ਕੈਪਟਨ ਨਹੀਂ ਧਰਨਗੇ ਪਾਕਿਸਤਾਨ 'ਚ ਪੈਰ, ਅੱਤਵਾਦ ਦੇ ਖਾਤਮੇ ਦੀ ਰੱਖੀ ਸ਼ਰਤ
ਕੈਪਟਨ ਨੇ ਕਿਹਾ ਕਿ ਜਦੋਂ ਤਕ ਪਾਕਿਸਤਾਨ ਸਾਡੇ ਜਵਾਨਾਂ 'ਤੇ ਗੋਲੀਬਾਰੀ ਬੰਦ ਨਹੀਂ ਕਰੇਗਾ ਤੇ ਅੱਤਵਾਦ ਖ਼ਤਮ ਨਹੀਂ ਕਰੇਗਾ, ਉਦੋਂ ਤਕ ਉਹ ਪਾਕਿਸਤਾਨ ਨਹੀਂ ਜਾਣਗੇ। ਉਂਝ ਉਨ੍ਹਾਂ ਇਹ ਵੀ ਕਿਹਾ ਕਿ ਉਹ ਪਹਿਲੇ ਜਥੇ ਨਾਲ ਕਰਤਾਰਪੁਰ ਸਾਹਿਬ ਜਾਣਗੇ ਪਰ ਇਸ ਨੂੰ ਇਹ ਨਾ ਸਮਝਿਆ ਜਾਵੇ ਕਿ ਉਹ ਪਾਕਿਸਤਾਨ ਗਏ ਹਨ। ਕਰਤਾਰਪੁਰ ਸਾਹਿਬ ਹੁਣ ਇੱਕ ਕੋਰੀਡੋਰ ਹੈ ਨਾ ਕਿ ਪਾਕਿਸਤਾਨ।
ਅਸ਼ਰਫ਼ ਢੁੱਡੀ
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਕਿਸਤਾਨ ਨਹੀਂ ਜਾਣਗੇ। ਇਹ ਐਲਾਨ ਅੱਜ ਉਨ੍ਹਾਂ ਨੇ ਕੀਤਾ ਹੈ। ਕੈਪਟਨ ਨੇ ਕਿਹਾ ਕਿ ਜਦੋਂ ਤਕ ਪਾਕਿਸਤਾਨ ਸਾਡੇ ਜਵਾਨਾਂ 'ਤੇ ਗੋਲੀਬਾਰੀ ਬੰਦ ਨਹੀਂ ਕਰੇਗਾ ਤੇ ਅੱਤਵਾਦ ਖ਼ਤਮ ਨਹੀਂ ਕਰੇਗਾ, ਉਦੋਂ ਤਕ ਉਹ ਪਾਕਿਸਤਾਨ ਨਹੀਂ ਜਾਣਗੇ। ਉਂਝ ਉਨ੍ਹਾਂ ਇਹ ਵੀ ਕਿਹਾ ਕਿ ਉਹ ਪਹਿਲੇ ਜਥੇ ਨਾਲ ਕਰਤਾਰਪੁਰ ਸਾਹਿਬ ਜਾਣਗੇ ਪਰ ਇਸ ਨੂੰ ਇਹ ਨਾ ਸਮਝਿਆ ਜਾਵੇ ਕਿ ਉਹ ਪਾਕਿਸਤਾਨ ਗਏ ਹਨ। ਕਰਤਾਰਪੁਰ ਸਾਹਿਬ ਹੁਣ ਇੱਕ ਕੋਰੀਡੋਰ ਹੈ ਨਾ ਕਿ ਪਾਕਿਸਤਾਨ।
ਉਨ੍ਹਾਂ ਕਿਹਾ ਕਿ ਜਥੇਦਾਰ ਨੂੰ ਮਿਲਣ ਲਈ ਪੰਜਾਬ ਸਰਕਾਰ ਦੇ ਮੰਤਰੀ ਅੱਜ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਹਨ। ਉਨ੍ਹਾਂ ਦੱਸਿਆ ਕਿ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਸਮਾਗਮਾਂ ਦਾ ਕੰਮ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਨੁਸਾਰ ਹੀ ਹੋਵੇਗਾ। ਹਾਲਾਂਕਿ ਉਨ੍ਹਾਂ ਦੱਸਿਆ ਕਿ 12 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਸਟੇਜ 'ਤੇ ਮਾਮਲਾ ਫਸਿਆ ਹੋਇਆ ਹੈ। ਉਨ੍ਹਾਂ ਕਿਹਾ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੇ ਅਨੁਸਾਰ ਹੀ ਜਾ ਰਹੇ ਹਨ।
