Bandi Singh vs Amit Shah: ਬੰਦੀ ਸਿੰਘਾਂ ਨੇ ਜੇਲ੍ਹ ਤੋਂ ਭੇਜਿਆ ਅਮਿਤ ਸ਼ਾਹ ਨੂੰ ਜਵਾਬ, ਲੋਕ ਸਭਾ 'ਚ ਗ੍ਰਹਿ ਮੰਤਰੀ ਨੇ ਖੜ੍ਹੇ ਕੀਤੇ ਸੀ ਸਵਾਲ
Bandi Singh vs Amit Shah: ਅਮਿਤ ਸ਼ਾਹ ਜੀ, ਤੁਸੀਂ ਕਿਸੇ ਵਹਿਮ ਵਿੱਚ ਨਾ ਰਹਿਣਾ, ਸਾਨੂੰ ਆਪਣੇ ਕੀਤੇ 'ਤੇ ਕੋਈ ਪਛਤਾਵਾ ਨਹੀਂ ਹੈ। ਬਲਕਿ ਸਾਨੂੰ ਮਾਣ ਤੇ ਤਸੱਲੀ ਹੈ ਕਿ ਸਾਡੀਆਂ ਜਿੰਦੜੀਆਂ ਸਾਡੀ ਕੌਮ ਦੇ ਮਕਸਦ ਦੇ ਲੇਖੇ ਲੱਗੀਆਂ ਹਨ।
Bandi Singh vs Amit Shah: ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪਾਰਲੀਮੈਂਟ ਵਿੱਚ ਬੰਦੀ ਸਿੰਘਾਂ ਸਬੰਧੀ ਦਿੱਤੇ ਬਿਆਨ ਦਾ ਬੇਅੰਤ ਸਿੰਘ ਕਤਲ ਕੇਸ ਵਿੱਚ ਸਜ਼ਾ ਭੁਗਤ ਰਹੇ ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਪਰਮਜੀਤ ਸਿੰਘ ਭਿਉਰਾ ਵੱਲੋਂ ਢੁਕਵਾਂ ਜੁਆਬ ਭੇਜਿਆ ਗਿਆ ਹੈ ਜੋ ਇਸ ਪ੍ਰਕਾਰ ਹੈ -
''ਸਾਡੇ ਧਿਆਨ ਵਿੱਚ ਆਇਆ ਹੈ ਕਿ ਹਿੰਦੂ-ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਾਰਲੀਮੈਂਟ ਵਿੱਚ ਬੋਲਦਿਆਂ ਕਿਹਾ ਹੈ ਕਿ ਜੇਕਰ ਦੋਸ਼ੀ ਨੂੰ ਆਪਣੇ ਕੀਤੇ ਕੰਮ ਦਾ ਪਛਤਾਵਾ ਨਹੀਂ ਤਾਂ ਉਹ ਮੁਆਫ਼ੀ ਦਾ ਹੱਕਦਾਰ ਨਹੀਂ ਹੋ ਸਕਦਾ। ਉਹਨਾਂ ਦੀ ਇਹ ਸਟੇਟਮੈਂਟ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ 'ਤੇ ਦੋ-ਟੁੱਕ ਜੁਆਬ ਹੈ।
