ਕਿਸਾਨਾਂ ਦੀ 18 ਅਪਰੈਲ ਨੂੰ ਮਹਾਰੈਲੀ, ਹੁਣ ਕਿਸਾਨ ਲੜਣਗੇ ਆੜ੍ਹਤੀਆਂ ਦੀ ਲੜਾਈ ਵੀ
ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ ਬੁੱਧਵਾਰ ਨੂੰ ਅੰਮ੍ਰਿਤਸਰ ਦੀ ਭਗਤਾਂਵਾਲਾ ਦਾਣਾ ਮੰਡੀ 'ਚ ਜਥੇਬੰਦੀ ਨਾਲ ਜੁੜੇ ਪਿੰਡਾਂ ਦੀਆਂ ਸਾਰੀਆਂ 11 ਮੈਂਬਰੀ ਕਮੇਟੀਆਂ ਦੀ ਮੀਟਿੰਗ ਸੱਦੀ। ਜਿਸ ਨੇ ਵੇਖਦਿਆਂ ਹੀ ਵੇਖਦਿਆਂ ਇੱਕ ਰੈਲੀ ਦਾ ਰੂਪ ਧਾਰ ਲਿਆ।
ਅੰਮ੍ਰਿਤਸਰ: ਪੰਜਾਬ ਦੇ ਕਿਸਾਨ ਪਿਛਲੇ ਚਾਰ ਮਹੀਨਿਆਂ ਤੋਂ ਵਧ ਸਮੇਂ ਤੋਂ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਕੇਂਦਰ ਸਰਕਾਰ ਵਲੋਂ ਲਾਗੂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਜਿੱਥੇ ਇੱਕ ਪਾਸੇ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਸੰਘਰਸ਼ ਲਗਾਤਾਰ ਤੇਜ਼ ਹੋ ਰਿਹਾ ਹੈ ਅਤੇ ਉਥੇ ਹੀ ਕਿਸਾਨ ਜਥੇਬੰਦੀਆਂ ਹੁਣ ਪੰਜਾਬ 'ਚ ਕਿਸਾਨ ਮਹਾਂਰੈਲੀਆਂ 'ਚ ਵੱਡੇ ਇਕੱਠ ਕਰਕੇ ਦੇਸ਼ ਦੇ ਲੋਕਾਂ ਨੂੰ ਸਿੰਘੂ ਮੋਰਚੇ 'ਤੇ ਜਾਰੀ ਸੰਘਰਸ਼ ਪ੍ਰਤੀ ਲਾਮਬੱਧ ਕਰ ਰਹੀਆਂ ਹਨ। ਇਸ ਦੇ ਨਾਲ ਹੀ ਆੜ੍ਹਤੀਆਂ ਵੱਲੋਂ ਵਿੱਢੇ ਸੰਘਰਸ਼ ਦਾ ਵੀ ਕਿਸਾਨਾਂ ਨੇ ਸਮਰਥਨ ਕਰਕੇ ਕੇਂਦਰ ਸਰਕਾਰ ਖਿਲਾਫ ਆਪਣੀ ਹੋਰ ਆਵਾਜ਼ ਬੁਲੰਦ ਕਰ ਦਿੱਤੀ ਹੈ।
ਇਸੇ ਤਹਿਤ ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ ਬੁੱਧਵਾਰ ਨੂੰ ਅੰਮ੍ਰਿਤਸਰ ਦੀ ਭਗਤਾਂਵਾਲਾ ਦਾਣਾ ਮੰਡੀ 'ਚ ਜਥੇਬੰਦੀ ਨਾਲ ਜੁੜੇ ਪਿੰਡਾਂ ਦੀਆਂ ਸਾਰੀਆਂ 11 ਮੈਂਬਰੀ ਕਮੇਟੀਆਂ ਦੀ ਮੀਟਿੰਗ ਸੱਦੀ। ਜਿਸ ਨੇ ਵੇਖਦਿਆਂ ਹੀ ਵੇਖਦਿਆਂ ਇੱਕ ਰੈਲੀ ਦਾ ਰੂਪ ਧਾਰ ਲਿਆ। ਇਸ ਰੈਲੀ 'ਚ ਕਿਸਾਨ ਆਗੂਆਂ ਨੇ ਜਿੱਥੇ 18 ਅਪ੍ਰੈਲ ਨੂੰ ਸੂਬੇ 'ਚ ਹੋਣ ਵਾਲੀ ਕਿਸਾਨਾਂ ਦੀ ਮਹਾ ਰੈਲੀ 'ਚ ਇੱਕ ਲੱਖ ਤੋੰ ਵੱਧ ਲੋਕਾਂ ਦਾ ਇਕੱਠ ਕਰਨ ਬਾਬਤ ਡਿਊਟੀਆਂ ਲਗਾਈਆਂ। ਉਥੇ ਹੀ ਹਰ ਪਿੰਡ ਦੇ ਲੋਕਾਂ ਤਕ ਪਹੁੰਚ ਬਣਾ ਕੇ ਪਾਰਟੀ ਪੱਧਰ ਤੋਂ ਉਪਰ ਉੱਠ ਕੇ ਕਿਸਾਨੀ ਅੱਦੋਲਨ ਮਜਬੂਤ ਕਰਨ ਅਤੇ ਵੱਡੀ ਗਿਣਤੀ 'ਚ ਲੋਕਾਂ ਨੂੰ 18 ਅਪਰੈਲ ਦੀ ਮਹਾਂ ਰੈਲੀ 'ਚ ਲਿਆਉਣ ਦੀਆਂ ਡਿਊਟੀਆਂ ਲਗਾਈਆਂ।
ਇਸ ਦੌਰਾਨ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਮਹਾਂਰੈਲੀ ਭਗਤਾਵਾਲਾ ਦਾਣਾ ਮੰਡੀ 'ਚ ਹੋਵੇਗੀ ਅਤੇ ਇਨ੍ਹਾਂ ਵੱਡੀਆਂ ਰੈਲੀਆਂ ਨਾਲ ਜਿੱਥੇ ਲੋਕਾਂ ਨੂੰ ਲਾਮਬੱਧ ਕੀਤਾ ਜਾ ਰਿਹਾ ਹੈ ਨਾਲ ਹੀ ਕੇਂਦਰ ਦੀਆ ਨੀਤੀਆਂ ਤੋਂ ਵੀ ਚੌਕਸ ਕੀਤਾ ਜਾ ਰਿਹਾ ਹੈ। ਇਨ੍ਹਾਂ ਨਾਲ ਕੇਂਦਰ ਸਰਕਾਰ 'ਤੇ ਲਗਾਤਾਰ ਦਬਾਅ ਵੀ ਵੱਧ ਰਿਹਾ ਹੈ।
ਆੜ੍ਹਤੀਆਂ ਦੇ ਨਾਲ ਸੰਘਰਸ਼ 'ਚ ਦੇਵਾਂਗੇ ਸਾਥ, ਕੋਈ ਕਿਸਾਨ ਨਹੀਂ ਦੇਵੇਗਾ ਜਮੀਨੀ ਰਿਕਾਰਡ-ਪੰਧੇਰ
ਇਸ ਦੇ ਨਾਲ ਹੀ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅੇੈਫਸੀਆਈ ਵੱਲੋਂ ਜਾਰੀ ਕੀਤੇ ਹੁਕਮਾਂ ਦਾ ਪੰਜਾਬ ਦੇ ਕਿਸਾਨਾਂ ਆੜ੍ਹਤੀਆਂ 'ਤੇ ਕੋਈ ਅਸਰ ਨਹੀਂ ਹੋਵੇਗਾ। ਕਿਉਂਕਿ ਨਾਂਹ ਤਾਂ ਕੋਈ ਕਿਸਾਨ ਜਮੀਨੀ ਰਿਕਾਰਡ ਦੇਵੇਗਾ ਅਤੇ ਨਾ ਹੀ ਸਿੱਧੀ ਅਦਾਇਗੀ ਲਵੇਗਾ। ਉਨ੍ਹਾਂ ਕਿਹਾ ਕਿ ਇਸ ਮਸਲੇ 'ਤੇ ਅਸੀਂ ਪੂਰੀ ਤਰ੍ਹਾਂਆੜ੍ਹਤੀਆਂ ਨਾਲ ਹਾਂ।
ਪੰਧੇਰ ਨੇ ਕਿਹਾ ਕਿ ਆੜ੍ਹਤੀ ਜੋ ਵੀ ਸੰਘਰਸ਼ ਵਿੱਢਣਗੇ ਅਸੀਂ ਉਨ੍ਹਾਂ ਨਾਲ ਉਸੇ ਤਰ੍ਹਾਂ ਸਾਥ ਦੇਵਾਂਗੇ ਜਿਵੇਂ ਉਨ੍ਹਾਂ ਨੇ ਸਾਡਾ ਦਿੱਤਾ। ਸਰਕਾਰ ਦੀ ਮਨਸ਼ਾ ਸਿਰਫ ਕਿਸਾਨ ਅੰਦੋਲਨ ਖ਼ਤਮ ਕਰਨ ਦੀ ਹੈ ਇਸੇ ਕਰਕੇ ਰੋਜਾਨਾ ਅੇੈਫਸੀਆਈ ਵੱਲੋਂ ਨਵੇਂ ਫਰਮਾਨ ਜਾਰੀ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ: free bus travel for Women in Punjab: ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਸਾਰੀਆਂ ਔਰਤਾਂ ਲਈ ਵੱਡੀ ਸਹੂਲਤ, ਕੱਲ੍ਹ ਤੋਂ ਹੋਏਗੀ ਲਾਗੂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904