Punjab News: ਹੁਣ ਨਹੀਂ ਸ੍ਰੀ ਕੀਰਤਪੁਰ ਸਾਹਿਬ ਰੁਕੇ ਬਿਨਾਂ ਲੰਘ ਸਕਣਗੇ ਸੈਲਾਨੀ ! ਸਰਕਾਰ ਬਣਾ ਰਹੀ ਹੈ ਖਿੱਚ ਦਾ ਕੇਂਦਰ
ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਹਜਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਅਤੇ ਸੈਲਾਨੀ ਰੋਜਾਨਾ ਇਨਾਂ ਮਾਰਗਾਂ ਤੋਂ ਹਿਮਾਚਲ ਪ੍ਰਦੇਸ਼ ਦੇ ਵੱਖ ਵੱਖ ਸਥਾਨਾਂ ਤੇ ਆਉਂਦੇ ਜਾਂਦੇ ਹਨ ਪ੍ਰੰਤੂ ਉਨਾਂ ਨੂੰ ਇਨਾਂ ਪਵਿੱਤਰ ਧਾਰਮਿਕ ਮਾਰਗਾਂ ਦੇ ਇਤਿਹਾਸ ਬਾਰੇ ਜਾਣਕਾਰੀ ਦੀ ਅਣਹੋਂਦ ਕਾਰਨ ਉਹ ਇਸ ਧਰਤੀ ਤੇ ਬਿਨਾਂ ਰੁੱਕੇ ਅੱਗੇ ਚੱਲੇ ਜਾਂਦੇ ਹਨ
Punjab News: ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਅੱਜ 6 ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਧਰਤੀ ਕੀਰਤਪੁਰ ਸਾਹਿਬ ਦੇ ਦਾਖਲੇ ਮੌਕੇ ਬਣੇ ਪਤਾਲਪੁਰੀ ਚੌਂਕ ਦੇ ਸੁੰਦਰੀਕਰਨ ਪ੍ਰੋਜੈਕਟ ਦੀ ਅੱਜ ਸ਼ੁਰੂਆਤ ਕੀਤੀ ਗਈ। ਇਸ ਪ੍ਰੋਜੈਕਟ ਉੱਤੇ ਲਗਭਗ 50 ਲੱਖ ਰੁਪਏ ਦੀ ਲਾਗਤ ਆਵੇਗੀ ਤੇ ਅਗਲੇ ਡੇਢ ਮਹੀਨੇ ਵਿੱਚ ਇਹ ਪ੍ਰੋਜੈਕਟ ਲੋਕ ਅਰਪਣ ਕੀਤਾ ਜਾਵੇਗਾ।
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੇ ਵਿਧਾਨ ਸਭਾ ਹਲਕੇ ਦੇ ਵਿੱਚ ਵਿਕਾਸ ਤੇ ਸੁੰਦਰੀਕਰਨ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 2 ਗੁਰੂ ਸਾਹਿਬਾਨ ਦੀ ਜਨਮ ਸਥਲੀ ਤੇ 6 ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਕੀਰਤਪੁਰ ਸਾਹਿਬ ਤੇ ਪਤਾਲਪੁਰੀ ਚੋਂਕ ਦੇ ਸੁੰਦਰੀਕਰਨ ਪ੍ਰੋਜੈਕਟ ਲਈ ਵਿਆਪਕ ਯੋਜਨਾ ਉਲੀਕੀ ਗਈ ਹੈ।ਇਸ ਚੋਂਕ ਵਿੱਚ ਸੈਰ ਸਪਾਟਾ ਵਿਭਾਗ ਵੱਲੋਂ 15 ਫੁੱਟ ਉੱਚੀ ਰਬਾਬ ਲਗਾਈ ਜਾਵੇਗੀ ਜਿਸ ਦੇ ਆਲੇ ਦੁਆਲੇ ਸੁੰਦਰ ਰੋਸ਼ਨੀ ਅਤੇ ਮੈਡੀਕਲ ਨਾਲ ਸੰਬੰਧਿਤ ਬੂਟੇ ਲਗਾਏ ਜਾਣਗੇ।