ਅਮਿਤ ਸ਼ਾਹ ਜੀ, ਤੁਸੀਂ ਕਿਸੇ ਵਹਿਮ ਵਿੱਚ ਨਾ ਰਹਿਣਾ, ਸਾਨੂੰ ਆਪਣੇ ਕੀਤੇ 'ਤੇ ਕੋਈ ਪਛਤਾਵਾ ਨਹੀਂ ਹੈ। ਬਲਕਿ ਸਾਨੂੰ ਮਾਣ ਤੇ ਤਸੱਲੀ ਹੈ ਕਿ ਸਾਡੀਆਂ ਜਿੰਦੜੀਆਂ ਸਾਡੀ ਕੌਮ ਦੇ ਮਕਸਦ ਦੇ ਲੇਖੇ ਲੱਗੀਆਂ ਹਨ। ਭਾਰਤੀ ਨਿਜ਼ਾਮ ਦੇ ਸੰਦਾਂ ਵੱਲੋਂ ਸਾਡੀ ਕੌਮ ਦੇ ਨੌਜਵਾਨਾਂ 'ਤੇ ਹੋ ਰਹੇ ਜ਼ੁਲਮਾਂ ਤੇ ਅੱਤਿਆਚਾਰਾਂ ਨੂੰ ਠੱਲ੍ਹ ਪਾਉਣ ਅਤੇ ਗੁਲਾਮੀ ਵਿੱਚ ਜਕੜੀ ਕੌਮ ਨੂੰ ਆਜ਼ਾਦ ਕਰਵਾਉਣ ਲਈ ਲੜਦਿਆਂ ਅਸੀ ਤੁਹਾਡੇ ਮੁਲਕ ਦੇ ਕੈਦ-ਖ਼ਾਨਿਆਂ ਵਿੱਚ ਕੈਦ ਹੋਏ ਹਾਂ। ਤੁਸੀ ਤੇ ਤੁਹਾਡਾ ਸਿਸਟਮ ਮੰਨੇ ਜਾਂ ਨਾ ਮੰਨੇ, ਪਰ ਅਸੀ ਭਾਰਤ-ਪੰਜਾਬ ਜੰਗ ਦੇ ਕੈਦੀ ਹਾਂ।
ਅਸੀ ਇਸ ਮੁਲਕ ਦੇ ਹੁਕਮਰਾਨਾਂ ਤੋਂ ਕਿਸੇ ਕਿਸਮ ਦੀ ਰਿਆਇਤ ਜਾਂ ਰਹਿਮ ਲੈਣ ਦੀ ਸੋਚ ਹੀ ਨਹੀਂ ਰੱਖਦੇ। ਸਾਡੀ ਅਰਜੋਈ ਅਕਾਲ ਪੁਰਖ ਅੱਗੇ ਹੈ। ਅਸੀ ਉਸ ਪ੍ਰਮਾਤਮਾ ਦੀ ਰਜ਼ਾ ਵਿੱਚ ਭਾਰਤੀ ਨਿਆਇਕ ਸਿਸਟਮ ਵੱਲੋਂ ਮਿਲੀ ਕੈਦ ਕੱਟ ਰਹੇ ਹਾਂ ਅਤੇ ਅੱਗੋਂ ਵੀ ਉਸੇ ਪ੍ਰਮਾਤਮਾ ਦੀ ਰਜ਼ਾ ਵਿੱਚ ਰਹਿ ਕੇ ਕੱਟਾਂਗੇ। ਸਾਡੀ ਅਸਲ ਤਾਕਤ ਗੁਰੂ ਪੰਥ ਹੈ ਅਤੇ ਸਾਡੇ ਤੇ ਮੇਹਰ ਅਤੇ ਥਾਪੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ। ਸਾਡੀ ਕੌਮ ਸਾਡੇ ਲਈ ਚਿੰਤਤ ਹੈ ਅਤੇ ਸਾਡੀ ਬੰਦ ਖ਼ਲਾਸੀ ਲਈ ਸੰਘਰਸ਼ੀਲ ਹੈ, ਇਹ ਹੀ ਸਾਡੇ ਲਈ ਮਾਣ ਤੇ ਹੌਸਲੇ ਵਾਲੀ ਗੱਲ ਹੈ।
ਸਾਡੇ ਲਈ ਪ੍ਰੇਰਣਾ-ਦਾਇਕ ਤੇ ਪ੍ਰੇਰਣਾ ਸ੍ਰੋਤ ਹੈ ਸਾਡਾ ਵਿਰਸਾ, ਗੌਰਵਮਈ ਪ੍ਰੰਪਰਾਵਾਂ ਅਤੇ ਸਿੱਖ ਇਤਿਹਾਸ ਜੋ ਕੁਰਬਾਨੀਆਂ ਅਤੇ ਸ਼ਹਾਦਤਾਂ ਦੀਆਂ ਦਾਸਤਾਨਾਂ ਨਾਲ ਬੇਅੰਤ ਮਾਲੋ-ਮਾਲ ਹੈ। ਜਿਸ ਦਿਨ, ਜਿਸ ਘੜੀ ਦਸਮ ਪਾਤਿਸ਼ਾਹ ਦਾ ਸਾਜਿਆ ਪੰਥ ਆਪਣੀ ਪ੍ਰਭੂਸਤਾ ਅਤੇ ਆਜ਼ਾਦੀ ਦੀ ਜੰਗ ਜਿੱਤੇਗਾ, ਅਸੀਂ ਬੰਦੀ ਸਿੰਘ ਸਹੀ ਅਰਥਾਂ ਵਿੱਚ ਉਸ ਦਿਨ, ਉਸ ਮੁਬਾਰਕ ਘੜੀ ਆਜ਼ਾਦ ਹੋਵਾਂਗੇ।''