ਪੰਜਾਬ ਸਰਕਾਰ ਦੀਆਂ ਨਵੀਆਂ ਹਦਾਇਤਾਂ ਮਿਲਣ ਤੋਂ ਬਾਅਦ ਖੋਲਿਆ ਜਾਵੇਗਾ ਜਲਿਆਂਵਾਲਾ ਬਾਗ
ਇਤਿਹਾਸਿਕ ਜਲਿਆਂਵਾਲਾ ਬਾਗ ਨੂੰ ਪੰਜਾਬ ਸਰਕਾਰ ਦੀਆਂ ਨਵੀਆਂ ਹਦਾਇਤਾਂ ਮਿਲਣ ਤੋਂ ਬਾਅਦ ਖੋਲਿਆ ਜਾਵੇਗਾ। ਫਿਲਹਾਲ ਸੂਬੇ 'ਚ ਕੋਰੋਨਾ ਦੇ ਕੇਸ ਲਗਾਤਾਰ ਵਧ ਰਹੇ ਹਨ ਅਤੇ ਸਰਕਾਰ ਨੇ ਸਖ਼ਤੀ ਦਾ ਐਲਾਨ ਕੀਤਾ ਹੋਇਆ ਹੈ।
ਅੰਮ੍ਰਿਤਸਰ: ਇਤਿਹਾਸਿਕ ਜਲਿਆਂਵਾਲਾ ਬਾਗ (Jallianwala Bagh) ਨੂੰ ਪੰਜਾਬ ਸਰਕਾਰ (Punjab Government) ਦੀਆਂ ਨਵੀਆਂ ਹਦਾਇਤਾਂ ਮਿਲਣ ਤੋਂ ਬਾਅਦ ਖੋਲਿਆ ਜਾਵੇਗਾ। ਇਹ ਪ੍ਰਗਟਾਵਾ ਰਾਜ ਸਭਾ ਮੈਂਬਰ ਅਤੇ ਜਲਿਆਂਵਾਲਾ ਬਾਗ ਟਰੱਸਟ ਦੇ ਮੈਂਬਰ ਸ਼ਵੇਤ ਮਲਿਕ ਵਲੋਂ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਵਲੋਂ ਸ਼ਹੀਦਾਂ ਦੇ ਇਸ ਮਹਾਨ ਅਸਥਾਨ ਦੇ ਨਵੀਂਨੀਕਰਨ ਅਤੇ ਸੁੰਦਰੀਕਰਨ ਦਾ 20 ਕਰੋੜ ਦਾ ਪ੍ਰੋਜੈਕਟ ਆਰੰਭਿਆ ਗਿਆ ਸੀ। ਜਿਸ ਦਾ ਹੁਣ ਲਗਪਗ 95 ਪ੍ਰਤੀਸ਼ਤ ਕੰਮ ਮੁਕੱਮਲ ਹੋ ਚੁੱਕਿਆ ਹੈ। ਮਲਿਕ ਨੇ ਮੀਡੀਆ ਨਾਲ ਗੱਲ ਕਰਦਿਆਂ ਅੱਗੇ ਦੱਸਿਆ ਕਿ ਇਤਿਹਾਸਿਕ ਜਲਿਆਂਵਾਲਾ ਬਾਗ 13 ਅਪ੍ਰੈਲ ਨੂੰ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਸੀ ਪਰ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਜਾਰੀ ਨਵੀਂਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਜਲਿਆਂਵਾਲਾ ਬਾਗ ਖੋਲ੍ਹਣ ਦਾ ਫੈਸਲਾ ਅੱਗੇ ਪਾ ਦਿੱਤਾ ਗਿਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ (Punjab Government) ਵਲੋਂ ਨਵੀਆਂ ਹਦਾਇਤਾਂ ਆਉਣ ਉਪਰੰਤ ਫੈਸਲਾ ਕੀਤਾ ਜਾਵੇਗਾ ਕਿ ਇਸ ਇਤਿਹਾਸਕ ਥਾਂ ਨੂੰ ਸੈਲਾਨੀਆਂ ਲਈ ਕਦੋਂ ਖੋਲ੍ਹਿਆ ਜਾਵੇਗਾ। ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਨੇ ਦੱਸਿਆ ਜਲਿਆਂਵਾਲਾ ਬਾਗ 'ਚ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਭਾਸ਼ਾ 'ਚ ਲਾਈਟ ਐਂਡ ਸਾਉਂਡ ਸ਼ੋਅ ਚਲਾਇਆ ਜਾਇਆ ਕਰੇਗਾ ਤਾਂ ਜੋ ਸਾਡੀ ਨੌਜਵਾਨ ਪੀੜੀ ਦੁਨੀਆ ਦੇ ਸਭ ਤੋਂ ਵੱਡੇ ਸਾਕੇ ਤੋਂ ਜਾਣੂ ਹੋ ਸਕੇ।
ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਜਲਿਆਂਵਾਲਾ ਬਾਗ ਦਾ ਨਾਂ ਦੁਨੀਆ ਦੀਆਂ ਸਭ ਤੋ ਖੂਬਸੂਰਤ ਇਮਾਰਤਾਂ ਚ ਸ਼ਾਮਿਲ ਹੋਵੇਗਾ ਅਤੇ ਨਾਲ ਹੀ ਸ਼ਹੀਦਾਂ ਦੇ ਇਸ ਮਹਾਨ ਅਸਥਾਨ 'ਚ ਦਾਖਿਲੇ ਦੀ ਕੋਈ ਟਿਕਟ ਨਹੀਂ ਲਗਾਈ ਜਾਵੇਗੀ।
ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਵਪਾਰੀ ਦੇ ਘਰ ਐਨਆਈਏ ਦੀ ਰੇਡ, ਨਹੀਂ ਕੀਤੀ ਮੀਡੀਆ ਨਾਲ ਗੱਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904