ਨਾਜਾਇਜ਼ ਮਾਈਨਿੰਗ ਖਿਲਾਫ ਆਵਾਜ਼ ਚੁੱਕਣ ਵਾਲੇ ਸਾਬਕਾ ਵਿਧਾਇਕ ਬੋਨੀ ਅਜਨਾਲਾ ਦੇ ਕਾਫਲੇ 'ਤੇ ਹਮਲਾ
ਨਾਜਾਇਜ਼ ਮਾਈਨਿੰਗ ਬਾਰੇ ਖ਼ੁਲਾਸਾ ਕਰਨ ਮਗਰੋਂ ਜਦੋਂ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਮੀਡੀਆ ਦੇ ਕਾਫਲੇ ਨਾਲ ਵਾਪਸ ਅਜਨਾਲਾ ਵੱਲ ਪਰਤ ਰਹੇ ਸਨ ਤਾਂ ਉਸ ਜਗ੍ਹਾ 'ਤੇ ਨਾਜਾਇਜ਼ ਮਾਈਨਿੰਗ ਕਰਨ ਵਾਲੇ ਠੇਕੇਦਾਰਾਂ ਦੇ ਕਰਿੰਦਿਆਂ ਨੇ ਉਨ੍ਹਾਂ ਦੀਆਂ ਕੁਝ ਕਾਰਾਂ 'ਤੇ ਪੱਥਰਾਂ ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਹਮਲੇ ਦੌਰਾਨ ਕਾਫਲੇ ਦੀਆਂ ਦੋ ਕਾਰਾਂ ਨੁਕਸਾਨੀਆਂ ਗਈਆਂ।
ਅਜਨਾਲਾ: ਨਾਜਾਇਜ਼ ਮਾਈਨਿੰਗ ਬਾਰੇ ਖ਼ੁਲਾਸਾ ਕਰਨ ਮਗਰੋਂ ਜਦੋਂ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਮੀਡੀਆ ਦੇ ਕਾਫਲੇ ਨਾਲ ਵਾਪਸ ਅਜਨਾਲਾ ਵੱਲ ਪਰਤ ਰਹੇ ਸਨ ਤਾਂ ਉਸ ਜਗ੍ਹਾ 'ਤੇ ਨਾਜਾਇਜ਼ ਮਾਈਨਿੰਗ ਕਰਨ ਵਾਲੇ ਠੇਕੇਦਾਰਾਂ ਦੇ ਕਰਿੰਦਿਆਂ ਨੇ ਉਨ੍ਹਾਂ ਦੀਆਂ ਕੁਝ ਕਾਰਾਂ 'ਤੇ ਪੱਥਰਾਂ ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਹਮਲੇ ਦੌਰਾਨ ਕਾਫਲੇ ਦੀਆਂ ਦੋ ਕਾਰਾਂ ਨੁਕਸਾਨੀਆਂ ਗਈਆਂ।
ਬਦਮਾਸ਼ਾਂ ਨੇ ਬਾਕੀ ਕਾਰਾਂ 'ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕੁਝ ਕਰਿੰਦਿਆਂ ਤੇ ਬੋਨੀ ਅਜਨਾਲਾ ਦੇ ਸਮਰਥਕਾਂ ਵਿੱਚ ਝੜਪ ਵੀ ਹੋਈ ਪਰ ਕੁਝ ਸੀਨੀਅਰ ਆਗੂਆਂ ਨੇ ਦਖ਼ਲ ਦੇ ਕੇ ਇਸ ਤਕਰਾਰ ਨੂੰ ਰੋਕ ਦਿੱਤਾ। ਹਾਲਾਂਕਿ ਚੱਲਦੀਆਂ ਗੱਡੀਆਂ ਉੱਪਰ ਠੇਕੇਦਾਰਾਂ ਦੇ ਕਰਿੰਦਿਆਂ ਦਾ ਹਮਲਾ ਜਾਰੀ ਰਿਹਾ।
ਦੱਸ ਦੇਈਏ ਇਸ ਤੋਂ ਪਹਿਲਾਂ ਮਾਈਨਿੰਗ ਕਰਨ ਵਾਲਿਆਂ ਨੇ ਇੱਕ ਪਰਿਵਾਰ 'ਤੇ ਵੀ ਹਮਲਾ ਕੀਤਾ ਸੀ। ਇਸ ਪਰਿਵਾਰ ਨੇ ਵਿਧਾਇਕ ਬੋਨੀ ਅਜਨਾਲਾ ਨਾਲ ਮਿਲ ਕੇ ਨਾਜਾਇਜ਼ ਮਾਈਨਿੰਗ ਖਿਲਾਫ਼ ਆਵਾਜ਼ ਚੁੱਕੀ ਸੀ। ਇਸ ਕਰਕੇ ਮਾਈਨਿੰਗ ਕਰਨ ਵਾਲਿਆਂ ਨੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਹਮਲੇ ਵਿੱਚ ਪਰਿਵਾਰ ਦੀ ਇੱਕ ਮਹਿਲਾ ਜ਼ਖ਼ਮੀ ਹੋਈ ਹੈ। ਹਮਲਾਵਰਾਂ ਨੇ ਇਸ ਦੌਰਾਨ ਘਰ 'ਚ ਭੰਨ੍ਹਤੋੜ ਵੀ ਕੀਤੀ ਹੈ।
ਬੋਨੀ ਅਜਨਾਲਾ ਨੇ ਕੈਪਟਨ ਸਰਕਾਰ 'ਤੇ ਗੰਭੀਰ ਇਲਜ਼ਾਮ ਲਾਏ ਹਨ ਕਿ ਕੈਪਟਨ ਦੇ ਮੰਤਰੀ ਤੇ ਵਿਧਾਇਕ ਹੀ ਨਾਜਾਇਜ਼ ਮਾਈਨਿੰਗ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇੱਕ ਮੰਤਰੀ ਦੀ ਸ਼ਹਿ 'ਤੇ ਸ਼ਰੇਆਮ ਮਾਈਨਿੰਗ ਹੋ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਵੇਰੇ ਛੇ ਵਜੇ ਤੋਂ ਰਾਤ ਬਾਰਾਂ ਵਜੇ ਤੱਕ ਮਾਈਨਿੰਗ ਚੱਲਦੀ ਹੈ ਤੇ ਹਰ ਰੋਜ਼ 350-400 ਟਰੱਕ ਭਰੇ ਜਾਂਦੇ ਹਨ। ਬੋਨੀ ਅਜਨਾਲਾ ਨੇ ਮਾਈਨਿੰਗ ਤੋਂ ਮੋਟੀ ਕਮਾਈ ਦੇ ਦੋਸ਼ ਲਾਉਂਦਿਆਂ ਦੱਸਿਆ ਕਿ ਸਰਕਾਰ ਨੂੰ ਕਰੋੜਾਂ ਰੁਪਿਆਂ ਦਾ ਚੂਨਾ ਲਾਇਆ ਜਾ ਰਿਹਾ ਹੈ।
ਪਿੰਡ ਦੇ ਲੋਕ ਕਈ ਵਾਰ ਇਸ ਦੀ ਸ਼ਿਕਾਇਤ ਕਰ ਚੁੱਕੇ ਹਨ। ਲੋਕਾਂ ਨੇ ਸਰਪੰਚ 'ਤੇ ਵੀ ਮੁਲਜ਼ਮਾਂ ਨਾਲ ਮਿਲੇ ਹੋਣ ਦੇ ਇਲਜ਼ਾਮ ਲਾਏ ਹਨ। ਬੋਨੀ ਅਜਨਾਲਾ ਨੇ ਇਸ ਥਾਂ 'ਤੇ ਸੰਘਰਸ਼ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਜੇ ਇੱਥੇ ਮਾਈਨਿੰਗ ਨਾ ਹਟਾਈ ਗਈ ਤਾਂ ਉਹ ਤਿੱਖਾ ਸੰਘਰਸ਼ ਵਿੱਢਣਗੇ। ਉਨ੍ਹਾਂ ਕਿਹਾ ਕਿ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਏਗਾ।