(Source: ECI/ABP News/ABP Majha)
ਸਿੱਖਿਆ ਸੁਧਾਰਾਂ ਵੱਲ ਪਹਿਲਕਦਮੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦਾ ਤਰਜੀਹੀ ਏਜੰਡਾ : ਸਿਹਤ ਮੰਤਰੀ ਜੌੜਾਮਾਜਰਾ
ਵਿਧਾਇਕ ਡਾ. ਬਲਵੀਰ ਸਿੰਘ ਨੇ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ 'ਚ ਅਧਿਆਪਕਾਂ ਦਾ ਬਹੁਤ ਵੱਡਾ ਯੋਗਦਾਨ ਹੋਵੇਗਾ ਅਤੇ ਪੰਜਾਬ ਸਰਕਾਰ ਅਗਲੇ 5 ਸਾਲਾਂ 'ਚ ਸੂਬੇ ਦੇ ਸਕੂਲਾਂ ਨੂੰ ਅਜਿਹਾ ਬਣਾ ਦੇਵੇਗੀ......
ਪਟਿਆਲਾ : ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਅਤੇ ਚੋਣਾਂ ਬਾਰੇ ਵਿਭਾਗਾਂ ਦੇ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਹੈ ਕਿ ਸਿੱਖਿਆ ਸੁਧਾਰਾਂ ਵੱਲ ਪਹਿਲਕਦਮੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦਾ ਤਰਜੀਹੀ ਏਜੰਡਾ ਹੈ। ਸ. ਜੌੜਾਮਾਜਰਾ ਅੱਜ ਇੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਸਾਲ 2021-22 ਦੌਰਾਨ ਦਸਵੀਂ ਤੇ ਬਾਰ੍ਹਵੀਂ ਪ੍ਰੀਖਿਆਵਾਂ 'ਚੋਂ ਮੈਰਿਟ ਪ੍ਰਾਪਤ ਕਰਨ ਵਾਲੇ ਪਟਿਆਲਾ ਜ਼ਿਲ੍ਹੇ ਦੇ 25 ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਕਰਵਾਏ ਵਿਸੇਸ਼ ਜ਼ਿਲ੍ਹਾ ਪੱਧਰੀ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਸਨ।
ਉਨ੍ਹਾਂ ਦੇ ਨਾਲ ਪੁੱਜੇ ਪਟਿਆਲਾ ਦਿਹਾਤੀ ਦੇ ਐਮ.ਐਲ.ਏ ਡਾ. ਬਲਵੀਰ ਸਿੰਘ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਅਤੇ ਨਾਭਾ ਹਲਕੇ ਦੇ ਐਮ.ਐਲ. ਏ. ਗੁਰਦੇਵ ਸਿੰਘ ਦੇਵ ਮਾਨ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਲਵਾਈ। ਸਨਮਾਨਿਤ ਹੋਣ ਵਾਲੇ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਨੂੰ ਸੰਬੋਧਨ ਮੌਕੇ ਸਿਹਤ ਮੰਤਰੀ ਸ. ਜੌੜਾਮਾਜਰਾ ਨੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦਾ ਜ਼ਿਕਰ ਕਰਦਿਆਂ ਬੱਚਿਆਂ ਨੂੰ ਪੜ੍ਹ ਕੇ ਸਮਾਜ ਨੂੰ ਸੇਧ ਦੇਣ ਦੇ ਕਾਰਜ ਕਰਨ ਲਈ ਪ੍ਰੇਰਤ ਕੀਤਾ।
