ਤੰਜ ਕਸਦਿਆਂ ਬੋਲੇ ਕੇਜਰੀਵਾਲ, ‘ਚੰਨੀ ਨੇ ਸਰਕਾਰ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ’
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੌਜੂਦਾ ਕਾਂਗਰਸ ਸਰਕਾਰ ਨੂੰ ਪੰਜਾਬ ਦੇ ਇਤਿਹਾਸ ਦੀ ਸਭ ਤੋਂ ਭ੍ਰਿਸ਼ਟ ਅਤੇ ਡਰਾਮੇਬਾਜ਼ੀ ਸਰਕਾਰ ਕਰਾਰ ਦਿੱਤਾ।
ਲੰਬੀ/ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੌਜੂਦਾ ਕਾਂਗਰਸ ਸਰਕਾਰ ਨੂੰ ਪੰਜਾਬ ਦੇ ਇਤਿਹਾਸ ਦੀ ਸਭ ਤੋਂ ਭ੍ਰਿਸ਼ਟ ਅਤੇ ਡਰਾਮੇਬਾਜ਼ੀ ਸਰਕਾਰ ਕਰਾਰ ਦਿੱਤਾ। ਕੇਜਰੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਰਕਾਰ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ।
ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਇਸ ਵਾਰ ਦੀਆਂ ਚੋਣਾ ’ਚ ਪੰਜਾਬ ਖ਼ੁਦ ਤਹਿ ਕਰੇ ਕਿ ਇੱਥੇ ਗੁੱਲੀ-ਡੰਡਾ ਖੇਡਣ ਜਾਂ ਧਾਰਾਂ ਚੋਣ ਵਾਲੀ ਡਰਾਮੇਬਾਜ ਸਰਕਾਰ ਚਾਹੀਦੀ ਹੈ ਜਾਂ ਸਕੂਲ ਹਸਪਤਾਲ ਬਣਾਉਣ ਵਾਲੀ ਲੋਕ ਪੱਖੀ ਸਰਕਾਰ ਚਾਹੀਦੀ ਹੈ।
ਕੇਜਰੀਵਾਲ ਨੇ ਅਪੀਲ ਕਰਦਿਆਂ ਕਿਹਾ, ‘‘ਤੁਸੀਂ 25 ਸਾਲ ਕਾਂਗਰਸ ਅਤੇ 20 ਸਾਲ ਅਕਾਲੀ ਭਾਜਪਾ ਨੂੰ ਮੌਕੇ ਦਿੱਤੇ ਅਤੇ ਵਾਰ ਵਾਰ ਅਜ਼ਮਾ ਕੇ ਦੇਖਿਆ ਹੈ। ਹੁਣ 2022 ’ਚ ਇੱਕ ਮੌਕਾ ਸਾਨੂੰ (ਆਮ ਆਦਮੀ ਪਾਰਟੀ) ਨੂੰ ਵੀ ਦੇ ਕੇ ਦੇਖੋ।’’
‘ਆਪ’ ਸੁਪਰੀਮੋ ਵੀਰਵਾਰ ਨੂੰ ਬਾਦਲ ਪਰਿਵਾਰ ਦੇ ਗੜ੍ਹ ਵਿਧਾਨ ਸਭਾ ਹਲਕਾ ਲੰਬੀ ਦੇ ਪਿੰਡ ਖੁੱਡੀਆਂ ਵਿੱਚ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ ਵਿੱਚ ਇੱਕ ਵੱਡੀ ਜਨ ਸਭਾ ਕਰਕੇ ‘ਆਪ’ ਨੂੰ ਵੋਟ ਪਾਉਣ ਦੀ ਅਪੀਲ ਕੀਤੀ।
ਇਸ ਮੌਕੇ ਮੰਚ ’ਤੇ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਪੰਜਾਬ ਮਾਮਲਿਅ ਦੇ ਸਹਿ ਇੰਚਾਰਜ ਰਾਘਵ ਚੱਢਾ ਅਤੇ ਹੋਰ ਪ੍ਰਮੁੱਖ ਆਗੂ ਮੌਜੂਦ ਸਨ।