ਉਨਾਂ ਦੱਸਿਆ ਕਿ ਕੀਰਤਪੁਰ ਸਾਹਿਬ ਦੇ 400 ਸਾਲਾ ਸ਼ਤਾਬਦੀ ਸਮਾਗਮ ਤੋਂ ਪਹਿਲਾਂ ਗੁਰੂ ਨਗਰੀ ਦਾ ਚਹੁਮੁੱਖੀ ਵਿਕਾਸ ਕਰਨ ਦੀ ਯੋਜਨਾ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਬੱਸ ਅੱਡੇ ਦਾ ਨਿਰਮਾਣ ਕਰਨ ਲਈ ਤਿਆਰੀ ਚੱਲ ਰਹੀ ਹੈ।ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਕੰਮ ਜਲਦ ਸ਼ੁਰੂ ਹੋ ਜਾਵੇਗਾ।ਪਤਾਲਪੁਰੀ ਮਾਰਗ ਤੇ ਰੇਲਵੇ ਕਰਾਸਿੰਗ ਅੰਡਰ ਪਾਸ ਦੀ ਥਾਂ ਫਲਾਈਓਵਰ ਬਣਾਉਣ ਲਈ ਰੇਲਵੇ ਮੰਤਰਾਲੇ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ।
ਕੈਬਨਿਟ ਮੰਤਰੀ ਨੇ ਪ੍ਰੋਜੈਕਟ ਤੋਂ ਇਲਾਵਾ ਹੋਰ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 10 ਕਰੋੜ ਰੁਪਏ ਦੀ ਲਾਗਤ ਨਾਲ ਸਕੂਲ ਆਫ ਐਮੀਨੈਂਸ ਦੀ ਇਮਾਰਤ ਦਾ ਨਵੀਨੀਕਰਨ ਕੀਤਾ ਜਾਵੇਗਾ।ਇਹ ਸਰਕਾਰੀ ਸਕੂਲ ਇਲਾਕੇ ਦੇ ਸਾਰੇ ਮਾਡਲ ਅਤੇ ਕਾਨਵੈਂਟ ਸਕੂਲਾਂ ਤੋਂ ਵੱਧ ਸਹੂਲਤਾਂ ਨਾਲ ਲੈੱਸ ਹੋਵੇਗਾ।ਉਨਾਂ ਦੱਸਿਆ ਕਿ ਕੀਰਤਪੁਰ ਸਾਹਿਬ ਦੇ ਮੁੱਢਲੇ ਸਿਹਤ ਕੇਂਦਰ ਨੂੰ ਡੇਢ ਕਰੋੜ ਦੀ ਲਾਗਤ ਨਾਲ ਹੋਰ ਬੇਹਤਰ ਬਣਾਇਆ ਜਾਵੇਗਾ।
ਇਸ ਤੋਂ ਇਲਾਵਾ ਇੱਕ ਸ਼ਾਨਦਾਰ ਪਾਰਕ,ਸਬਜੀ ਮੰਡੀ,ਮਾਰਕਿਟ ਅਤੇ ਗੁ:ਪਤਾਲਪੁਰੀ ਸਾਹਿਬ ਦੇ ਮਾਰਗ ਦਾ ਸੁੰਦਰੀਕਰਨ ਕਰਵਾਇਆ ਜਾਵੇਗਾ।ਉਨਾਂ ਕਿਹਾ ਕਿ ਗੁ:ਪਰਿਵਾਰ ਵਿਛੋੜਾ ਸਾਹਿਬ ਨੇੜੇ ਸਰਸਾ ਨੰਗਲ ਵਿਖੇ ਵੀ ਇਤਿਹਾਸ ਨੂੰ ਦਰਸਾਉਂਦਾ ਵਿਸ਼ੇਸ਼ ਪ੍ਰੋਜੈਕਟ ਵੀ ਲਿਆ ਰਹੇ ਹਾਂ।