ਜਲੰਧਰ 'ਚ NRI ਕੋਲੋਂ ਲੁੱਟੇ 48 ਲੱਖ, 31 ਲੱਖ ਸਮੇਤ ਦੋ ਕਾਬੂ
ਜਲੰਧਰ ਵਿੱਚ 48 ਲੱਖ ਰੁਪਏ ਦੀ ਲੁੱਟ ਦੇ ਮਾਮਲੇ ਵਿੱਚ ਕਮਿਸ਼ਨਰੇਟ ਪੁਲਿਸ ਦੇ ਸੀਆਈਏ ਸਟਾਫ-1 ਦੀ ਪੁਲਿਸ ਨੇ ਦੋ ਮੁਲਜ਼ਮ ਕਾਬੂ ਕਰ ਲਏ ਹਨ। ਇਨ੍ਹਾਂ ਕੋਲੋਂ 31 ਲੱਖ ਰੁਪਏ ਦੀ ਰਕਮ ਵੀ ਬਰਾਮਦ ਕੀਤੀ ਗਈ ਹੈ। ਲੁਟੇਰਿਆਂ ਦਾ ਇੱਕ ਸਾਥੀ ਹਾਲੇ ਵੀ ਫਰਾਰ ਹੈ, ਉਸ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਲੁਟੇਰਿਆਂ ਨੂੰ ਕਾਬੂ ਕੀਤਾ ਹੈ।
ਜਲੰਧਰ: ਜਲੰਧਰ ਵਿੱਚ 48 ਲੱਖ ਰੁਪਏ ਦੀ ਲੁੱਟ ਦੇ ਮਾਮਲੇ ਵਿੱਚ ਕਮਿਸ਼ਨਰੇਟ ਪੁਲਿਸ ਦੇ ਸੀਆਈਏ ਸਟਾਫ-1 ਦੀ ਪੁਲਿਸ ਨੇ ਦੋ ਮੁਲਜ਼ਮ ਕਾਬੂ ਕਰ ਲਏ ਹਨ। ਇਨ੍ਹਾਂ ਕੋਲੋਂ 31 ਲੱਖ ਰੁਪਏ ਦੀ ਰਕਮ ਵੀ ਬਰਾਮਦ ਕੀਤੀ ਗਈ ਹੈ। ਲੁਟੇਰਿਆਂ ਦਾ ਇੱਕ ਸਾਥੀ ਹਾਲੇ ਵੀ ਫਰਾਰ ਹੈ, ਉਸ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਲੁਟੇਰਿਆਂ ਨੂੰ ਕਾਬੂ ਕੀਤਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ 19 ਅਗਸਤ ਨੂੰ ਸੋਨੂ ਨਿਵਾਸੀ ਬਸਤੀ ਸ਼ੇਖ ਤੋਂ ਐਕਟਿਵਾ ਸਵਾਰ ਤਿੰਨ ਲੋਕਾਂ ਨੇ ਗੁਲਾਬ ਦੇਵੀ ਰੋਡ ਨਜ਼ਦੀਕ ਰੋਜ਼ ਪਾਰਕ ਵਿੱਚ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ 48 ਲੱਖ ਰੁਪਏ ਲੁੱਟ ਲਏ ਸੀ। ਇਹ ਰਕਮ ਐਨਆਰਆਈ ਜਸਵੰਤ ਸਿੰਘ ਦੀ ਸੀ ਜਿਸ ਨੇ ਪ੍ਰਾਪਰਟੀ ਖਰੀਦਣ ਲਈ ਸੋਨੂ ਦੇ ਹੱਥ ਪ੍ਰਾਪਰਟੀ ਡੀਲਰ ਨੂੰ ਭੇਜੀ ਸੀ।
ਪਰ ਪ੍ਰਾਪਰਟੀ ਡੀਲਰ ਨਾਲ ਸੌਦਾ ਨਾ ਹੋਣ ਕਰਕੇ ਸੋਨੂ ਉਕਤ ਰਕਮ ਜਸਵੰਤ ਸਿੰਘ ਨੂੰ ਵਾਪਸ ਦੇਣ ਜਾ ਰਿਹਾ ਸੀ ਤੇ ਇਸੇ ਦੌਰਾਨ ਰਾਹ ਵਿੱਚੋਂ ਉਸ ਕੋਲੋਂ ਸਾਰੇ ਪੈਸੇ ਲੁੱਟ ਲਏ ਗਏ। ਮਾਮਲੇ ਦੀ ਜਾਂਚ ਸੀਆਈਏ ਸਟਾਫ ਨੂੰ ਦਿੱਤੀ ਗਈ ਸੀ। ਜਾਂਚ ਬਾਅਦ ਦੋ ਮੁਲਜ਼ਮ ਅਮਿਤ ਕੁਮਾਰ ਉਰਫ ਅਮੀ ਤੇ ਅਮਨਦੀਪ ਸਿੰਘ ਉਰਫ ਅਮਨ ਨੂੰ ਉਨ੍ਹਾਂ ਦੇ ਘਰੋਂ 31 ਲੱਖ ਰੁਪਏ ਦੀ ਰਕਮ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਤੀਜੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।