Agriculture News: ਹਾੜੀ ਦੀਆਂ ਫਸਲਾਂ ਬਾਰੇ ਕੇਂਦਰ ਸਰਕਾਰ ਵੱਲੋਂ ਵੱਡਾ ਖੁਲਾਸਾ, ਬੰਪਰ ਝਾੜ ਦੇ ਨਾਲ ਹੀ ਮਿਲੇਗਾ ਚੰਗਾ ਭਾਅ
Agriculture News: ਭਾਰਤ ਦੇ ਵਿੱਤ ਮੰਤਰਾਲੇ ਨੇ ਆਪਣੀ ਤਾਜ਼ਾ ਮਾਸਿਕ ਸਮੀਖਿਆ ਵਿੱਚ ਆਉਣ ਵਾਲੇ ਮਹੀਨਿਆਂ ਦੌਰਾਨ ਹਾੜੀ ਦੀਆਂ ਫਸਲਾਂ ਦੀ ਬਿਜਾਈ ਤੇ ਉਤਪਾਦਨ ਵਿੱਚ ਮਹੱਤਵਪੂਰਨ ਵਾਧੇ ਦਾ ਅਨੁਮਾਨ ਲਗਾਇਆ ਹੈ।
Agriculture News: ਭਾਰਤ ਸਰਕਾਰ ਨੇ ਆਪਣੀ ਤਾਜ਼ਾ ਰਿਪੋਰਟ ਵਿੱਚ ਹਾੜੀ ਦੀਆਂ ਫਸਲਾਂ ਬਾਰੇ ਵੱਡਾ ਖੁਲਾਸਾ ਕੀਤਾ ਹੈ। ਭਾਰਤ ਦੇ ਵਿੱਤ ਮੰਤਰਾਲੇ ਨੇ ਆਪਣੀ ਤਾਜ਼ਾ ਮਾਸਿਕ ਸਮੀਖਿਆ ਵਿੱਚ ਆਉਣ ਵਾਲੇ ਮਹੀਨਿਆਂ ਦੌਰਾਨ ਹਾੜੀ ਦੀਆਂ ਫਸਲਾਂ ਦੀ ਬਿਜਾਈ ਤੇ ਉਤਪਾਦਨ ਵਿੱਚ ਮਹੱਤਵਪੂਰਨ ਵਾਧੇ ਦਾ ਅਨੁਮਾਨ ਲਗਾਇਆ ਹੈ। ਮੰਤਰਾਲੇ ਨੇ ਕਿਹਾ ਕਿ ਇਹ ਵਾਧਾ ਉੱਚ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ), ਅਨੁਕੂਲ ਮਾਨਸੂਨ ਤੇ ਢੁਕਵੇਂ ਜਲ ਭੰਡਾਰ ਦੇ ਪੱਧਰ ਕਾਰਨ ਸੰਭਵ ਹੋਵੇਗਾ।
ਕੇਂਦਰੀ ਮੰਤਰਾਲੇ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਹਾੜੀ ਦੇ ਸੀਜ਼ਨ ਨੂੰ ਇਸ ਸਾਲ ਦੇ ਸ਼ੁਰੂ ਵਿੱਚ ਸਾਉਣੀ ਦੀ ਚੰਗੀ ਫਸਲ ਦੁਆਰਾ ਸਥਾਪਤ ਮਜ਼ਬੂਤ ਬੁਨਿਆਦ ਤੋਂ ਲਾਭ ਮਿਲਣ ਦੀ ਸੰਭਾਵਨਾ ਹੈ। ਬੰਪਰ ਫਸਲ ਨਾਲ ਘਰੇਲੂ ਪ੍ਰਚੂਨ ਮਹਿੰਗਾਈ ਨੂੰ ਘੱਟ ਕਰਨ ਵਿੱਚ ਵੀ ਮਦਦ ਮਿਲਣ ਦੀ ਉਮੀਦ ਹੈ, ਜੋ ਅਕਤੂਬਰ ਵਿੱਚ ਭੋਜਨ ਦੀਆਂ ਕੀਮਤਾਂ ਦੇ ਦਬਾਅ ਕਾਰਨ ਵੱਧ ਗਈ ਸੀ। ਮੰਤਰਾਲੇ ਨੇ ਕਿਹਾ, "6 ਨਵੰਬਰ, 2024 ਤੱਕ, ਝੋਨੇ ਦੀ ਖਰੀਦ 161.0 ਲੱਖ ਮੀਟ੍ਰਿਕ ਟਨ ਤੱਕ ਪਹੁੰਚ ਗਈ ਹੈ, ਜਿਸ ਨਾਲ ਚੱਲ ਰਹੇ KMS ਖਰੀਦ ਕਾਰਜਾਂ ਤੋਂ 14.79 ਲੱਖ ਕਿਸਾਨਾਂ ਨੂੰ ਫਾਇਦਾ ਹੋਇਆ ਹੈ। ਵਧੇ ਹੋਏ MSP ਨਾਲ ਰਿਕਾਰਡ ਸਾਉਣੀ ਦੇ ਅਨਾਜ ਉਤਪਾਦਨ ਨਾਲ ਪੇਂਡੂ ਆਰਥਿਕਤਾ ਹੋਰ ਮਜ਼ਬੂਤ ਹੋਵੇਗੀ।"
