਸੀ। ਗੁਰਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ 6 ਸਾਲਾਂ ਦੀ ਬੇਟੀ ਤੇ 4 ਸਾਲਾਂ ਦੇ ਬੇਟੇ ਨੂੰ ਪਿੱਛੇ ਛੱਡ ਗਿਆ। ਇਸ ਮੌਕੇ 'ਤੇ ਗੁਰਵਿੰਦਰ ਕੌਰ ਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਦੇ ਪਤੀ ਦੀ ਮ੍ਰਿਤਕ ਦੇਹ ਨੂੰ ਜੱਦੀ ਪਿੰਡ ਪਹੁੰਚਾਇਆ ਜਾਵੇ।