ਚਾਰ ਦਹਿਸ਼ਤਗਰਦਾਂ ਦੀ ਗ੍ਰਿਫ਼ਤਾਰੀ ਪਿੱਛੋਂ ਪੰਜਾਬ ’ਚ ‘ਹਾਈ ਅਲਰਟ’, ਭੀੜ-ਭੜੱਕੇ ਵਾਲੇ ਇਲਾਕੇ ’ਚ ਉਡਾਉਣਾ ਸੀ ਤੇਲ ਟੈਂਕਰ
ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਪਾਕਿਸਤਾਨ ਸਥਿਤ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ਆਈਐਸਵਾਈਐਫ) ਦੇ ਮੁਖੀ ਲਖਬੀਰ ਸਿੰਘ ਤੇ ਕਾਸਿਮ ਇਸ ਅੱਤਵਾਦੀ ਢਾਂਚੇ ਦੇ ਪਿੱਛੇ ਹਨ।
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮੁੱਚੇ ਸੂਬੇ ’ਚ ‘ਹਾਈ ਅਲਰਟ’ ਕਰ ਦਿੱਤਾ ਹੈ। ਦਰਅਸਲ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐਸਆਈ ਦੀ ਹਮਾਇਤ ਪ੍ਰਾਪਤ ਦਹਿਸ਼ਤਗਰਦਾਂ ਦੇ ਇੱਕ ਮਾਡਿਊਲ ਦੇ ਚਾਰ ਹੋਰ ਮੈਂਬਰਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਜਿਹਾ ਫ਼ੈਸਲਾ ਲੈਣਾ ਪਿਆ ਹੈ। ਇਨ੍ਹਾਂ ਅੱਤਵਾਦੀਆਂ ਦੀ ਮਨਸ਼ਾ ਪਿਛਲੇ ਮਹੀਨੇ ਪੰਜਾਬ ’ਚ ਇੱਕ ਦੇਸੀ ਟਿਫ਼ਿਨ ਬੰਬ ਨਾਲ ਭੀੜ-ਭੜੱਕੇ ਵਾਲੇ ਇਲਾਕੇ ’ਚ ਤੇਲ ਦੇ ਇੱਕ ਟੈਂਕਰ ਨੂੰ ਉਡਾ ਕੇ ਵੱਡਾ ਜਾਨੀ ਤੇ ਮਾਲੀ ਨੁਕਸਾਨ ਕਰਨ ਦੀ ਸੀ। ਪਿਛਲੇ 40 ਦਿਨਾਂ ’ਚ ਸਾਹਮਣੇ ਆਇਆ ਇਸ ਕਿਸਮ ਦਾ ਚੌਥਾ ਮਾਮਲਾ ਹੈ।
ਇਸ ਬਾਰੇ ਬੁੱਧਵਾਰ ਨੂੰ ਜਾਣਕਾਰੀ ਦਿੰਦਿਆ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (DGP) ਨੇ ਦੱਸਿਆ ਕਿ ਪਾਕਿਤਸਾਨ ਦੇ ਦੋ ਦਹਿਸ਼ਤਗਰਦਾਂ ਦੀ ਸ਼ਨਾਖ਼ਤ ਕੀਤੀ ਗਈ ਹੈ। ਇਨ੍ਹਾਂ ਵਿੱਚੋਂ ਇੱਕ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਦਾ ਅਫ਼ਸਰ ਹੈ। ਉਨ੍ਹਾਂ ਵਿੱਚੋਂ ਇੱਕ ਨੂੰ ਪਹਿਲਾਂ ਗ੍ਰਿਫਤਾਰ ਕਰ ਲਿਆ ਗਿਆ ਹੈ।
ਮੁੱਖ ਮੰਤਰੀ ਨੇ ਸੂਬੇ ਵਿੱਚ ਸਕੂਲ ਅਤੇ ਵਿਦਿਅਕ ਅਦਾਰੇ ਮੁੜ ਖੋਲ੍ਹਣ ਅਤੇ ਤਿਉਹਾਰਾਂ ਦੇ ਮੌਸਮ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰਾਜ ਪੁਲਿਸ ਨੂੰ ਹਾਈ ਅਲਰਟ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਡੀਜੀਪੀ ਨੂੰ ਰਾਜ ਭਰ ਵਿੱਚ ਸੰਵੇਦਨਸ਼ੀਲ ਸਥਾਪਨਾਵਾਂ ਖਾਸ ਕਰਕੇ ਭੀੜ ਵਾਲੀਆਂ ਥਾਵਾਂ 'ਤੇ ਉੱਚ ਪੱਧਰੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।
ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਪਾਕਿਸਤਾਨ ਸਥਿਤ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ਆਈਐਸਵਾਈਐਫ) ਦੇ ਮੁਖੀ ਲਖਬੀਰ ਸਿੰਘ ਤੇ ਕਾਸਿਮ ਇਸ ਅੱਤਵਾਦੀ ਢਾਂਚੇ ਦੇ ਪਿੱਛੇ ਹਨ। ਕਾਸਿਮ ਪਾਕਿਸਤਾਨ ਦਾ ਵਸਨੀਕ ਹੈ ਜਦੋਂਕਿ ਲਖਬੀਰ ਸਿੰਘ ਰੋਡੇ ਉਰਫ ਬਾਬਾ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਰੋਡੇ, ਥਾਣਾ ਸਮਾਲਸਰ ਦਾ ਵਸਨੀਕ ਹੈ ਤੇ ਇਸ ਵੇਲੇ ਪਾਕਿਸਤਾਨ ਵਿੱਚ ਹੈ।
ਇਨ੍ਹਾਂ ਤੋਂ ਇਲਾਵਾ ਮੰਗਲਵਾਰ ਨੂੰ ਗ੍ਰਿਫਤਾਰ ਕੀਤੇ ਗਏ ਪਾਕਿਸਤਾਨੀ ਹਮਾਇਤ ਪ੍ਰਾਪਤ ਅੱਤਵਾਦੀਆਂ ਦੀ ਪਛਾਣ ਰੂਬਲ ਸਿੰਘ, ਵਿੱਕੀ ਭੱਟੀ, ਮਲਕੀਤ ਸਿੰਘ ਤੇ ਗੁਰਪ੍ਰੀਤ ਸਿੰਘ ਵਜ਼ ਹੋਈ ਹੈ। ਉਨ੍ਹਾਂ ਦਾ 5ਵਾਂ ਸਾਥਾ ਗੁਰਮੁਖ ਸਿੰਘ ਬਰਾੜ ਕਪੂਰਥਾਲਾ ਪੁਲਿਸ ਵੱਲੋਂ ਬੀਤੇ ਅਗਸਤ ਮਹੀਨੇ ਗ੍ਰਿਫ਼ਤਾਰ ਕੀਤਾ ਗਿਆ ਸੀ।
ਡੀਜੀਪੀ ਨੇ ਅੱਗੇ ਦੱਸਿਆ ਕਿ ਪਾਕਿਸਤਾਨੀ ਖੁਫ਼ੀਆ ਅਧਿਕਾਰੀ ਦੀ ਸ਼ਨਾਖ਼ਤ ਕਾਸਿਮ ਵਜੋਂ ਹੋਈ ਹੈ ਤੇ ਉਸ ਨੇ ਰੋਡੇ ਨਾਲ ਮਿਲ ਕੇ ਪੰਜਾਬ ’ਚ ਵੱਡਾ ਧਮਾਕਾ ਕਰਨ ਵਾਲੇ ਦਹਿਸ਼ਤਗਰਦ ਮਾਡਿਊਲ ਨੂੰ 2 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਰੂਬਲ ਤੇ ਵਿੱਕੀ ਭੱਟੀ ਪੂਰੀ ਤਰ੍ਹਾਂ ਕਾਸਿਮ ਦੇ ਸੰਪਰਕ ਵਿੱਚ ਸਨ। ਕਾਸਿਮ ਦਾ ਅੱਗੇ ਰੋਡੇ ਨਾਲ ਰਾਬਤਾ ਸੀ।
ਤੇਲ ਦੇ ਟੈਂਕਰ ਵਿੱਚ ਧਮਾਕਾ ਕਰਨ ਦੀ ਕੋਸ਼ਿਸ਼ ਬੀਤੀ 8 ਅਗਸਤ ਨੂੰ ਸਵੇਰੇ 11:30 ਵਜੇ ਕੀਤੀ ਗਈ ਸੀ। ਤਦ ਅਜਨਾਲਾ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਤੇਲ ਦਾ ਇੱਕ ਟੈਂਕਰ ਅਜਨਾਲਾ ਦੇ ਸ਼ਰਮਾ ਫ਼ਿਲਿੰਗ ਸਟੇਸ਼ਨ ’ਤੇ ਖੜ੍ਹਾ ਹੈ। ਇਹ ਟੈਂਕਰ ਅੰਮ੍ਰਿਤਸਰ-ਅਜਨਾਲਾ ਰੋਡ ਉੱਤੇ ਪਿੰਡ ਭਾਖਾ ਤਾਰਾ ਸਿੰਘ ਕੋਲ ਖੜ੍ਹਾ ਸੀ ਤੇ ਉਸ ਨੂੰ ਅੱਗ ਲੱਗ ਗੀ ਸੀ।
ਪੈਟਰੋਲ ਪੰਪ ਦੇ ਸੀਸੀਟੀਵੀ ਕੈਮਰਿਆਂ ਦੀ ਫ਼ੁਟੇਜ ਤੋਂ ਪਤਾ ਲੱਗਾ ਕਿ ਚਾਰ ਅਣਪਛਾਤੇ ਵਿਅਕਤੀ ਉਸ ਸਵੇਰੇ 11 ਕੁ ਵਜੇ ਪੈਟਰੋਲ ਪੰਪ ਨੇੜੇ ਆਏ ਸਨ ਤੇ ਉੱਥੇ ਕੁਝ ਚਿਰ ਖੜ੍ਹੇ ਰਹੇ ਸਨ। ਫਿਰ ਉਹ ਅੰਮ੍ਰਿਤਸਰ ਵਾਲੇ ਪਾਸੇ ਰਵਾਨਾ ਹੋ ਗਏ। ਫਿਰ ਉਹ 11:19 ਵਜੇ ਵਾਪਸ ਆਏ ਤੇ ਤੇਲ ਟੈਂਕਰ ਦੀ ਟੈਂਕੀ ਉੱਤੇ ਕੋਈ ਸ਼ੱਕਾ ਵਸਤੂ ਰੱਖੀ। ਸਵੇਰੇ ਹੀ 11:29 ਵਜੇ ਉਹ ਦੋਬਾਰਾ ਮੁੜੇ ਤੇ ਉੱਥੇ ਤੇਲ ਦੇ ਟੈਂਕ ਵਿੱਚ ਧਮਾਕੇ ਨਾਲ ਅੱਗ ਲੱਗ ਗਈ ਸੀ।