ਦੱਸ ਦਈਏ ਕਿ ਹਾੜੀ ਦੀਆਂ ਫਸਲਾਂ ਸਰਦੀਆਂ ਵਿੱਚ ਬੀਜੀਆਂ ਜਾਂਦੀਆਂ ਹਨ ਤੇ ਬਸੰਤ ਰੁੱਤ ਵਿੱਚ ਕਟਾਈ ਕੀਤੀ ਜਾਂਦੀ ਹੈ, ਜਦੋਂਕਿ ਸਾਉਣੀ ਦੀਆਂ ਫਸਲਾਂ ਮੌਨਸੂਨ ਦੇ ਸ਼ੁਰੂ ਵਿੱਚ ਬੀਜੀਆਂ ਜਾਂਦੀਆਂ ਹਨ ਤੇ ਪਤਝੜ ਵਿੱਚ ਕਟਾਈ ਕੀਤੀ ਜਾਂਦੀ ਹੈ। ਹਾੜੀ ਦੀਆਂ ਫਸਲਾਂ ਨੂੰ ਠੰਢੇ ਤੇ ਖੁਸ਼ਕ ਜਲਵਾਯੂ ਦੀ ਲੋੜ ਹੁੰਦੀ ਹੈ, ਜਦੋਂਕਿ ਸਾਉਣੀ ਦੀਆਂ ਫਸਲਾਂ ਲਈ ਗਰਮ ਤੇ ਨਮੀ ਵਾਲੇ ਮੌਸਮ ਦੀ ਲੋੜ ਹੁੰਦੀ ਹੈ।
ਇਸ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ "ਬੰਪਰ ਸਾਉਣੀ ਦੀ ਫਸਲ ਆਉਣ ਵਾਲੇ ਮਹੀਨਿਆਂ ਵਿੱਚ ਖੁਰਾਕੀ ਮਹਿੰਗਾਈ ਨੂੰ ਮੱਧਮ ਕਰਨ ਦੀ ਉਮੀਦ ਹੈ। ਅਨੁਕੂਲ ਮਾਨਸੂਨ, ਢੁਕਵੇਂ ਜਲ ਭੰਡਾਰ ਦੇ ਪੱਧਰ ਤੇ ਉੱਚ ਘੱਟੋ-ਘੱਟ ਸਮਰਥਨ ਮੁੱਲ ਨਾਲ ਹਾੜ੍ਹੀ ਦੀ ਬਿਜਾਈ ਤੇ ਉਤਪਾਦਨ ਨੂੰ ਹੁਲਾਰਾ ਮਿਲਣ ਦੀ ਸੰਭਾਵਨਾ ਹੈ।" ਮੰਤਰਾਲੇ ਮੁਤਾਬਕ ਅਕਤੂਬਰ 'ਚ ਖੁਰਾਕੀ ਮਹਿੰਗਾਈ ਮੁੱਖ ਉਤਪਾਦਕ ਸੂਬਿਆਂ 'ਚ ਭਾਰੀ ਬਾਰਸ਼ ਕਾਰਨ ਸਪਲਾਈ 'ਚ ਵਿਘਨ ਪੈਣ ਕਾਰਨ ਆਈ। ਇਸ ਕਾਰਨ ਟਮਾਟਰ, ਪਿਆਜ਼ ਤੇ ਆਲੂ ਵਰਗੀਆਂ ਜ਼ਰੂਰੀ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਇਸ ਤੋਂ ਇਲਾਵਾ, ਉੱਚ ਵਿਸ਼ਵਵਿਆਪੀ ਕੀਮਤਾਂ ਨੇ ਖਾਣ ਵਾਲੇ ਤੇਲ ਤੇ ਚਰਬੀ ਦੀ ਮਹਿੰਗਾਈ ਵਿੱਚ ਯੋਗਦਾਨ ਪਾਇਆ।
ਹਾਲਾਂਕਿ, ਖਰੀਫ ਦੀ ਬੰਪਰ ਫਸਲ ਆਉਣ ਵਾਲੇ ਮਹੀਨਿਆਂ ਵਿੱਚ ਭੋਜਨ ਦੀਆਂ ਕੀਮਤਾਂ ਨੂੰ ਸਥਿਰ ਕਰੇਗੀ ਤੇ ਖਪਤਕਾਰਾਂ ਨੂੰ ਰਾਹਤ ਪ੍ਰਦਾਨ ਕਰਨ ਦੀ ਉਮੀਦ ਹੈ। ਰਿਪੋਰਟ ਵਿੱਚ ਸ਼ਹਿਰੀ ਤੇ ਪੇਂਡੂ ਖੇਤਰਾਂ ਵਿੱਚ ਸਥਿਰ ਵਿਕਾਸ ਦੇ ਨਾਲ ਆਰਥਿਕਤਾ ਵਿੱਚ ਮਜ਼ਬੂਤ ਮੰਗ ਦੇ ਰੁਝਾਨ ਨੂੰ ਵੀ ਉਜਾਗਰ ਕੀਤਾ ਗਿਆ ਹੈ।