(Source: ECI/ABP News/ABP Majha)
ਨਵਜੋਤ ਸਿੱਧੂ ਖਿਲਾਫ ਹਾਈਕਮਾਨ ਦੀ ਕਾਰਵਾਈ ਟਲੀ: ਅੱਜ ਨਹੀਂ ਹੋਏਗੀ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ
ਪੰਜਾਬ ਦੇ ਕਾਂਗਰਸੀ ਆਗੂ ਨਵਜੋਤ ਸਿੱਧੂ ਖਿਲਾਫ ਕਾਰਵਾਈ ਕਰਨ ਦਾ ਫੈਸਲਾ ਲਿਆ ਜਾਣਾ ਸੀ। ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਸਿੱਧੂ ਖਿਲਾਫ ਸ਼ਿਕਾਇਤ ਕੀਤੀ ਸੀ।
ਰਵਨੀਤ ਕੌਰ ਦੀ ਰਿਪੋਰਟ
Punjab News: ਅੱਜ ਦਿੱਲੀ ਵਿੱਚ ਹੋਣ ਵਾਲੀ ਕਾਂਗਰਸ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ। ਕਮੇਟੀ ਦੇ ਚੇਅਰਮੈਨ ਏਕੇ ਐਂਟਨੀ ਅਚਾਨਕ ਬਿਮਾਰ ਹੋ ਗਏ ਹਨ ਜਿਸ ਕਾਰਨ ਇਹ ਫੈਸਲਾ ਲਿਆ ਗਿਆ। ਇਸ ਮੀਟਿੰਗ ਵਿੱਚ ਪੰਜਾਬ ਦੇ ਕਾਂਗਰਸੀ ਆਗੂ ਨਵਜੋਤ ਸਿੱਧੂ ਖਿਲਾਫ ਕਾਰਵਾਈ ਕਰਨ ਦਾ ਫੈਸਲਾ ਲਿਆ ਜਾਣਾ ਸੀ। ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਸਿੱਧੂ ਖਿਲਾਫ ਸ਼ਿਕਾਇਤ ਕੀਤੀ ਸੀ। ਇਸ ਬਾਰੇ ਪੰਜਾਬ ਵਿੱਚ ਕਾਂਗਰਸ ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਿਫਾਰਸ਼ ਕੀਤੀ ਸੀ। ਇਸ ਤੋਂ ਬਾਅਦ ਸ਼ਿਕਾਇਤ ਅਨੁਸ਼ਾਸਨੀ ਕਮੇਟੀ ਨੂੰ ਕਾਰਵਾਈ ਲਈ ਭੇਜ ਦਿੱਤੀ ਗਈ ਸੀ।
ਦੱਸ ਦਈਏ ਕਿ ਨਵਜੋਤ ਸਿੱਧੂ ਦੇ ਰਵੱਈਏ ਤੋਂ ਕਾਂਗਰਸ ਕਾਫੀ ਨਾਰਾਜ਼ ਹੈ ਜਿਸ ਕਾਰਨ ਸਿੱਧੂ ਖਿਲਾਫ ਵੱਡੀ ਕਾਰਵਾਈ ਹੋ ਸਕਦੀ ਹੈ। ਪਹਿਲਾਂ ਸਿੱਧੂ ਨੂੰ ਨੋਟਿਸ ਭੇਜਿਆ ਜਾਵੇਗਾ। ਜਵਾਬ ਮਿਲਦੇ ਹੀ ਸਿੱਧੂ ਨੂੰ ਸਸਪੈਂਡ ਕੀਤਾ ਜਾ ਸਕਦਾ ਹੈ। ਇੰਨਾ ਹੀ ਨਹੀਂ ਕਾਂਗਰਸ ਸਿੱਧੂ ਨੂੰ ਪਾਰਟੀ 'ਚੋਂ ਵੀ ਕੱਢ ਸਕਦੀ ਹੈ।
ਇਸ ਦਾ ਵੱਡਾ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਸਿੱਧੂ ਦਾ ਤਾਲਮੇਲ ਕਿਸੇ ਵੀ ਆਗੂ ਨਾਲ ਫਿਟ ਨਹੀਂ ਬੈਠਦਾ। ਕੈਪਟਨ ਅਮਰਿੰਦਰ ਸਿੰਘ ਤੇ ਚਰਨਜੀਤ ਚੰਨੀ ਤੋਂ ਬਾਅਦ ਹੁਣ ਉਹ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਚੱਲਣ ਨੂੰ ਤਿਆਰ ਨਹੀਂ। ਇਸ ਕਾਰਨ ਪੰਜਾਬ ਵਿੱਚ ਕਾਂਗਰਸ ਦਾ ਸੰਕਟ ਜਾਰੀ ਹੈ।
ਉਧਰ, ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੇ ਕਰੀਬੀ ਹੋਣ ਕਾਰਨ ਵੀ ਕਾਂਗਰਸ ਹਾਈਕਮਾਂਡ ਸਿੱਧੂ ਤੋਂ ਨਾਰਾਜ਼ ਹੈ। ਅਹਿਮ ਗੱਲ ਹੈ ਕਿ ਜਿਸ ਦਿਨ ਪੀਕੇ ਦੀ ਗੱਲਬਾਤ ਕਾਂਗਰਸ ਨਾਲ ਟੁੱਟ ਗਈ, ਉਸੇ ਦਿਨ ਸਿੱਧੂ ਨੇ ਪੀਕੇ ਨਾਲ ਇੱਕ ਫੋਟੋ ਟਵੀਟ ਕੀਤੀ। ਇਸ ਤੋਂ ਬਾਅਦ ਵੀ ਉਨ੍ਹਾਂ ਦੇ ਸਮਰਥਨ 'ਚ ਟਵੀਟ ਕੀਤਾ। ਇਹ ਗੱਲਾਂ ਸਿੱਧੇ ਕਾਂਗਰਸ ਹਾਈਕਮਾਂਡ ਤੱਕ ਪਹੁੰਚ ਗਈਆਂ ਹਨ ਜਿਸ ਨੂੰ ਹਾਈਕਮਾਂਡ ਸਿੱਧੂ ਲਈ ਚੁਣੌਤੀ ਵਜੋਂ ਦੇਖ ਰਹੀ ਹੈ। ਇਸ ਕਾਰਨ ਹਾਈਕਮਾਂਡ ਨੇ ਵੀ ਸਿੱਧੂ ਖਿਲਾਫ ਸਖਤ ਕਾਰਵਾਈ ਦੇ ਸੰਕੇਤ ਦਿੱਤੇ ਹਨ।