ਪੜਚੋਲ ਕਰੋ
Advertisement
ਜੰਗ ਦਾ ਤਾਂ ਨਾਂ ਵੀ ਮਾੜਾ...
ਪੜ੍ਹੋ ਜੰਗ ਦੀ ਅਸਲ ਤਸਵੀਰ ਨੂੰ ਪੇਸ਼ ਕਰਦੀ ਪੰਜਾਬੀ ਕਹਾਣੀ......
ਗੁਰਦੇਵ ਪਿੰਡ ’ਚ ਰਹਿਣ ਵਾਲਾ 2-3 ਏਕੜ ਰੱਖਣ ਵਾਲਾ ਛੋਟਾ ਕਿਸਾਨ ਸੀ। ਰੁਲਦੂ ਪਿੰਡ ਦਾ ਦਲਿਤ ਮਜ਼ਦੂਰ ਸੀ ਜੋ ਬਚਪਨ ਦੀਆਂ ਛੋਟੀਆਂ ਜਮਾਤਾਂ ਵਿੱਚ ਕਦੇ ਗੁਰਦੇਵ ਦਾ ਜਮਾਤੀ ਰਿਹਾ ਸੀ। ਬਚਪਨ ਤੋਂ ਹੀ ਦੋਵਾਂ ਦੀ ਕਾਫ਼ੀ ਸਾਂਝ ਸੀ।
ਅੱਜ ਅਚਾਨਕ ਦਿਨ ਢਲਣ ਵੇਲੇ ਜੀਰੀ ਵਿੱਚੋਂ ਕੱਖ ਪੁੱਟਦੇ ਗੁਰਦੇਵ ਦੇ ਨਾਲ ਲੱਗਦੇ ਸਰਦਾਰਾਂ ਦੇ ਖੇਤ ਵਿੱਚ ਕੰਮ ਕਰਦੇ ਰੁਲਦੂ ਨੇ ਆ ਪੁੱਛਿਆ, “ਓਏ ਮੈਂ ਸੁਣਿਆ ਕਿ ਕੋਈ ਜੰਗ-ਜੁੰਗ ਲੱਗਣ ਵਾਲੀ ਆ, ਸੱਚੀ ਗੱਲ ਆ ਇਹ?” ਇਸੇ ਗੱਲ ਦੀ ਚਿੰਤਾ ਤੋਂ ਅੱਜ ਸਵੇਰ ਤੋਂ ਗੁਰਦੇਵ ਦਾ ਖੇਤਾਂ ਵਿੱਚ ਮਨ ਨਹੀਂ ਸੀ ਲੱਗ ਰਿਹਾ, ਉਸ ਦਾ ਇਕਲੌਤਾ ਪੁੱਤ ਸੁੱਚਾ ਵੀ ਤਾਂ ਹਾਲੇ ਦੋ-ਤਿੰਨ ਸਾਲ ਪਹਿਲਾਂ ਹੀ ਫੌਜ ਵਿੱਚ ਭਰਤੀ ਹੋਇਆ ਸੀ।
ਗੁਰਦੇਵ ਕਹਿੰਦਾ, “ਆਹੋ, ਮੈਂ ਵੀ ਕੱਲ੍ਹ ਟੈਲੀਵਿਜ਼ਨ 'ਤੇ ਆਹੀ ਕੁਛ ਦੇਖਿਆ ਸੀ, ਮੇਰਾ ਤਾਂ ਦਿਲ ਘਬਰਾਈ ਜਾਂਦੈ, ਪਰ ਆਹਾ ਸਾਲੇ ਮੋਦੀ ਦੀ ਪਾਰਟੀ ਵਾਲੇ ਆਵਦੇ ਦਫ਼ਤਰਾਂ ਅੱਗੇ ਪਟਾਕੇ ਬਜਾਈ ਜਾਂਦੇ ਨੇ ਤੇ ਲੱਡੂ ਵੰਡੀ ਜਾਂਦੇ ਨੇ। ਉੱਤੋਂ ਆਹਾ ਫ਼ਿਲਮਾਂ ਦੇ ਐਕਟਰ ਸਾਲੇ ਸਰਕਾਰ ਨੂੰ ਜੰਗ ਲੱਗਣ ਦੀਆਂ ਵਧਾਈਆਂ ਦੇਈ ਜਾਂਦੇ ਨੇ। ਮੇਰੀ ਇੰਨੀ ਉਮਰ ਹੋ ਗਈ ਪਰ ਅੱਜ ਤੱਕ ਕਦੇ ਅਜਿਹਾ ਕੰਜਰ ਕਿੱਤਾ ਪਹਿਲਾਂ ਨੀ ਸੀ ਦੇਖਿਆ। ਸਾਡੇ ਪੁੱਤਾਂ 'ਤੇ ਬਣੀ ਆ ਤੇ ਇਹ ਜੰਗ ਦੇ ਨਜ਼ਾਰੇ ਲੈਣ ਨੂੰ ਫਿਰਦੇ ਨੇ।” ਗੁਰਦੇਵ ਰੋਣ ਹਾਕਾ ਹੋ ਕੇ ਕਹਿੰਦਾ, “ਦੇਖ ਲੈ ਰੁਲਦਿਆ ਕਰਜ਼ੇ ਦੀ ਪੰਡ ਨੇ ਮੇਰੇ ਸੁੱਚੇ ਨੂੰ ਏਹੋ ਜਿਹੀ ਨੌਕਰੀ ਦੇ ਚੱਕਰਾਂ ’ਚ ਪਾ ਤਾ।”
ਫਿਰ ਰੁਲਦੂ ਕਹਿੰਦਾ, “ਯਾਰ ਹੋਰ ਗਾਹਾਂ ਹੁਣ ਸੁੱਚੇ ਨੇ ਡੀ.ਸੀ. ਲੱਗਣਾ ਸੀ, ਆਪਣੇ ਵਰਗੇ ਲੋਕਾਂ ਦੇ ਜਵਾਕਾਂ ਨੇ ਤਾਂ ਆਹਾ ਫੌਜ ਪੁਲਸ ਦੀਆਂ ਭਰਤੀਆਂ ਹੀ ਤਾਂ ਦੇਖਣੀਆਂ ਹੋਈਆਂ, ਬਾਕੀ ਸਰਕਾਰੀ ਨੌਕਰੀਆਂ ਤਾਂ ਹੁਣ ਪੈਸੇ ਵਾਲਿਆਂ ਲਈ ਹੀ ਰਹਿ ਗਈਆਂ ਨੇ, ਨਾਲੇ ਉਹ ਕਿਹੜਾ ਕਿਸੇ ਦੇਸ਼ ਭਗਤੀ ਜਾਂ ਚੌਅ ਨੂੰ ਗਿਆ ਫੌਜ ’ਚ, ਤੇਰੇ ਸਿਰ ਚੜ੍ਹੇ ਹੋਏ ਕਰਜ਼ੇ ਨੂੰ ਸਹਾਰਾ ਲਵਾਉਣ ਲਈ ਹੀ ਗਿਆ ਉਹੋ। ਤੂੰ ਐਂਵੇ ਦਿਲ ਛੋਟਾ ਨਾ ਕਰ।”
ਫੇਰ ਸਰਸਰੀ ਜਿਹੀ ਗੱਲ ਕਰਦੇ ਰੁਲਦੂ ਨੇ ਗੁਰਦੇਵ ਨੂੰ ਕਿਹਾ, “ਬਾਈ ਗੁੱਸਾ ਨਾ ਕਰੀ, ਪਰ ਇੱਕ ਗੱਲ ਕਹਿਣੀ ਸੀ, ਜੇ ਜੰਗ ਲੱਗ ਵੀ ਗਈ ਤਾਂ ਸਾਡੇ ਆਲੇ ਲਾਣੇ ਨੂੰ ਤਾਂ ਕੋਈ ਫ਼ਰਕ ਨੀ, ਸਾਲਾ ਮੈਂ ਤਾਂ ਜਿੱਦਣ ਦਾ ਦੇਖਦਾਂ ਓਦਣ ਦੇ ਸਾਡੇ ਪੁਰਖੇ ਆਹੀ ਲੋਕਾਂ ਦੇ ਖੇਤਾਂ ਵਿੱਚ ਮਿੱਟੀ-ਘੱਟਾ ਢੋਂਦੇ ਫਿਰਦੇ ਨੇ, ਨਾਂ ਤਾਂ ਅੱਜ ਤੱਕ ਰਹਿਣ ਨੂੰ ਕੋਈ ਢੰਗ ਦੇ ਦੋ ਕਮਰੇ ਬਣੇ ਤੇ ਨਾਂ ਹੀ ਸਾਲੀ ਕਦੇ ਅਗਲੇ ਦਿਨ ਦੀ ਰੋਟੀ ਦੇ ਫ਼ਿਕਰ ਤੋਂ ਬਿਨ੍ਹਾਂ ਕਦੇ ਰਾਤ ਲੰਘੀ ਆ, ਫੇਰ ਜੇ ਹੁਣ ਪਾਕਿਸਤਾਨ ਵੀ ਆ ਚੜ੍ਹੇ ਉਹ ਕੇਹੜਾ ਏਦੂੰ ਕੋਈ ਜ਼ਿਆਦਾ ਮਾੜਾ ਕਰਦੂ ਸਾਡਾ ਯਰ। ਅਸੀਂ ਤਾਂ ਅੱਜ ਵੀ ਓਵੇਂ ਹੀ ਦੋਜ਼ਖ ਦੀ ਜਿੰਦਗੀ ਕੱਟ ਰਹੇ ਆ ਜਿਵੇਂ ਅੰਗਰੇਜ਼ਾਂ ਵੇਲੇ ਕੱਟਦੇ ਸੀ। ਸਾਡੀਆਂ ਜਨਾਨੀਆਂ ਨੂੰ ਤਾਂ ਸਾਲਾ ਅੱਜ ਵੀ ਕੋਈ ਖੇਤ 'ਚੋਂ ਸਾਗ ਨੀ ਤੋੜਨ ਦਿੰਦਾ।”
ਇੰਨੇ ਨੂੰ ਉਹ ਗੱਲਾਂ ਕਰਦੇ ਪਿੰਡ ਵੱਲ ਨੂੰ ਚੱਲ ਪਏ। ਫੇਰ ਗੁਰਦੇਵ ਕਹਿੰਦਾ ਗੱਲ ਤਾਂ ਤੇਰੀ ਠੀਕ ਆ ਰੁਲਦਿਆ, ਪਰ ਆਹਾ ਜੇਹੜੀ ਜੰਗ ਲੱਗੂ, ਏਸ 'ਚ ਕੇਹੜਾ ਇਨ੍ਹਾਂ ਮੰਤਰੀਆਂ ਦੇ ਜਵਾਕ ਮਰਨੇ ਨੇ, ਏਸ 'ਚ ਵੀ ਤਾਂ ਆਪਣੇ ਵਰਗੇ ਗ਼ਰੀਬਾਂ ਦੇ ਜਵਾਕ ਈ ਮਰਨੇ ਨੇ। ਇੰਨੇ ’ਚ ਉਨ੍ਹਾਂ ਨੂੰ ਪਿੰਡ ਦੀ ਫਿਰਨੀ ’ਤੇ ਭੋਲੇ ਕਾ ਤੇਜੀ ਮਿਲ ਗਿਆ। ਤੇਜੀ ਨੇ ਬੀ.ਏ. ਬੀ.ਐਡ. ਕਰਨ ਤੋਂ ਬਾਅਦ ਸਰਕਾਰੀ ਅਧਿਆਪਕਾਂ ਦੀ ਨੌਕਰੀ ਲੈਣ ਵਾਸਤੇ ਬਹੁਤ ਧਰਨੇ ਦਿੱਤੇ ਤੇ ਕਈ ਵਾਰੀ ਡਾਂਗਾਂ ਖਾਧੀਆਂ ਸਨ, ਸ਼ਾਇਦ ਇਨ੍ਹਾਂ ਖਾਧੇ ਹੋਏ ਧੱਕਿਆਂ ਕਰਕੇ ਹੀ ਉਹ ਬੇਰੁਜ਼ਗਾਰ ਅਧਿਆਪਕਾਂ ਤੇ ਪਿੰਡ ਦੀ ਨੌਜਵਾਨ ਭਾਰਤ ਸਭਾ ਦਾ ਐਕਟਿਵ ਮੈਂਬਰ ਬਣ ਗਿਆ ਸੀ। ਉਹ ਕੁਝ ਨੌਜਵਾਨਾਂ ਨਾਲ ਕੱਲ੍ਹ ਨੂੰ ਜ਼ਿਲ੍ਹੇ ਦੇ ਡੀ.ਸੀ. ਦਫ਼ਤਰ ਅੱਗੇ ਧਰਨਾ ਦੇਣ ਦੀਆਂ ਤਿਆਰੀਆਂ ਕਰ ਰਿਹਾ ਸੀ। ਰੁਲਦੂ ਨੇ ਆਹੀ ਜੰਗ ਵਾਲੀ ਗੱਲ ਬਾਰੇ ਪੱਕਾ ਪਤਾ ਕਰਨ ਲਈ ਉਸ ਤੋਂ ਪੁੱਛ ਲਿਆ ਤਾਂ ਤੇਜੀ ਨੇ ਨਵੀਂ ਹੀ ਗੱਲ ਕੱਢ ਮਾਰੀ, ਉਹ ਕਹਿੰਦਾ ਕਿ ਨਵੀਨ ਜਿੰਦਲ ਤੇ ਨਵਾਜ਼ ਸ਼ਰੀਫ਼ ਦੀ ਚੰਗੀ ਬਣਦੀ ਹੈ, ਜਿੰਦਲ ਭਾਰਤ ਦਾ ਵੱਡਾ ਕਾਰੋਬਾਰੀ ਆ, ਦੋਵਾਂ ਦਾ ਸਟੀਲ ਦਾ ਕਾਰੋਬਾਰ ਹੈ।
ਅੱਗੇ ਉਹ ਕਹਿੰਦਾ, “ਸਰਕਾਰ ਚਾਹੇ ਕੋਈ ਵੀ ਰਹੀ ਹੋਵੇ, ਲੋਕ ਜਦੋਂ ਵੀ ਆਵਦੇ ਮਸਲਿਆਂ ਨੂੰ ਹੱਲ ਕਰਾਉਣ ਲਈ ਉੱਠਦੇ ਨੇ ਤਾਂ ਬਹੁਤ ਸਾਰੇ ਮੁਲਕਾਂ ਦੀਆਂ ਸਰਕਾਰਾਂ ਆਪਸ ਵਿੱਚ ਜੰਗ ਛੇੜ ਦਿੰਦੀਆਂ ਨੇ, ਇਤਿਹਾਸ ਇਸ ਗੱਲ ਦਾ ਗਵਾਹ ਹੈ। ਨਾਲੇ ਹੁਣ ਤਾਂ ਆਪਾਂ ਸਾਰੀਆਂ ਨੂੰ ਪਤਾ ਈ ਆ ਕਿ ਭਾਰਤ ਵਿੱਚ ਮੋਦੀ ਦੀ ਸਰਕਾਰ ਤੇ ਪਾਕਿਸਤਾਨ ਵਿੱਚ ਨਵਾਜ਼ ਸ਼ਰੀਫ਼ ਦੀ ਸਰਕਾਰ ਲੋਕਾਂ ਦੇ ਮੁੱਢਲੇ ਮਸਲਿਆਂ ਨੂੰ ਹੱਲ ਕਰਨ ਵਿੱਚ ਨਾਕਾਮਯਾਬ ਰਹੀ ਹੈ। ਇਸੇ ਕਰਕੇ ਆਹਾ ਸਾਰਾ ਕੁਝ ਹੋ ਰਿਹਾ ਹੈ। ਇਹ ਤਾਂ ਸਿਰਫ਼ ਦੋ ਦੇਸ਼ਾਂ ਦੀਆਂ ਦੋ ਹੁਕਮਰਾਨ ਜਮਾਤਾਂ ਦੀ ਜੰਗ ਹੈ, ਲੋਕ ਪਾਕਿਸਤਾਨ ਵਿੱਚ ਵੀ ਭੁੱਖੇ ਮਰ ਰਹੇ ਹਨ ਤੇ ਭਾਰਤ ਵਿੱਚ ਵੀ, ਬੇਰੁਜ਼ਗਾਰੀ ਉੱਥੇ ਵੀ ਹੱਦਾਂ ਬੰਨ੍ਹੇ ਟੱਪ ਗਈ ਹੈ ਤੇ ਇੱਥੇ ਵੀ, ਸਰਕਾਰਾਂ ਉੱਥੋਂ ਦੀਆਂ ਵੀ ਜ਼ਾਲਮ ਨੇ ਤੇ ਇੱਥੋਂ ਦੀਆਂ ਵੀ, ਪਾਕਿਸਤਾਨ ਦੀ ਫੌਜ ਵਿੱਚ ਵੀ ਆਮ ਮਜ਼ਦੂਰਾਂ, ਕਿਸਾਨਾਂ ਦੇ ਜਵਾਕ ਭਰਤੀ ਨੇ ਤੇ ਇੱਥੇ ਵੀ, ਉੱਥੋਂ ਦੀਆਂ ਸਰਕਾਰਾਂ ਵੀ ਲੋਕਾਂ ਨੂੰ ਦੇਸ਼ ਭਗਤੀ ਦੇ ਜਾਲ ਵਿੱਚ ਫਸਾ ਰਹੀਆਂ ਨੇ ਤੇ ਇੱਥੋਂ ਦੀਆਂ ਵੀ। ਸਭ ਤੋਂ ਵੱਡੀ ਗੱਲ, ਅਜਿਹੀਆਂ ਜੰਗਾਂ ਦੇ ਸਿਰ ’ਤੇ ਅਮਰੀਕਾ ਤੇ ਇਜ਼ਰਾਇਲ ਵਰਗੇ ਵੱਡੇ ਮੁਲਕਾਂ ਦੀਆਂ ਕੰਪਨੀਆਂ ਦੇ ਹਥਿਆਰ ਵਿਕ ਜਾਂਦੇ ਨੇ, ਤਾਹੀਓਂ ਉਹ ਅਜਿਹੇ ਮਸਲਿਆਂ ਨੂੰ ਬਣਾ ਕੇ ਰੱਖਣਾ ਚਾਹੁੰਦੇ ਨੇ। ਇੱਕ ਗੱਲ ਸੋਚਣ ਵਾਲੀ ਹੈ ਵੀ ਭਲਾ ਜਦ ਜੰਗ ਤਾਂ ਖੁਦ ਇੱਕ ਮਸਲਾ ਹੈ ਫੇਰ ਇਹ ਬਾਕੀ ਮਸਲਿਆਂ ਦਾ ਕੀ ਹੱਲ ਕਰੂਗੀ।”
ਇੰਨੀ ਗੱਲ ਸੁਣ ਕੇ ਗੁਰਦੇਵ ਨੂੰ ਹੁਣ ਉਸ ਟੀ.ਵੀ. ਵਿੱਚ ਖ਼ਬਰਾਂ ਦੇ ਰਹੇ ਭਾਈ ’ਤੇ ਬਹੁਤ ਗੁੱਸਾ ਚੜ੍ਹ ਰਿਹਾ ਸੀ ਤੇ ਰੁਲਦੂ ਨੂੰ ਸਰਦਾਰਾਂ ਦਾ ਮੁੰਡਾ ਯਾਦ ਆ ਰਿਹਾ ਸੀ, ਜੋ ਆਪਣੇ ਲੰਬੇ ਜਿਹੇ ਮੋਬਾਈਲ ’ਤੇ ਗੂਠੇ ਨੂੰ ਉੱਤੇ-ਥੱਲੇ ਕਰਕੇ ਪਾਕਿਸਤਾਨ ਨੂੰ ਗਾਲ੍ਹਾਂ ਕੱਢੀ ਜਾ ਰਿਹਾ ਸੀ।
-ਸਚਿੰਦਰਪਾਲ ‘ਪਾਲੀ’
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਸਿਹਤ
ਤਕਨਾਲੌਜੀ
Advertisement