ਉਨ੍ਹਾਂ ਨੇ ਬੱਚਿਆਂ ਨੂੰ ਵਾਤਾਵਰਣ ਪ੍ਰਤੀ ਸੁਚੇਤ ਹੋਣ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਅਧਿਆਪਕਾਂ ਦੇ ਹੱਥ ਸੂਬੇ ਤੇ ਦੇਸ਼ ਦਾ ਭਵਿੱਖ ਸਾਡੇ ਬੱਚਿਆਂ ਦੀ ਕਮਾਂਡ ਹੈ, ਜਿਸ ਲਈ ਅਧਿਆਪਕ ਬੱਚਿਆਂ ਨੂੰ ਚੰਗੇ ਨਾਗਰਿਕ ਬਣਾਉਣ 'ਚ ਸਹਾਈ ਹੋਣ। ਸਿਹਤ ਮੰਤਰੀ ਨੇ ਮਾਡਲ ਟਾਊਨ ਸਕੂਲ ਪਟਿਆਲਾ ਨੂੰ ਪੰਜਾਬ ਵਿਚ 'ਬੈਸਟ ਸਕੂਲ' ਦਾ ਦਰਜਾ ਮਿਲਣ 'ਤੇ 10 ਲੱਖ ਰੁਪਏ ਜਦਕਿ ਜੂਨੀਅਰ ਮਾਡਲ ਸਕੂਲ ਨਾਭਾ ਨੂੰ 7.5 ਲੱਖ ਰੁਪਏ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਰਾਜਲਾ ਨੂੰ 5 ਲੱਖ ਰੁਪਏ ਦਾ ਵਿਭਾਗੀ ਇਨਾਮ ਮਿਲਣ 'ਤੇ ਉਚੇਚੇ ਤੌਰ 'ਤੇ ਵਧਾਈ ਦਿੱਤੀ।
ਵਿਧਾਇਕ ਡਾ. ਬਲਵੀਰ ਸਿੰਘ ਨੇ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ 'ਚ ਅਧਿਆਪਕਾਂ ਦਾ ਬਹੁਤ ਵੱਡਾ ਯੋਗਦਾਨ ਹੋਵੇਗਾ ਅਤੇ ਪੰਜਾਬ ਸਰਕਾਰ ਅਗਲੇ 5 ਸਾਲਾਂ 'ਚ ਸੂਬੇ ਦੇ ਸਕੂਲਾਂ ਨੂੰ ਅਜਿਹਾ ਬਣਾ ਦੇਵੇਗੀ ਕਿ ਇਨ੍ਹਾਂ ਸਕੂਲਾਂ 'ਚੋਂ ਹੀ ਡਾਕਟਰ, ਸਾਇੰਸਦਾਨ, ਆਈ.ਏ.ਐਸ. ਤੇ ਵੱਡੇ ਵਪਾਰੀ ਪੈਦਾ ਹੋਣਗੇ। ਜਦੋਂ ਕਿ ਵਿਧਾਇਕ ਗੁਰਦੇਵ ਸਿੰਘ ਮਾਨ ਨੇ ਆਪਣੇ ਸਕੂਲੀ ਜੀਵਨ ਦੀਆਂ ਯਾਦਾਂ ਵਿਦਿਆਰਥੀਆਂ ਨਾਲ ਸਾਂਝੀਆਂ ਕਰਦਿਆਂ ਨੇਕ ਇਰਾਦੇ ਨਾਲ ਮਿਹਨਤ ਕਰਨ ਦਾ ਹੋਕਾ ਦਿੱਤਾ।
ਪਟਿਆਲਾ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਿੰਦਰ ਕੌਰ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਪਟਿਆਲਾ ਜ਼ਿਲ੍ਹੇ ਦੇ ਸਕੂਲਾਂ ਦੀ ਬਿਹਤਰੀਨ ਕਾਰਗੁਜ਼ਾਰੀ ਦਾ ਜ਼ਿਕਰ ਕੀਤਾ।ਮਾਡਲ ਟਾਊਨ ਸਕੂਲ ਦੇ ਪ੍ਰਿੰਸੀਪਲ ਬਲਵੀਰ ਸਿੰਘ ਜੌੜਾ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਮੌਕੇ ਵੱਖ ਵੱਖ ਸਕੂਲਾਂ ਦੇ ਪ੍ਰਿੰਸੀਪਲ, ਅਧਿਆਪਕ, 'ਆਪ' ਪਾਰਟੀ ਦੇ ਐਸ.ਸੀ. ਵਿੰਗ ਦੇ ਸੂਬਾ ਪ੍ਰਧਾਨ ਅਮਰੀਕ ਸਿੰਘ ਬੰਗੜ, ਸੂਬਾ ਆਗੂ ਜਰਨੈਲ ਸਿੰਘ ਮੰਨੂ, ਲੋਕ ਸਭਾ ਕੋ ਇੰਚਾਰਜ ਪ੍ਰੀਤੀ ਮਲਹੋਤਰਾ, ਸ਼ਹਿਰੀ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ, ਦਿਹਾਤੀ ਪ੍ਰਧਾਨ ਮੇਘ ਚੰਦ ਸ਼ੇਰਮਾਜਰਾ, ਮਹਿਲਾ ਜ਼ਿਲ੍ਹਾ ਪ੍ਰਧਾਨ ਵੀਰਪਾਲ ਕੌਰ ਚਹਿਲ, ਈਵੈਂਟ ਇੰਚਾਰਜ ਅੰਗਰੇਜ ਸਿੰਘ ਰਾਮਗੜ੍ਹ, ਜ਼ਿਲਾ ਸਿੱਖਿਆ ਦਫ਼ਤਰ ਦਾ ਅਮਲਾ ਤੇ ਮਾਡਲ ਟਾਊਨ ਸਕੂਲ ਦਾ ਸਮੂਹ ਸਟਾਫ ਹਾਜ਼ਰ ਰਿਹਾ ਹਾਜ਼ਰ ਸੀ।