Punjab Weather: ਜਾਣੋ ਪੰਜਾਬ ਵਿੱਚ ਕਦੋਂ ਪਹੁੰਚ ਰਿਹਾ ਹੈ ਮਾਨਸੂਨ, ਇਸ ਵਾਰ ਮੀਂਹ ਕੱਢੇਗਾ 'ਕਸਰਾਂ'?
ਭਾਰਤੀ ਮੌਸਮ ਵਿਭਾਗ ਅਨੁਸਾਰ ਅੱਜ (27 ਮਈ) ਨੂੰ ਦਿੱਲੀ ਸਮੇਤ ਰਾਜਸਥਾਨ,ਪੰਜਾਬ, ਹਰਿਆਣਾ ਸਮੇਤ ਕਈ ਰਾਜਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ ਦੇ ਕਈ ਖੇਤਰਾਂ ਵਿੱਚ ਸਵੇਰੇ ਮੀਂਹ ਪਿਆ, ਜਿਸ ਕਰਕੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ।
Punjab Weather: ਪੰਜਾਬ ਤੇ ਚੰਡੀਗੜ੍ਹ ਵਿੱਚ ਪਿਛਲੇ ਸਾਲ ਵਾਂਗ ਇਸ ਵਾਰ ਵੀ ਮਾਨਸੂਨ 30 ਜੂਨ ਤੋਂ ਬਾਅਦ ਦਸਤਕ ਦੇ ਸਕਦਾ ਹੈ। ਇਸ ਸਾਲ ਮੀਂਹ ਆਮ ਰਹਿਣ ਦੀ ਸੰਭਾਵਨਾ ਹੈ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਕਿਹਾ ਕਿ ਮਾਨਸੂਨ ਦੇ ਆਮ ਦਿਨਾਂ 'ਤੇ ਆਉਣ ਦੀ ਉਮੀਦ ਹੈ। ਆਉਣ ਵਾਲੇ ਦਿਨਾਂ ਵਿੱਚ ਸਥਿਤੀ ਹੋਰ ਸਪੱਸ਼ਟ ਹੋ ਜਾਵੇਗੀ।
ਪਿਛਲੇ ਕੁਝ ਦਿਨਾਂ ਤੋਂ ਸੂਬੇ ਦੀ ਰਾਜਧਾਨੀ ਸ਼ਹਿਰ ਚੰਡੀਗੜ੍ਹ ਦਾ ਮੌਸਮ ਵੀ ਬਦਲ ਗਿਆ ਹੈ। ਇਹ ਬਦਲਾਅ ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਕਾਰਨ ਆਇਆ ਹੈ। ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਵੀ ਸ਼ਹਿਰ ਦੇ ਕੁਝ ਇਲਾਕਿਆਂ 'ਚ ਬੱਦਲ ਛਾਏ ਰਹਿਣ ਅਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਸੀ ਪਰ ਅਜਿਹਾ ਨਹੀਂ ਹੋਇਆ ਅਤੇ ਦਿਨ ਭਰ ਧੁੱਪ ਛਾਈ ਰਹੀ। ਹਾਲਾਂਕਿ ਪਿਛਲੇ ਦਿਨੀਂ ਹੋਈ ਬਾਰਿਸ਼ ਕਾਰਨ ਸ਼ਹਿਰ ਦਾ ਤਾਪਮਾਨ ਆਮ ਨਾਲੋਂ ਕਾਫੀ ਘੱਟ ਦਰਜ ਕੀਤਾ ਗਿਆ ਸੀ।
ਮੌਸਮ ਵਿਭਾਗ ਮੁਤਾਬਕ ਸ਼ੁੱਕਰਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 32.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਅੱਠ ਡਿਗਰੀ ਘੱਟ ਸੀ। ਇਸ ਦੇ ਨਾਲ ਹੀ ਘੱਟੋ-ਘੱਟ ਤਾਪਮਾਨ 22.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਤਿੰਨ ਡਿਗਰੀ ਘੱਟ ਸੀ। ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ 'ਚ ਤਾਪਮਾਨ 'ਚ ਗਿਰਾਵਟ ਜਾਰੀ ਰਹੇਗੀ ਅਤੇ 30 ਮਈ ਨੂੰ ਤਾਪਮਾਨ 31 ਡਿਗਰੀ ਦੇ ਨੇੜੇ ਪਹੁੰਚ ਸਕਦਾ ਹੈ। ਮੌਸਮ ਵਿੱਚ ਇਹ ਬਦਲਾਅ ਅਗਲੇ ਪੰਜ ਦਿਨਾਂ ਤੱਕ ਦੇਖਣ ਨੂੰ ਮਿਲੇਗਾ। ਇਸ ਦੌਰਾਨ ਸ਼ਹਿਰ 'ਚ ਕਦੇ ਬੱਦਲ ਛਾਏ, ਕਦੇ ਧੁੱਪ ਅਤੇ ਕਦੇ ਅਚਾਨਕ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਵੀ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਹਲਕੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਜਤਾਈ ਹੈ। ਹਾਲਾਂਕਿ ਮੀਂਹ ਦੀ ਸੰਭਾਵਨਾ ਘੱਟ ਹੈ।
ਜੇ ਰਸ਼ਟਰੀ ਰਾਜਧਾਨੀ ਦਿੱਲੀ ਸਮੇਤ ਉੱਤਰੀ ਭਾਰਤ ਦੇ ਰਾਜਾਂ ਦੀ ਗੱਲ ਕਰੀਏ ਤਾਂ ਮੌਸਮ ਵਿੱਚ ਤਬਦੀਲੀ ਕਾਰਨ ਲੋਕਾਂ ਨੂੰ ਕੜਾਕੇ ਦੀ ਗਰਮੀ ਤੋਂ ਰਾਹਤ ਮਿਲ ਰਹੀ ਹੈ। ਪੱਛਮੀ ਗੜਬੜੀ ਦੇ ਕਾਰਨ, ਦਿੱਲੀ-ਐਨਸੀਆਰ ਦੇ ਕਈ ਖੇਤਰਾਂ ਵਿੱਚ ਤੜਕੇ ਤੂਫਾਨ ਦੇ ਨਾਲ ਬਾਰਿਸ਼ ਹੋਈ। ਭਾਰਤੀ ਮੌਸਮ ਵਿਭਾਗ ਅਨੁਸਾਰ ਅੱਜ (27 ਮਈ) ਨੂੰ ਦਿੱਲੀ ਸਮੇਤ ਰਾਜਸਥਾਨ,ਪੰਜਾਬ, ਹਰਿਆਣਾ ਸਮੇਤ ਕਈ ਰਾਜਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ ਦੇ ਕਈ ਖੇਤਰਾਂ ਵਿੱਚ ਸਵੇਰੇ ਮੀਂਹ ਪਿਆ, ਜਿਸ ਕਰਕੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ।