Sikh News: ਦਰੱਖਤ ਦਾ ਉਹੀ ਟਾਹਣਾ ਟੁੱਟਦਾ ਜੋ ਝੁਕਦਾ ਨਹੀਂ, ਜੋ ਝੁਕਦਾ ਉਹ ਕਦੇ ਨਹੀਂ ਟੁੱਟਦਾ, ਖ਼ੁਦ ਦੀ ਹੋ ਰਹੀ ਕਿਰਦਾਰਕੁਸ਼ੀ 'ਤੇ ਬੋਲੇ ਜਥੇਦਾਰ ਹਰਪ੍ਰੀਤ ਸਿੰਘ
ਜਦੋਂ ਦੂਜੀਆਂ ਪਾਰਟੀਆਂ ਨਾਲ ਸਬੰਧਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਸਾਰੀਆਂ ਪਾਰਟੀਆਂ ਨਾਲ ਸਬੰਧ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਹੁਣ ਇਹ ਮੁੱਦਾ ਹੈ ਕਿ ਇਹ ਬਰਦਾਸ਼ਤ ਨਹੀਂ ਹੋ ਰਿਹਾ ਹੈ ਕਿ ਜਥੇਦਾਰ ਵੱਡੇ ਲੀਡਰਾਂ ਨਾਲ ਰਾਬਤਾ ਕਰੇ ਜਾਂ ਪੰਥਕ ਮੁੱਦੇ ਉੱਤੇ ਚਰਚਾ ਕਰੇ।
Punjab News: ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਧਾਰਮਿਕ ਸਜ਼ਾ ਸੁਣਾਏ ਜਾਣ ਮਗਰੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਚਰਚਾ ਵਿੱਚ ਆ ਗਏ ਹਨ। ਸੋਸ਼ਲ ਮੀਡੀਆ ਉਪਰ ਉਨ੍ਹਾਂ ਖਿਲਾਫ ਕਾਫੀ ਪ੍ਰਚਾਰ ਹੋ ਰਿਹਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਖੁਦ ਕਬੂਲਿਆ ਹੈ ਕਿ ਉਨ੍ਹਾਂ ਨੂੰ ਜਾਣਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਦੀ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਹੋ ਰਹੀ ਹੈ।
ਇਸ ਮੌਕੇ ਜਦੋਂ ਗਿਆਨੀ ਹਰਪ੍ਰੀਤ ਸਿੰਘ ਤੋਂ ਪੁੱਛਿਆ ਗਿਆ ਕਿ ਸਿਰਫ਼ ਤੁਹਾਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤਾਂ ਉਨ੍ਹਾਂ ਨੇ ਕਿਹਾ ਦਰੱਖਤ ਦਾ ਸਿਰਫ਼ ਉਹੀ ਟਾਹਣਾ ਟੁੱਟਦਾ ਹੈ ਜੋ ਝੁਕਦਾ ਨਹੀਂ, ਜੋ ਝੁਕਦਾ ਜਾਂਦਾ ਹੈ ਉਹ ਕਦੇ ਨਹੀਂ ਟੁੱਟਦਾ। ਇਸ ਗੱਲ ਨਾਲ ਜਥੇਦਾਰ ਨੇ ਬਹੁਤ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਫਿਲਹਾਲ ਇਸ ਨੂੰ ਲੈ ਕੇ ਹੋਰ ਕੋਈ ਗੱਲ ਕਰਨਾ ਹਾਲ ਦੀ ਘੜੀ ਵਿੱਚ ਮੁਨਾਸਬ ਨਹੀਂ ਹੈ।
ਇਸ ਮੌਕੇ ਜਦੋਂ ਦੂਜੀਆਂ ਪਾਰਟੀਆਂ ਨਾਲ ਸਬੰਧਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਸਾਰੀਆਂ ਪਾਰਟੀਆਂ ਨਾਲ ਸਬੰਧ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਹੁਣ ਇਹ ਮੁੱਦਾ ਹੈ ਕਿ ਇਹ ਬਰਦਾਸ਼ਤ ਨਹੀਂ ਹੋ ਰਿਹਾ ਹੈ ਕਿ ਜਥੇਦਾਰ ਵੱਡੇ ਲੀਡਰਾਂ ਨਾਲ ਰਾਬਤਾ ਕਰੇ ਜਾਂ ਪੰਥਕ ਮੁੱਦੇ ਉੱਤੇ ਚਰਚਾ ਕਰੇ। ਜਥੇਦਾਰਾਂ ਬਾਬਾਤ ਇਹੀ ਸਮਝਿਆ ਜਾਂਦਾ ਹੈ ਕਿ ਇਹ ਗ੍ਰੰਥੀ ਹੁੰਦੇ ਹਨ ਜਾਂ ਪਾਠੀ ਹੁੰਦੇ ਨੇ, ਇਨ੍ਹਾਂ ਦਾ ਕੰਮ ਅਰਦਾਸ ਕਰਨਾ ਹੈ। ਵੱਡੇ ਮੁੱਦਿਆਂ ਉੱਤੇ ਗੱਲ ਕਰਨਾ ਇਨ੍ਹਾਂ ਦਾ ਕੰਮ ਨਹੀਂ ਹੈ। ਇਹੀ ਗੱਲਾਂ ਬਰਦਾਸ਼ਤ ਨਹੀਂ ਹੋ ਰਹੀਆਂ ਹਨ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਗਰਮਾਇਆ ਮਾਮਲਾ
ਇਹ ਮਾਮਲਾ ਉਦੋਂ ਹੋਰ ਵੀ ਗਰਮਾ ਗਿਆ ਜਦੋਂ ਗਿਆਨੀ ਹਰਪ੍ਰੀਤ ਸਿੰਘ ਤੇ ਅਕਾਲੀ ਲੀਡਰ ਵਿਰਸਾ ਸਿੰਘ ਵਲਟੋਹਾ ਵਿਚਾਲੇ ਬਹਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਹੈਰਾਨੀ ਦੀ ਗੱਲ ਹੈ ਕਿ ਇਹ ਵੀਡੀਓ ਰਿਕਾਰਡਿੰਗ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਕੱਤਰੇਤ ਵਿਖੇ ਹੋਈ ਸੀ ਪਰ ਲੀਕ ਕਿੰਝ ਹੋ ਗਈ, ਇਹ ਵੱਡਾ ਸਵਾਲ ਹੈ। ਇਸ ਲਈ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਵੀਡੀਓ ਦੇ ਵਾਇਰਲ ਹੋਣ ’ਤੇ ਸਵਾਲ ਚੁੱਕੇ ਹਨ। ਦੂਜੇ ਪਾਸੇ ਵਿਰਸਾ ਸਿੰਘ ਵਲਟੋਹਾ ਨੇ ਇਸ ਕਲਿੱਪ ਦੇ ਲੀਕ ਹੋਣ ਸਬੰਧੀ ਮਾਮਲੇ ਤੋਂ ਅਗਿਆਨਤਾ ਪ੍ਰਗਟ ਕੀਤੀ ਹੈ।