ਗੁਰੂ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਨੂੰ ਆਉਣ ਵਾਲੇ ਮਾਰਗਾਂ ਤੇ ਇਤਿਹਾਸ ਨਾਲ ਸਬੰਧਿਤ ਡਿਸਪਲੇ ਬੋਰਡ ਵੀ ਲਗਾਏ ਗਏ ਹਨ ਜਿਨਾਂ ਤੋਂ ਸ਼ਰਧਾਲੂਆਂ ਤੇ ਸੈਲਾਨੀਆਂ ਨੂੰ ਇਸ ਮੁਕੱਦਸ ਅਸਥਾਨ ਬਾਰੇ ਜਾਣਕਾਰੀ ਮਿਲ ਰਹੀ ਹੈ।
ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਹਜਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਅਤੇ ਸੈਲਾਨੀ ਰੋਜਾਨਾ ਇਨਾਂ ਮਾਰਗਾਂ ਤੋਂ ਹਿਮਾਚਲ ਪ੍ਰਦੇਸ਼ ਦੇ ਵੱਖ ਵੱਖ ਸਥਾਨਾਂ ਤੇ ਆਉਂਦੇ ਜਾਂਦੇ ਹਨ ਪ੍ਰੰਤੂ ਉਨਾਂ ਨੂੰ ਇਨਾਂ ਪਵਿੱਤਰ ਧਾਰਮਿਕ ਮਾਰਗਾਂ ਦੇ ਇਤਿਹਾਸ ਬਾਰੇ ਜਾਣਕਾਰੀ ਦੀ ਅਣਹੋਂਦ ਕਾਰਨ ਉਹ ਇਸ ਧਰਤੀ ਤੇ ਬਿਨਾਂ ਰੁੱਕੇ ਅੱਗੇ ਚੱਲੇ ਜਾਂਦੇ ਹਨ ਪ੍ਰੰਤੂ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਧਾਰਮਿਕ ਤੇ ਇਤਿਹਾਸਿਕ ਪੱਖੋਂ ਇਸ ਧਰਤੀ ਦੇ ਵਿਕਾਸ ਲਈ ਵੱਡੇ ਪ੍ਰੋਜੈਕਟ ਸ਼ੁਰੂ ਕੀਤੇ ਹਨ।ਜਿਸ ਨਾਲ ਸ਼ਰਧਾਲੂ ਤੇ ਸੈਲਾਨੀ ਇੱਥੇ ਦਰਸ਼ਨ ਕਰਨ ਦੇ ਨਾਲ ਨਾਲ ਕੁੱਝ ਸਮਾਂ ਹੋਰ ਵਧੇਰੇ ਇਨਾਂ ਨਗਰਾਂ ਵਿੱਚ ਬਤੀਤ ਕਰਨ ਜਿਸ ਨਾਲ ਇਸ ਖੇਤਰ ਦੇ ਵਪਾਰ ਤੇ ਕਾਰੋਬਾਰ ਨੂੰ ਪ੍ਰਫੁੱਲਤ ਕੀਤਾ ਜਾ ਸਕੇ।
ਉਨਾਂ ਕਿਹਾ ਕਿ ਅਸੀਂ ਇਲਾਕੇ ਦੇ ਸਰਬਪੱਖੀ ਵਿਕਾਸ ਲਈ ਪੂਰੀ ਤਰਾਂ ਵਚਨਬੱਧ ਹਾਂ ਤੇ ਕਿਸੇ ਵੀ ਤਰਾਂ ਦੀ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੋਕੇ ਕੈਬਨਿਟ ਮੰਤਰੀ ਨੇ ਦੋਵੇਂ ਹੱਥ ਜੋੜ ਕੇ ਸੰਗਤਾਂ ਦੀ ਹਾਜਰੀ ਵਿੱਚ ਪਤਾਲਪੁਰੀ ਚੋਂਕ ਦੇ ਸੁੰਦਰੀਕਰਨ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ।