ਤਰਨਤਾਰਨ ਮਗਰੋਂ ਜਲੰਧਰ ਦੇ ਚਰਚ 'ਚ ਭੰਨਤੋੜ ਦੀ ਘਟਨਾ, ਮਾਮਲਾ ਦਰਜ, ਜਾਂਚ 'ਚ ਲਗੀ ਪੁਲਿਸ
ਪੰਜਾਬ ਦੇ ਤਰਨਤਾਰਨ 'ਚ ਚਰਚ ਦਾ ਵਿਵਾਦ ਰੁਕਿਆ ਨਹੀਂ ਸੀ ਕਿ ਜਲੰਧਰ ਜ਼ਿਲ੍ਹੇ 'ਚ ਚਰਚ 'ਚ ਭੰਨਤੋੜ ਦੀ ਘਟਨਾ ਵਾਪਰ ਗਈ। ਜਲੰਧਰ ਦੇ ਮਕਸੂਦਾਂ ਅਧੀਨ ਪੈਂਦੇ ਪਿੰਡ ਨੰਦਨਪੁਰ 'ਚ ਸ਼ਰਾਰਤੀ ਅਨਸਰਾਂ ਨੇ ਚਰਚ 'ਤੇ ਹਮਲਾ ਕਰਕੇ ਭੰਨਤੋੜ ਕੀਤੀ।
ਜਲੰਧਰ: ਪੰਜਾਬ ਦੇ ਤਰਨਤਾਰਨ 'ਚ ਚਰਚ ਦਾ ਵਿਵਾਦ ਰੁਕਿਆ ਨਹੀਂ ਸੀ ਕਿ ਜਲੰਧਰ ਜ਼ਿਲ੍ਹੇ 'ਚ ਚਰਚ 'ਚ ਭੰਨਤੋੜ ਦੀ ਘਟਨਾ ਵਾਪਰ ਗਈ। ਜਲੰਧਰ ਦੇ ਮਕਸੂਦਾਂ ਅਧੀਨ ਪੈਂਦੇ ਪਿੰਡ ਨੰਦਨਪੁਰ 'ਚ ਸ਼ਰਾਰਤੀ ਅਨਸਰਾਂ ਨੇ ਚਰਚ 'ਤੇ ਹਮਲਾ ਕਰਕੇ ਭੰਨਤੋੜ ਕੀਤੀ। ਇਸ ਘਟਨਾ ਤੋਂ ਬਾਅਦ ਪਿੰਡ 'ਚ ਤਣਾਅ ਦਾ ਮਾਹੌਲ ਹੈ।
ਇਸ ਦੇ ਨਾਲ ਹੀ ਚਰਚ 'ਚ ਭੰਨਤੋੜ ਦੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਈਸਾਈ ਭਾਈਚਾਰੇ ਦੇ ਲੋਕ ਇਕੱਠੇ ਹੋ ਗਏ। ਉਨ੍ਹਾਂ ਵਿੱਚ ਭਾਰੀ ਗੁੱਸਾ ਹੈ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਲੋਕ ਜਲੰਧਰ ਪਹੁੰਚ ਰਹੇ ਹਨ। ਚਰਚ ਦੇ ਪ੍ਰਬੰਧਕਾਂ ਨੇ ਭੰਨਤੋੜ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਈਸਾਈ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚੀ ਹੈ।
ਉਨ੍ਹਾਂ ਕਿਹਾ ਕਿ ਚਰਚਾਂ 'ਤੇ ਹਮਲੇ ਸੋਚੀ ਸਮਝੀ ਚਾਲ ਅਤੇ ਸਾਜ਼ਿਸ਼ ਤਹਿਤ ਕਰਵਾਏ ਜਾ ਰਹੇ ਹਨ। ਜੇਕਰ ਚਰਚ 'ਤੇ ਹਮਲਿਆਂ ਦੀਆਂ ਘਟਨਾਵਾਂ 'ਤੇ ਰੋਕ ਨਾ ਲਾਈ ਗਈ ਤਾਂ ਵੱਡੇ ਪੱਧਰ 'ਤੇ ਪ੍ਰਦਰਸ਼ਨ ਕੀਤੇ ਜਾਣਗੇ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ਪੰਜਾਬ ਦਾ ਮਾਹੌਲ ਵੀ ਖਰਾਬ ਕਰ ਸਕਦੀਆਂ ਹਨ।
ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਮਕਸੂਦਾਂ ਦੇ ਐਸਐਚਓ ਮਨਜੀਤ ਸਿੰਘ ਰੰਧਾਵਾ ਪੁਲੀਸ ਪਾਰਟੀ ਸਮੇਤ ਪਿੰਡ ਨੰਦਨਪੁਰ ਦੇ ਕੈਥੋਲਿਕ ਚਰਚ ਵਿੱਚ ਪੁੱਜੇ। ਉਨ੍ਹਾਂ ਅਣਪਛਾਤੇ ਸ਼ਰਾਰਤੀ ਅਨਸਰਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਬੰਧਕਾਂ ਨੇ ਐਸਐਸਪੀ ਜਲੰਧਰ ਦੇਹਾਤੀ ਸਵਰਨਦੀਪ ਸਿੰਘ ਤੋਂ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।