ਜਲੰਧਰ 'ਚ ਕੋਰੋਨਾ ਨੇ ਧਾਰਿਆ ਗੰਭੀਰ ਰੂਪ, ਪੰਜਾਬ 'ਚ ਸਭ ਤੋਂ ਵੱਧ ਕੇਸਾਂ ਨਾਲ ਬਣਿਆ ਹੌਟ-ਸਪੌਟ
ਐਤਵਾਰ 9 ਨਵੇਂ ਕੇਸ ਸਾਹਮਣੇ ਆਉਣ ਮਗਰੋਂ ਸੂਬੇ ਦੇ ਸਭ ਤੋਂ ਵੱਡੇ ਹੌਟ-ਸਪੌਟ ਜਲੰਧਰ 'ਚ ਕੁੱਲ 78 ਮਰੀਜ਼ ਹੋ ਗਏ ਹਨ। ਇਨ੍ਹਾਂ 'ਚ ਤਿੰਨ ਮਰੀਜ਼ ਪਹਿਲਾਂ ਤੋਂ ਪੀੜਤ ਬਸਤੀ ਬਾਵਾਖੇਲ ਦੇ ਵਿਕਾਸ ਮਿਸ਼ਰਾ ਦੇ ਸੰਪਰਕ ਤੋਂ ਆਏ ਹਨ ਪਰ ਬਾਕੀ ਛੇ ਮਰੀਜ਼ ਕਿਸ ਦੇ ਸੰਪਰਕ 'ਚ ਆਏ ਇਸ ਦੀ ਫਿਲਹਾਲ ਪੁਸ਼ਟੀ ਨਹੀਂ ਹੋ ਸਕੀ।
ਰਮਨਦੀਪ ਕੌਰ ਦੀ ਰਿਪੋਰਟ
ਚੰਡੀਗੜ੍ਹ: ਜਲੰਧਰ 'ਚ ਕੋਰੋਨਾ ਦੇ ਲਗਾਤਾਰ ਵਧ ਰਹੇ ਮਾਮਲਿਆਂ ਨੇ ਸਥਿਤੀ ਨਾਜ਼ੁਕ ਬਣਾ ਦਿੱਤੀ ਹੈ। ਐਤਵਾਰ 9 ਨਵੇਂ ਕੇਸ ਸਾਹਮਣੇ ਆਉਣ ਮਗਰੋਂ ਸੂਬੇ ਦੇ ਸਭ ਤੋਂ ਵੱਡੇ ਹੌਟ-ਸਪੌਟ ਜਲੰਧਰ 'ਚ ਕੁੱਲ 78 ਮਰੀਜ਼ ਹੋ ਗਏ ਹਨ। ਇਨ੍ਹਾਂ 'ਚ ਤਿੰਨ ਮਰੀਜ਼ ਪਹਿਲਾਂ ਤੋਂ ਪੀੜਤ ਬਸਤੀ ਬਾਵਾਖੇਲ ਦੇ ਵਿਕਾਸ ਮਿਸ਼ਰਾ ਦੇ ਸੰਪਰਕ ਤੋਂ ਆਏ ਹਨ ਪਰ ਬਾਕੀ ਛੇ ਮਰੀਜ਼ ਕਿਸ ਦੇ ਸੰਪਰਕ 'ਚ ਆਏ ਇਸ ਦੀ ਫਿਲਹਾਲ ਪੁਸ਼ਟੀ ਨਹੀਂ ਹੋ ਸਕੀ। ਗੰਭੀਰਤਾ ਦੀ ਗੱਲ ਇਹ ਹੈ ਕਿ ਹੋਰ ਬਾਕੀ 12 ਮਰੀਜ਼ਾਂ ਦੀ ਰਿਪੋਰਟ ਦੂਜੀ ਵਾਰ ਵੀ ਪੌਜ਼ੇਟਿਵ ਆਈ ਹੈ। ਸੂਬੇ 'ਚ ਕੋਰੋਨਾ ਦੇ 322 ਮਰੀਜ਼ ਪੌਜ਼ੇਟਿਵ ਹਨ। ਹਾਲਾਂਕਿ ਜਲੰਧਰ 'ਚ 653 ਲੋਕਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
ਜਲੰਧਰ ਦੇ ਜੋ ਨਵੇਂ ਕੇਸ ਸਾਹਮਣੇ ਆਏ ਹਨ ਉਨ੍ਹਾਂ 'ਚ ਸਲੇਮਪੁਰ ਮਸੰਦਾ ਦੇ 78 ਸਾਲਾ ਮਹਿੰਦਰ ਸਿੰਘ, ਕਰੋਲ ਬਾਗ ਦੇ 54 ਸਾਲਾ ਹਰਦਿਆਲ ਸਿੰਘ, ਰਾਜਾ ਗਾਰਡਨ ਦੇ 52 ਸਾਲਾ ਅਵਤਾਰ ਸਿੰਘ ਤੇ 11 ਸਾਲਾ ਅਮਨਜੋਤ ਸਿੰਘ, ਬਸਤੀ ਸੇਖ ਅੱਡੀ ਦੀ 22 ਸਾਲਾ ਈਸ਼ਾ, ਸੰਤ ਨਗਰ ਦੇ 67 ਸਾਲਾ ਤਿਲਕ ਰਾਜ ਤੇ ਬਸਤੀ ਬਾਵਾਖੇਲ ਦੀ 65 ਸਾਲਾ ਪੂਨਮ, 20 ਸਾਲਾ ਪੂਜਾ ਤੇ 9 ਸਾਲ ਦੀ ਨਾਭਿਆ ਸ਼ਾਮਲ ਹਨ।
