ਕੈਪਟਨ ਦੇ ਫਾਰਮ ਹਾਊਸ ਤੇ ਸੁਖਬੀਰ ਦੇ ਹੋਟਲ ਨੇੜਿਓਂ 29 ਏਕੜ 'ਚੋਂ ਛੁਡਾਇਆ ਨਾਜਾਇਜ਼ ਕਬਜ਼ਾ, ਮੰਤਰੀ ਨੇ ਪੁਲਿਸ ਤੇ ਅਫਸਰਾਂ ਦੀ ਫੌਜ ਲੈ ਖੁਦ ਕੀਤਾ ਐਕਸ਼ਨ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾਂ ਫਾਰਮ ਹਾਊਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਹੋਟਲ ਸੁਖ ਵਿਲਾਸ ਦੇ ਨੇੜੇ ਹੈ।
ਰਵਨੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ 'ਚ ਪੰਚਾਇਤੀ ਜ਼ਮੀਨਾਂ 'ਤੇ ਨਾਜਾਇਜ਼ ਕਬਜ਼ਿਆਂ ਨੂੰ ਛੁਡਾਉਣ ਲਈ CM ਭਗਵੰਤ ਮਾਨ ਦੀ ਸਰਕਾਰ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੇ ਵੀਰਵਾਰ ਨੂੰ ਮੁਹਾਲੀ 'ਚ ਖੁਦ ਐਕਸ਼ਨ ਕੀਤਾ। ਉਨ੍ਹਾਂ ਨੇ ਇੱਕ ਸੇਵਾਮੁਕਤ ਕੈਪਟਨ ਦੀ ਨਾਜਾਇਜ਼ ਕਬਜ਼ੇ ਵਾਲੀ 29 ਏਕੜ ਜ਼ਮੀਨ ਛੁਡਵਾਈ। ਇਸ 'ਤੇ 2007 ਤੋਂ ਕਬਜ਼ਾ ਕੀਤਾ ਸੀ।
ਅਹਿਮ ਗੱਲ ਹੈ ਕਿ ਇਹ ਜ਼ਮੀਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾਂ ਫਾਰਮ ਹਾਊਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਹੋਟਲ ਸੁਖ ਵਿਲਾਸ ਦੇ ਨੇੜੇ ਹੈ। ਮੰਤਰੀ ਦੀ ਇਸ ਕਾਰਵਾਈ ਤੋਂ ਬਾਅਦ ਨਾਜਾਇਜ਼ ਕਬਜ਼ਾ ਕਰਨ ਵਾਲਿਆਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ।
ਜਦੋਂ ਨਵਜੋਤ ਸਿੱਧੂ ਨੂੰ ਸਿੱਧਾ ਹੋ ਗਿਆ ਜਵਾਕ, ਬੋਲਿਆ ਤਾਰ ਪਾਰ ਜਾਣ ਲਈ ਪੱਗ ਲਵਾਈ ਜਾਂਦੀ...ਉਦੋਂ ਕਿਸਾਨਾਂ ਦੀ ਪੱਗ ਨਹੀਂ ਸਿਰ ਲਹਿ ਜਾਂਦਾ...
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਅਧਿਕਾਰੀਆਂ ਤੇ ਪੁਲਿਸ ਦੀ ਟੁਕੜੀ ਨਾਲ ਇੱਥੇ ਪੁੱਜੇ। ਇਸ ਦੌਰਾਨ ਉਨ੍ਹਾਂ ਕੋਲ ਕੋਰਟ ਦਾ ਆਰਡਰ ਤੇ ਕਬਜ਼ੇ ਦਾ ਵਾਰੰਟ ਵੀ ਸੀ। ਕਿਸੇ ਵੀ ਤਰ੍ਹਾਂ ਦੇ ਵਿਵਾਦ ਨੂੰ ਹੱਲ ਕਰਨ ਲਈ ਮਾਲ ਵਿਭਾਗ ਦੇ ਅਧਿਕਾਰੀ ਵੀ ਰਿਕਾਰਡ ਲੈ ਕੇ ਪਹੁੰਚੇ ਹੋਏ ਸਨ।
ਮੰਤਰੀ ਕੁਲਦੀਪ ਧਾਲੀਵਾਲ ਨੇ ਦੱਸਿਆ ਕਿ ਇਸ ਜ਼ਮੀਨ ਦੀ ਕੀਮਤ ਕਰੋੜਾਂ 'ਚ ਹੈ। ਹੁਣ ਇੱਥੇ ਪਾਣੀ ਦਾ ਪ੍ਰਬੰਧ ਕਰ ਕੇ ਇਸ ਨੂੰ ਖੇਤੀ ਲਈ ਠੇਕੇ ’ਤੇ ਦਿੱਤਾ ਜਾਵੇਗਾ। ਇਸ ਨਾਲ ਪੰਚਾਇਤ ਦੀ ਆਮਦਨ 'ਚ ਵਾਧਾ ਹੋਵੇਗਾ। ਰਸੂਖਦਾਰਾਂ ਦੇ ਕਬਜ਼ੇ ਦੇ ਸਵਾਲ 'ਤੇ ਧਾਲੀਵਾਲ ਨੇ ਕਿਹਾ ਕਿ ਪੰਜਾਬ ਤੋਂ ਵੱਡਾ ਕੋਈ ਨੇਤਾ ਨਹੀਂ।
ਉਨ੍ਹਾਂ ਕਿਹਾ ਕਿ ਪਹਿਲੇ ਪੜਾਅ 'ਚ ਸਰਕਾਰ ਪੂਰੇ ਸੂਬੇ 'ਚ 5 ਹਜ਼ਾਰ ਏਕੜ ਤੋਂ ਵੱਧ ਜ਼ਮੀਨਾਂ ਤੋਂ ਕਬਜ਼ੇ ਹਟਾਏਗੀ। ਉਸ ਤੋਂ ਬਾਅਦ ਇਕ-ਇਕ ਕਰ ਕੇ ਹੋਰ ਜ਼ਮੀਨਾਂ ਦੇ ਕਬਜ਼ੇ ਛੁਡਾਏ ਜਾਣਗੇ। ਮੁਹਾਲੀ ਤੋਂ ਇਲਾਵਾ ਬਠਿੰਡਾ, ਅੰਮ੍ਰਿਤਸਰ ਤੇ ਪਟਿਆਲਾ ਸਰਕਾਰ ਦੇ ਨਿਸ਼ਾਨੇ ’ਤੇ ਹਨ।