Punjab News: ਮਜੀਠੀਆ ਦੀ ਬੈਰਕ ਬਦਲਣ ਦੀ ਅਰਜ਼ੀ 'ਤੇ ਅੱਜ ਸੁਣਵਾਈ, ਸਰਕਾਰ ਅਦਾਲਤ 'ਚ ਦੇਵੇਗੀ ਜਵਾਬ....
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਨਿਊ ਨਾਭਾ ਜੇਲ੍ਹ 'ਚ ਆਪਣੀ ਬੈਰਕ ਬਦਲਵਾਉਣ ਲਈ ਮੋਹਾਲੀ ਅਦਾਲਤ 'ਚ...

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਨਿਊ ਨਾਭਾ ਜੇਲ੍ਹ 'ਚ ਆਪਣੀ ਬੈਰਕ ਬਦਲਵਾਉਣ ਲਈ ਮੋਹਾਲੀ ਅਦਾਲਤ 'ਚ ਅਰਜ਼ੀ ਲਾਈ ਹੋਈ ਹੈ। ਇਸ ਮਾਮਲੇ 'ਚ ਅੱਜ ਸੁਣਵਾਈ ਹੋਵੇਗੀ।
ਆਮ ਕੈਦੀਆਂ ਵਾਂਗ ਹੀ ਰੱਖਿਆ ਜਾਏਗਾ- ਸੀ ਐੱਮ ਮਾਨ
ਇਸ ਦੌਰਾਨ ਪੰਜਾਬ ਸਰਕਾਰ ਵਲੋਂ ਅਦਾਲਤ 'ਚ ਆਪਣਾ ਜਵਾਬ ਪੇਸ਼ ਕੀਤਾ ਜਾਵੇਗਾ। ਹਾਲਾਂਕਿ ਪਿਛਲੀ ਸੁਣਵਾਈ ਦੌਰਾਨ ਸਰਕਾਰ ਵਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਸੀ। ਵਿਧਾਨ ਸਭਾ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਮਜੀਠੀਆ ਜੇਲ੍ਹ ਵਿੱਚ ਸਿਰਹਾਣਾ ਮੰਗ ਰਹੇ ਹਨ, ਉਨ੍ਹਾਂ ਨੂੰ ਕੋਈ ਵੀ ਖਾਸ ਸਹੂਲਤ ਨਹੀਂ ਦਿੱਤੀ ਜਾਵੇਗੀ। ਉਹ ਆਮ ਕੈਦੀਆਂ ਵਾਂਗ ਹੀ ਰਹਿਣਗੇ।
ਮਜੀਠੀਆ ਦੇ ਵਕੀਲਾਂ ਨੇ ਅਦਾਲਤ 'ਚ ਦਾਇਰ ਕੀਤੀ ਅਰਜ਼ੀ 'ਚ ਦੋ ਮੁੱਖ ਪੁਆਇੰਟ ਉੱਠਾਏ ਹਨ, ਜੋ ਹੇਠ ਲਿਖੇ ਹਨ:
ਅਰਜ਼ੀ 'ਚ ਮਜੀਠੀਆ ਨੇ ਆਪਣੀ ਬੈਰਕ ਬਦਲਣ ਦੀ ਮੰਗ ਕੀਤੀ ਹੈ। ਵਕੀਲਾਂ ਵਲੋਂ ਦਲੀਲ ਦਿੱਤੀ ਗਈ ਕਿ ਮਜੀਠੀਆ ਵਿਧਾਇਕ ਅਤੇ ਸਾਬਕਾ ਮੰਤਰੀ ਰਹਿ ਚੁੱਕੇ ਹਨ, ਇਸ ਲਈ ਉਨ੍ਹਾਂ ਨੂੰ ਜੇਲ੍ਹ ਮੈਨੂਅਲ ਅਨੁਸਾਰ "ਔਰੇਂਜ ਸ਼੍ਰੇਣੀ" (Orange Category) ਵਾਲੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ ਅਤੇ ਉਨ੍ਹਾਂ ਨੂੰ ਹੋਰ ਸਜ਼ਾਯਾਫ਼ਤਾ ਜਾਂ ਅੰਡਰ ਟ੍ਰਾਇਲ ਕੈਦੀਆਂ ਤੋਂ ਵੱਖ ਰੱਖਿਆ ਜਾਵੇ।
ਮਜੀਠੀਆ ਦੇ ਵਕੀਲਾਂ ਵਲੋਂ ਗ੍ਰਿਫ਼ਤਾਰੀ ਦੇ ਅਧਾਰ (Grounds of Arrest) ਅਤੇ ਜੇਲ੍ਹ ਮੈਨੂਅਲ ਦੀ ਕਾਪੀ ਵੀ ਅਦਾਲਤ ਤੋਂ ਮੰਗੀ ਗਈ ਹੈ। ਇਸ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਪ੍ਰਾਪਰਟੀ ਮੁੱਲਾਂਕਣ ਨੂੰ ਲੈ ਕੇ ਵਕੀਲਾਂ ਵਲੋਂ ਦੋ ਵੱਖ-ਵੱਖ ਬਿਆਨ ਸਾਹਮਣੇ ਆਏ ਹਨ:
ਵਿਜੀਲੈਂਸ ਪਿਛਲੇ ਦੋ ਦਿਨਾਂ ਤੋਂ ਮਜੀਠੀਆ ਦੀ ਪ੍ਰਾਪਰਟੀ ਦਾ ਮੁੱਲਾਂਕਣ ਕਰ ਰਹੀ ਹੈ। ਅੰਮ੍ਰਿਤਸਰ 'ਚ ਉਨ੍ਹਾਂ ਦੀ ਜਾਇਦਾਦ ਦੀ ਪੈਮਾਇਸ਼ ਅਤੇ ਹੋਰ ਕੰਮ ਕੀਤੇ ਜਾ ਰਹੇ ਹਨ। ਹਾਲਾਂਕਿ ਇਹ ਮਾਮਲਾ ਮੋਹਾਲੀ ਅਦਾਲਤ 'ਚ ਗਿਆ ਸੀ। ਮਜੀਠੀਆ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਅਦਾਲਤ ਨੇ ਕਿਹਾ ਸੀ ਕਿ ਪ੍ਰਾਪਰਟੀ ਦਾ ਮੁੱਲਾਂਕਣ ਕੀਤਾ ਜਾ ਸਕਦਾ ਹੈ ਪਰ ਜਾਂਚ ਜਾਂ ਛਾਪੇਮਾਰੀ ਨਹੀਂ ਹੋਵੇਗੀ। ਨਾਲ ਹੀ ਸਾਡਾ ਕੋਈ ਵਕੀਲ ਮੌਕੇ 'ਤੇ ਮੌਜੂਦ ਰਹੇਗਾ।
ਸਰਕਾਰੀ ਵਕੀਲ ਫੇਰੀ ਸੋਫਤ ਨੇ ਪਹਿਲਾਂ ਕਿਹਾ ਸੀ ਕਿ ਮਜੀਠੀਆ ਦੇ ਠਿਕਾਣਿਆਂ 'ਤੇ ਛਾਪੇਮਾਰੀ ਨਹੀਂ ਰੁਕੇਗੀ। ਇਹ ਛਾਪੇਮਾਰੀ ਮਜੀਠੀਆ ਦੇ ਵਕੀਲ ਦੀ ਹਾਜ਼ਰੀ 'ਚ ਹੋਵੇਗੀ, ਪਰ ਉਹ ਇਸ ਦੌਰਾਨ ਦਖਲਅੰਦਾਜ਼ੀ ਨਹੀਂ ਕਰ ਸਕੇਗਾ।






















