ਆਲੂਆਂ ਦੇ ਚਿਪਸ ਹੇਠ ਡੋਡਿਆਂ ਦੀ ਖੇਪ! ਮੱਧ ਪ੍ਰਦੇਸ਼ ਤੋਂ ਪੋਸਤ ਤੇ ਡੋਡੇ ਲਿਆਉਣ ਲਈ ਟਰੱਕ ਵਾਲੇ ਇੰਝ ਲਾਇਆ ਜੁਗਾੜ
ਪੁਲਿਸ ਨੇ ਟਰੱਕ ਡਰਾਈਵਰ ਦਲਜੀਤ ਸਿੰਘ ਉਰਫ ਜੀਤਾ ਤੇ ਕਲੀਨਰ ਪਰਮਿੰਦਰ ਸਿੰਘ ਉਰਫ ਪਿੰਦਰ ਨੂੰ ਕਾਬੂ ਕਰ ਲਿਆ ਹੈ।
Jalandhar News: ਫਿਲੌਰ ਪੁਲਿਸ ਨੇ ਟਰੱਕ ’ਚੋਂ 140 ਬੋਰੀਆਂ ਡੋਡੇ-ਪੋਸਤ ਸਮੇਤ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਹ ਡੋਡੇ ਤੇ ਪੋਸਤ ਆਲੂਆਂ ਦੇ ਚਿਪਸ ਹੇਠ ਛੁਪਾਏ ਹੋਏ ਸੀ। ਡੋਡਿਆਂ ਦੀ ਇਹ ਖੇਪ ਮੱਧ ਪ੍ਰਦੇਸ਼ ਤੋਂ ਆਈ ਸੀ। ਪੁਲਿਸ ਨੇ ਟਰੱਕ ਡਰਾਈਵਰ ਦਲਜੀਤ ਸਿੰਘ ਉਰਫ ਜੀਤਾ ਤੇ ਕਲੀਨਰ ਪਰਮਿੰਦਰ ਸਿੰਘ ਉਰਫ ਪਿੰਦਰ ਨੂੰ ਕਾਬੂ ਕਰ ਲਿਆ ਹੈ।
ਇਸ ਬਾਰੇ ਡੀਐਸਪੀ ਫਿਲੌਰ ਜਗਦੀਸ਼ ਰਾਜ ਨੇ ਦੱਸਿਆ ਕਿ ਥਾਣਾ ਮੁਖੀ ਇੰਸਪੈਕਟਰ ਹਰਜਿੰਦਰ ਸਿੰਘ ਨੇ ਸਬ ਇੰਸਪੈਕਟਰ ਪਰਮਜੀਤ ਸਿੰਘ ਸਮੇਤ ਪੁਲਿਸ ਪਾਰਟੀ ਨਾਲ ਕੀਤੀ ਨਾਕਾਬੰਦੀ ਦੌਰਾਨ ਅੱਡਾ ਲਸਾੜਾ ’ਚ ਸ਼ਹਿਰ ਵੱਲੋਂ ਜਾ ਰਹੇ ਟਰੱਕ ਪੀਬੀ 08-ਈਸੀ-3854 ਨੂੰ ਰੋਕਣ ਉਪਰੰਤ ਲਈ ਤਲਾਸ਼ੀ ਦੌਰਾਨ ਆਲੂਆਂ ਦੇ ਚਿਪਸ ਹੇਠੋਂ ਡੋਡੇ-ਪੋਸਤ ਬਰਾਮਦ ਕੀਤੇ।
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਟਰੱਕ ਡਰਾਈਵਰ ਦਲਜੀਤ ਸਿੰਘ ਉਰਫ ਜੀਤਾ ਵਾਸੀ ਪਿੰਡ ਪਾਲਕਦੀਮ ਥਾਣਾ ਫਿਲੌਰ ਤੇ ਕਲੀਨਰ ਪਰਮਿੰਦਰ ਸਿੰਘ ਉਰਫ ਪਿੰਦਰ ਵਾਸੀ ਪਿੰਡ ਢੱਕ ਬੰਸੀਆਂ ਵਜੋਂ ਹੋਈ ਹੈ। ਟਰੱਕ ਦੀ ਬਾਡੀ ਉਪਰੋਂ ਰੱਸਿਆਂ ਨਾਲ ਬੰਨ੍ਹੀ ਤਰਪਾਲ ਨੂੰ ਖੋਲ੍ਹ ਕੇ ਚੈੱਕ ਕੀਤਾ ਤਾਂ ਬਾਡੀ ਵਿੱਚੋਂ 30 ਬੋਰੇ ਪਲਾਸਟਿਕਾਂ ਵਿੱਚੋਂ ਕੱਚੀ ਆਲੂ ਚਿਪਸ ਬਰਾਮਦ ਹੋਈ ਤੇ ਬਾਕੀ 134 ਬੋਰੇ ਪਲਾਸਟਿਕਾਂ ਵਿੱਚੋਂ ਡੋਡੇ ਚੂਰਾ ਪੋਸਤ ਬਰਾਮਦ ਹੋਏ।
ਉਨ੍ਹਾਂ ਦੱਸਿਆ ਟਰੱਕ ਦੇ ਕੈਬਿਨ ਨੂੰ ਚੈੱਕ ਕਰਨ ’ਤੇ ਡਰਾਈਵਰ ਸੀਟ ਦੇ ਪਿੱਛਲੇ ਪਾਸੇ ਤੋਂ 3 ਬੋਰੇ ਪਲਾਸਟਿਕ ਡੋਡੇ ਚੂਰਾ ਪੋਸਤ ਤੇ ਕਲੀਨਰ ਸੀਟ ਦੇ ਪਿੱਛਲੇ ਪਾਸੇ ਤੋਂ 3 ਬੋਰੇ ਪਲਾਸਟਿਕ ਡੋਡੇ ਚੂਰਾ ਪੋਸਤ ਬਰਾਮਦ ਹੋਏ। ਪੁਲਿਸ ਨੇ ਇਸ ਦਾ ਵਜ਼ਨ 2520 ਕਿੱਲੋਗ੍ਰਾਮ ਦੱਸਿਆ। ਦਲਜੀਤ ਸਿੰਘ ਖ਼ਿਲਾਫ਼ ਪਹਿਲਾਂ ਵੀ ਨਾਜਾਇਜ਼ ਅਸਲਾ ਰੱਖਣ ਤੇ ਚੋਰੀ ਸਣੇ ਕੁੱਲ 7 ਮੁਕੱਦਮੇ ਦਰਜ ਹਨ। ਇਸ ਪਾਸੋਂ ਸਾਲ 2013 ਵਿੱਚ ਵੀ 9 ਕੁਇੰਟਲ ਡੋਡੇ ਚੂਰਾ ਪੋਸਤ ਫਿਲੋਰ ਪੁਲਿਸ ਵੱਲੋਂ ਫੜ੍ਹੇ ਗਏ ਸਨ।
ਉਨ੍ਹਾਂ ਦੱਸਿਆ ਕਿ ਦਲਜੀਤ ਸਿੰਘ ਉਰਫ ਜੀਤਾ, ਜਿਸ ਨੂੰ ਸੁਰਿੰਦਰ ਸਿੰਘ ਉਰਫ ਸ਼ਿੰਦਾ ਵਾਸੀ ਤਲਵਣ ਨੇ ਡਰਾਈਵਰ ਰੱਖਿਆ ਹੋਇਆ ਹੈ ਤੇ ਇਹ ਸੁਰਿੰਦਰ ਸਿੰਘ ਉਰਫ ਸ਼ਿੰਦਾ ਵਾਸੀ ਤਲਵਣ ਦੇ ਕਹਿਣ ’ਤੇ ਮੱਧ ਪ੍ਰਦੇਸ਼ ਤੋਂ ਟਰੱਕ ਲੋਡ ਕਰਵਾ ਕੇ ਲਿਆਉਂਦਾ ਸੀ ਤੇ ਸ਼ਿੰਦਾ ਹਰੇਕ ਗੇੜੇ ਦਾ 50 ਹਜ਼ਾਰ ਰੁਪਇਆ ਦਿੰਦਾ ਸੀ ਤੇ ਇਸ ਦੇ ਨਾਲ ਪਰਮਿੰਦਰ ਸਿੰਘ ਵੀ ਮੱਧ ਪ੍ਰਦੇਸ਼ ਜਾਂਦਾ ਸੀ ਤੇ ਇਸ ਨੂੰ ਇਸ ਗੇੜੇ ਦਾ 12 ਹਜ਼ਾਰ ਰੁਪਏ ਮਿਲਣਾ ਸੀ।