ਲੰਬੀ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ, ‘‘ 1966 ਤੋਂ ਬਾਅਦ ਮੁੜ ਪੰਜਾਬ ਸੂਬਾ ਬਣਨ ’ਤੇ ਕਰੀਬ 25 ਸਾਲ ਕਾਂਗਰਸ ਪਾਰਟੀ ਨੇ ਅਤੇ ਕਰੀਬ 19 ਸਾਲ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਰਾਜ ਕੀਤਾ। ਆਪਣੇ 25 ਸਾਲਾਂ ਦੇ ਰਾਜ ’ਚ ਨਾ ਕਾਂਗਰਸ ਸਰਕਾਰ ਨੇ ਪੰਜਾਬ ਲਈ ਕੁੱਝ ਕੀਤਾ ਅਤੇ ਨਾ ਹੀ 20 ਸਾਲਾਂ ਵਿੱਚ ਬਾਦਲਾਂ ਭਾਜਪਾ ਨੇ ਪੰਜਾਬ ਲਈ ਕੁੱਝ ਕੀਤਾ। ਇਨ੍ਹਾਂ ਨੂੰ ਵਾਰ ਵਾਰ ਅਜ਼ਮਾ ਕੇ ਦੇਖਿਆ, ਪਰ ਬਰਬਾਦੀ ਭਰਿਆ ਨਤੀਜਾ ਸਭ ਦੇ ਸਾਹਮਣੇ ਹੈ। ਪਰ ਹੁਣ ਇੱਕ ਮੌਕਾ ਕੇਜਰੀਵਾਲ ਨੂੰ ਵੀ ਦੇ ਕੇ ਦੇਖੋ, ਬਾਕੀ ਸਾਰੀਆਂ ਪਾਰਟੀਆਂ ਨੂੰ ਭੁੱਲ ਜਾਵੋਗੇ।’’
ਕੇਜਰੀਵਾਲ ਨੇ ਕਾਂਗਰਸ ’ਚ ਚੱਲ ਰਹੀ ਖ਼ਾਨਾ-ਜੰਗੀ ’ਤੇ ਟਿੱਪਣੀ ਕਰਦਿਆਂ ਕਿਹਾ, ‘‘ਮੁੱਖ ਮੰਤਰੀ ਚੰਨੀ ਨਾਲ ਨਵਜੋਤ ਸਿੱਧੂ ਲੜ ਰਹੇ ਹਨ, ਨਵਜੋਤ ਸਿੱਧੂ ਨਾਲ ਸੁਨੀਲ ਜਾਖੜ ਲੜ ਰਹੇ ਹਨ, ਜਾਖੜ ਨਾਲ ਪ੍ਰਤਾਪ ਸਿੰਘ ਬਾਜਵਾ ਲੜ ਰਹੇ ਹਨ। ਦਰਅਸਲ ਇਹ ਸਭ ਪੰਜਾਬ ਨੂੰ ਲੁੱਟਣ ਲਈ ਲੜ ਰਹੇ ਹਨ ਕਿਉਂਕਿ ਇਨ੍ਹਾਂ ਨੂੰ ਪਤਾ ਹੈ ਕਿ ਕਾਂਗਰਸ ਸਰਕਾਰ ਜਾ ਰਹੀ ਹੈ। ਸਾਰੇ ਕਾਂਗਰਸੀ ਲੁੱਟਣ ਲੱਗੇ ਹੋਏ ਹਨ।
‘ਆਪ’ ਸੁਪਰੀਮੋ ਕੇਜਰੀਵਾਲ ਨੇ ਦੋਸ਼ ਲਾਇਆ ਕਿ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਪੰਜਾਬ ਦੇ ਇਤਿਹਾਸ ਦੀ ਸਭ ਤੋਂ ਭ੍ਰਿਸ਼ਟ ਅਤੇ ਡਰਾਮੇਬਾਜ਼ ਸਰਕਾਰ ਹੈ, ਜੋ ਐਲਾਨ ਕਰਨ ਦੇ ਡਰਾਮੇ ਕਰਦੀ ਹੈ। ਚੰਨੀ ਕਹਿੰਦਾ ਰੇਤ 5 ਰੁਪਏ ਫੁੱਟ ਕਰ ਦਿੱਤਾ ਹੈ,ਬਿਜਲੀ ਸਸਤੀ ਕੀਤੀ ਹੈ ਅਤੇ ਕੇਬਲ ਦਾ ਰੇਟ ਘਟਾ ਦਿੱਤਾ ਹੈ। ਪਰ ਲੋਕਾਂ ਨੂੰ ਸਸਤਾ ਕੁੱਝ ਵੀ ਨਹੀਂ ਮਿਲ ਰਿਹਾ।
ਕੇਜਰੀਵਾਲ ਨੇ ਕਿਹਾ, ‘‘ਮੁੱਖ ਮੰਤਰੀ ਚੰਨੀ ਹਰ ਥਾਂ ਕਹਿੰਦੇ ਫਿਰਦੇ ਹਨ ਹਨ ਕਿ ਉਹ ਐਸ.ਸੀ. ਭਾਈਚਾਰੇ ਵਿੱਚੋਂ ਹਨ। ਪਰ ਕੇਜਰੀਵਾਲ ਐਸ.ਸੀ ਭਾਈਚਾਰੇ ਦੇ ਹਰ ਪਰਿਵਾਰ ਦਾ ਮੈਂਬਰ ਹੈ। ਜੋ (ਕੇਜਰੀਵਾਲ) ਐਸ.ਸੀ ਭਾਈਚਾਰੇ ਦੇ ਹਰ ਬੱਚੇ ਚੰਗੀ ਸਿੱਖਿਆ, ਚੰਗਾ ਇਲਾਜ ਅਤੇ ਅਫ਼ਸਰ ਬਣਨ ਲਈ ਮੁਫ਼ਤ ਸਿਖਲਾਈ ਪ੍ਰਦਾਨ ਕਰਦਾ ਹੈ।"