ਹੈਰਾਨੀ ਦੀ ਗੱਲ ਇਹ ਹੈ ਕਿ ਸ਼ਹਿਰ 'ਚ ਕੋਰੋਨਾ ਲਗਾਤਾਰ ਕਿਉਂ ਪਸਰ ਰਿਹਾ ਹੈ। ਸੂਤਰਾਂ ਮੁਤਾਬਕ ਕੋਰੋਨਾ ਪੌਜ਼ੇਟਿਵ ਮਰੀਜ਼ਾਂ ਦੀ ਚੇਨ ਸਮੇਂ 'ਤੇ ਟਰੇਸ ਨਹੀਂ ਕੀਤੀ ਜਾ ਸਕੀ। ਕੋਰੋਨਾ ਸ਼ੱਕੀਆਂ ਦੇ ਸੈਂਪਲ ਲੈ ਕੇ ਉਨ੍ਹਾਂ ਨੂੰ ਮੁੜ ਘਰ ਭੇਜਿਆ ਤੇ ਰਿਪੋਰਟ ਦਾ ਇੰਤਜ਼ਾਰ ਕੀਤਾ। ਰਿਪੋਰਟ ਪੌਜ਼ਟਿਵ ਆਉਣ ਮਗਰੋਂ ਉਨ੍ਹਾਂ ਨੂੰ ਹਸਪਤਾਲ ਆਈਸੋਲੇਟ ਕੀਤਾ ਗਿਆ। ਇਸ ਤੋਂ ਇਲਾਵਾ ਲੋੜ ਤੋਂ ਵੱਧ ਲੋਕਾਂ ਨੂੰ ਪਾਸ ਬਣਾ ਕੇ ਆਉਣ ਜਾਣ ਦੀ ਛੋਟ ਮਿਲੀ। ਇੱਥੋਂ ਤਕ ਕਿ ਲੋਕ ਕਰਫ਼ਿਊ ਦੀ ਵੀ ਉਲੰਘਣਾ ਕਰ ਰਹੇ ਹਨ।
ਐਤਵਾਰ ਸਿਵਲ ਹਸਪਤਾਲ 'ਚ ਦਾਖ਼ਲ ਕਾਂਗਰਸੀ ਨੇਤਾ ਦੀਪਕ ਸ਼ਰਮਾ, ਧਰੁਵ ਸ਼ਰਮਾ, ਸ਼ੰਕੁਤਲਾ ਸ਼ਰਮਾ, ਰੇਣੂ ਬਾਲਾ, ਅਨੋਮਲ ਮਹਾਜਨ, ਅਮਿਤਾ ਮਹਾਜਨ ਰਾਜੇਸ਼ ਮਹਾਜਨ, ਗਗਨਜੀਤ ਛਾਬੜਾ, ਅਰਵਿੰਦਰ ਸਿੰਘ ਹਰੀ ਕਿਸ਼ਨ, ਸਤੀਸ਼ ਜੀਤਲਾਲ ਦੀ ਰਿਪੋਰਟ ਦੁਬਾਰਾ ਪੌਜ਼ੇਟਿਵ ਆਈ ਹੈ। ਉੱਥੇ ਹੀ ਬਾਗ ਅਲੀ ਤੇ ਵਿਸ਼ਵ ਸ਼ਰਮਾ ਦੀ ਰਿਪੋਰਟ ਨੈਗੇਟਿਵ ਆਈ ਹੈ।
ਮਰੀਜ਼ਾਂ ਦੀ ਗਿਣਤੀ ਵਧਾਉਣ ਤੋਂ ਮਗਰੋਂ ਸੂਬਾ ਸਰਕਾਰ ਨੇ ਜਲੰਧਰ ਤੇ ਪਟਿਆਲਾ ਸ਼ਹਿਰਾਂ 'ਚ ਟੈਸਟਿੰਗ ਤੇਜ਼ ਕਰਨ ਦਾ ਫੈਸਲਾ ਲਿਆ ਹੈ। ਖ਼ਾਸ ਤੌਰ 'ਤੇ ਉਨ੍ਹਾਂ ਥਾਵਾਂ 'ਤੇ ਫੋਕਸ ਕੀਤਾ ਜਾਵੇਗਾ ਜਿੱਥੇ ਵਾਇਰਸ ਤੋਂ ਪੀੜਤ ਲੋਕ ਮਿਲ ਰਹੇ ਹਨ। ਵਿਭਾਗ ਵੱਲੋਂ ਜਲੰਧਰ ਦੇ ਸੰਘਣੀ ਆਬਾਦੀ ਵਾਲੇ ਇਲਾਕਿਆਂ ਦੇ ਨਾਲ ਸ਼ਹਿਰੀ ਇਲਾਕਿਆਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।