ਕੈਪਟਨ ਨੇ ਕਿਹਾ ਕਿ ਕਰਤਾਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਹੋਣੇ ਚਾਹੀਦੇ ਹਨ। 1927 'ਚ ਮੇਰੇ ਦਾਦਾ ਜੀ ਨੇ ਗੁਰਦੁਆਰਾ ਸਾਹਿਬ ਦੀ ਸੇਵਾ ਕਰਵਾਈ ਸੀ। ਕੈਪਟਨ ਨੇ ਕਿਹਾ ਪੀਐਮ ਮੋਦੀ ਅਕਾਲੀ ਦਲ ਦੀ ਸਟੇਜ 'ਤੇ ਜਾਣਗੇ ਜਾਂ ਨਹੀਂ, ਇਹ ਅਜੇ ਤਕ ਪੀਐਮ ਦਫਤਰ ਵੱਲੋਂ ਲਿਖਤੀ ਰੂਪ 'ਚ ਕੁਝ ਵੀ ਸਾਹਮਣੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਸਿਆਸਤ ਖੇਡ ਰਿਹਾ ਹੈ। ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਫਜ਼ੂਲ ਦੀਆਂ ਗੱਲਾਂ ਕਰ ਰਹੇ ਹਨ। ਕੈਪਟਨ ਨੇ ਕਿਹਾ ਕਿ ਉਨ੍ਹਾਂ ਕਿਹਾ ਸੀ ਕਿ ਗੁਰਦੁਆਰਾ ਸਾਹਿਬ ਦੇ ਅੰਦਰਲੇ ਕੰਮਾਂ ਦਾ ਪ੍ਰਬੰਧ ਐਸਜੀਪੀਸੀ ਕਰੇ ਤੇ ਬਾਹਰ ਦੇ ਕੰਮ ਸਰਕਾਰ ਕਰੇਗੀ।
ਦਰਅਸਲ ਕੈਪਟਨ ਅਮਰਿੰਦਰ ਸਿੰਘ ਜ਼ਿਮਨੀ ਚੋਣਾਂ ਦੇ ਪ੍ਰਚਾਰ ਲਈ ਮੰਗਲਵਾਰ ਨੂੰ ਲੁਧਿਆਣਾ ਦੇ ਮੁਲਾਂਪੁਰ ਦਾਖਾ ਪਹੁੰਚੇ। ਇੱਥੇ ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਬਹੁਤ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਉਨ੍ਹਾਂ ਪੰਜਾਬ ਵਿੱਚ ਸਾਰੀਆਂ 4 ਸੀਟਾਂ 'ਤੇ ਕਾਂਗਰਸ ਦੀ ਜਿੱਤ ਦਾ ਦਾਅਵਾ ਕੀਤਾ। ਹਾਲਾਂਕਿ ਹਰਿਆਣਾ ਦੀਆਂ ਸੀਟਾਂ ਬਾਰੇ ਕੁਝ ਨਹੀਂ ਕਿਹਾ।
ਅਕਾਲੀ ਦਲ ਦੀ ਸਿਆਸਤ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਕਹਿ ਰਹੇ ਹਨ ਕਿ ਹਰਿਆਣਾ ਵਿੱਚ ਬੀਜੇਪੀ ਨੂੰ ਹਰਾ ਦਿਓ। ਉਨ੍ਹਾਂ ਕਿਹਾ ਕਿ ਜੇ ਬੀਜੇਪੀ ਬਾਰੇ ਅਕਾਲੀ ਦਲ ਇਹ ਕਹਿ ਰਿਹਾ ਤਾਂ ਫਿਰ ਬੀਜੇਪੀ ਇਨ੍ਹਾਂ ਦਾ ਸਾਥ ਕਿਉਂ ਦਏਗੀ। ਅਕਾਲੀਆਂ ਦਾ ਕੋਈ ਸਟੈਂਡ ਨਹੀਂ। ਬੀਜੇਪੀ-ਅਕਾਲੀ ਗਠਜੋੜ 'ਤੇ ਬੋਲਦਿਆਂ ਕੈਪਟਨ ਨੇ ਕਿਹਾ ਕਿ 2020 'ਚ ਨਹੀਂ ਲੱਗਦਾ ਕਿ ਇਹ ਇਕੱਠੇ ਚੋਣ ਲੜਨਗੇ।