ਪੜਚੋਲ ਕਰੋ
ਪੰਜਾਬ ਦੀਆਂ ਜੇਲ੍ਹਾਂ 'ਚ ਖ਼ਤਰਾ, ਕਿਸੇ ਵੇਲੇ ਵੀ ਵਰਤ ਸਕਦਾ ਭਾਣਾ!

ਅੰਮ੍ਰਿਤਸਰ: ਬੀਤੇ ਦਿਨੀਂ ਅੰਮ੍ਰਿਤਸਰ ਦੇ ਕਸਬਾ ਰਈਆ ਤੋਂ ਕੁਝ ਗੈਂਗਸਟਰ ਆਪਣੇ ਸਾਥੀ ਨੂੰ ਪੁਲਿਸ ਦੀ ਗ੍ਰਿਫਤ ਵਿੱਚੋਂ ਭਜਾ ਲੈ ਗਏ ਸੀ। ਇਸ ਵਾਰਦਾਤ ਤੋਂ ਬਾਅਦ ਪੁਲਿਸ ਜੇਲ੍ਹ ਵਿੱਚ ਬੰਦ ਕੈਦੀਆਂ 'ਤੇ ਖਾਸ ਨਜ਼ਰ ਰੱਖ ਰਹੀ ਹੈ। ਇਸ ਸਖਤੀ ਦੇ ਬਾਵਜੂਦ ਜੇਲ੍ਹ ਵਿੱਚ ਬੰਦ ਖ਼ਤਰਨਾਕ ਗੈਂਗਸਟਰਾਂ ਕੋਲੋਂ ਮੋਬਾਈਲ ਫੋਨ ਮਿਲਣ ਮਗਰੋਂ ਜੇਲ੍ਹ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਕਈ ਸਵਾਲ ਖੜ੍ਹੇ ਹੋ ਰਹੇ ਹਨ। ਪੁਲਿਸ ਨੇ ਬੀਤੇ ਦਿਨੀਂ ਜੇਲ੍ਹ ਵਿੱਚ ਚਲਾਏ ਤਲਾਸ਼ੀ ਅਭਿਆਨ ਦੌਰਾਨ ਜੇਲ੍ਹ ਵਿੱਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਏ ਸਮੇਤ ਚਾਰ ਹੋਰ ਗੈਂਗਸਟਰਾਂ ਕੋਲੋਂ ਅੱਠ ਮੋਬਾਈਲ ਫੋਨ ਬਰਾਮਦ ਕੀਤੇ ਹਨ। ਪੁਲਿਸ ਨੂੰ ਸੂਚਨਾ ਮਿਲੀ ਹੈ ਕਿ ਜੇਲ੍ਹ ਵਿੱਚ ਬੰਦ ਗੈਂਗਸਟਰ ਜਾਂ ਤਾਂ ਜੇਲ੍ਹ ਵਿੱਚੋਂ ਫਰਾਰ ਹੋਣ ਦੀ ਯੋਜਨਾ ਬਣਾ ਰਹੇ ਹਨ ਜਾਂ ਫਿਰ ਅਦਾਲਤ ਵਿੱਚ ਪੇਸ਼ੀ ਦੌਰਾਨ ਪੁਲਿਸ ਦੀ ਗ੍ਰਿਫਤ ਵਿੱਚੋਂ ਛੂ-ਮੰਤਰ ਹੋਣ ਦੀ ਤਿਆਰੀ ਵਿੱਚ ਹਨ। ਇੱਥੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਨਾਭਾ ਜੇਲ੍ਹ ਬ੍ਰੇਕ ਕਾਂਡ ਤੋਂ ਬਾਅਦ ਸੂਬੇ ਦੀਆਂ ਸਾਰੀਆਂ ਜੇਲ੍ਹਾਂ ਵਿੱਚ ਸਖਤੀ ਕੀਤੇ ਜਾਣ ਦੇ ਬਾਵਜੂਦ ਜੇਲ੍ਹ ਵਿੱਚੋਂ ਮੋਬਾਈਲ ਫੋਨ ਬਰਾਮਦ ਹੋਣ ਪਿੱਛੇ ਕਿਤੇ ਨਾ ਕਿਤੇ ਜੇਲ੍ਹ ਵਿੱਚ ਤਾਇਨਾਤ ਅਧਿਕਾਰੀ ਜਾਂ ਫਿਰ ਕਰਮਚਾਰੀ ਗੈਂਗਸਟਰਾਂ ਦਾ ਸਾਥ ਦੇ ਰਹੇ ਹਨ। ਕੁਝ ਮਹੀਨੇ ਪਹਿਲਾਂ ਵੀ ਪੁਲਿਸ ਵੱਲੋਂ ਜੇਲ੍ਹ ਦੀ ਤਲਾਸ਼ੀ ਲਈ ਗਈ ਸੀ। ਉਸ ਵੇਲੇ ਵੀ ਜੇਲ੍ਹ ਦੀਆਂ ਬੈਰਕਾਂ ਵਿੱਚ ਬੰਦ ਕਈ ਗੈਂਗਸਟਰਾਂ ਕੋਲੋਂ ਮੋਬਾਈਲ ਫੋਨ ਬਰਾਮਦ ਹੋਏ ਸਨ। ਉਸ ਵੇਲੇ ਪੁਲਿਸ ਅਧਿਕਾਰੀਆਂ ਦਾ ਇਹ ਕਹਿਣਾ ਸੀ ਕਿ ਜਲਦ ਹੀ ਇਹ ਜਾਂਚ ਕੀਤੀ ਜਾਵੇਗੀ ਕਿ ਇਹ ਮੋਬਾਈਲ ਜੇਲ੍ਹ ਦੇ ਅੰਦਰ ਕਿਸ ਤਰ੍ਹਾਂ ਤੇ ਕਿਸ ਦੀ ਮਦਦ ਨਾਲ ਪਹੁੰਚੇ ਹਨ? ਪੁਲਿਸ ਅੱਜ ਤੱਕ ਇਸ ਗੱਲ ਦਾ ਖੁਲਾਸਾ ਨਹੀਂ ਕਰ ਸਕੀ ਕਿ ਜੇਲ੍ਹ ਅੰਦਰ ਮੋਬਾਈਲ ਫੋਨ ਪਹੁੰਚਾਉਣ ਵਾਲਾ ਕੌਣ ਹੈ। ਜੇਲ੍ਹ ਵਿੱਚ ਮੋਬਾਈਲ ਫੋਨ ਤੇ ਇੰਟਰਨੈਟ ਦੀ ਸੇਵਾ ਮੁਹੱਈਆ ਹੋਣ ਕਰਕੇ ਜੇਲ੍ਹ 'ਚ ਬੰਦ ਗੈਂਗਸਟਰ ਆਪਣਾ ਨੈੱਟਵਰਕ ਠੀਕ ਉਸੇ ਤਰ੍ਹਾਂ ਹੀ ਚਲਾ ਰਹੇ ਹਨ, ਜਿਸ ਤਰ੍ਹਾਂ ਉਹ ਜੇਲ੍ਹ ਦੇ ਬਾਹਰ ਚਲਾਉਂਦੇ ਸਨ। ਜੇਲ੍ਹ ਵਿੱਚ ਬੰਦ ਜਿਨ੍ਹਾਂ ਗੈਂਗਸਟਰਾਂ ਕੋਲੋਂ ਮੋਬਾਈਲ ਫੋਨ ਮਿਲੇ ਹਨ, ਉਨ੍ਹਾਂ ਵਿੱਚ ਜੱਗੂ ਭਗਵਾਨਪੁਰੀਆ, ਕਮਲ ਬੋਰੀ, ਬੌਬੀ ਮਲਹੋਤਰਾ ਤੇ ਮਨਦੀਪ ਸਿੰਘ ਮੋਨੂੰ ਸ਼ਾਮਲ ਹਨ। ਪੁਲਿਸ ਵੱਲੋਂ ਇਨ੍ਹਾਂ ਖਿਲਾਫ ਥਾਣਾ ਗੇਟ ਹਕੀਮਾਂ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਗੈਂਗਸਟਰਾਂ ਨੂੰ ਜਲਦ ਹੀ ਪ੍ਰੋਡਕਸ਼ਨ ਵਾਰੰਟ 'ਤੇ ਗ੍ਰਿਫ਼ਤਾਰ ਕਰਕੇ ਜਾਂਚ ਕੀਤੀ ਜਾਵੇਗੀ ਕਿ ਜੇਲ੍ਹ ਵਿੱਚ ਮੋਬਾਈਲ ਕਿਸ ਦੀ ਮਦਦ ਨਾਲ ਲਿਜਾਂਦੇ ਸੀ।
ਟ੍ਰੈਂਡਿੰਗ ਟੌਪਿਕ














