ਐਂਬੂਲੈਂਸ 'ਤੇ ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ ਸ਼ਮਸ਼ਾਨ ਘਾਟ ਲਿਜਾਣ ਲਈ ਮੰਗੇ ਪੈਸੇ, ਆਟੋ ਤੇ ਰੇਹੜੇ 'ਤੇ ਲਾਸ਼ਾਂ ਲੈਕੇ ਪਹੁੰਚੇ ਪਰਿਵਾਰ
ਇੱਕ ਪਰਵਾਸੀ ਪਰਿਵਾਰ ਮ੍ਰਿਤਕ ਦੇਹ ਨੂੰ ਆਟੋ ਵਿੱਚ ਲੈ ਕੇ ਸਸਕਾਰ ਕਰਨ ਲਈ ਪਹੁੰਚਿਆ। ਜਿਸ ਸਬੰਧੀ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ।
ਲੁਧਿਆਣਾ: ਕੋਰੋਨਾ ਮਹਾਮਾਰੀ ਵਿਚਾਲੇ ਪੰਜਾਬ ਵਿੱਚ ਸਿਹਤ ਵਿਵਸਥਾ ਵਿਗੜਦੀ ਨਜ਼ਰ ਆ ਰਹੀ ਹੈ। ਜਿੱਥੇ ਸਿਵਲ ਹਸਪਤਾਲ 'ਤੇ ਐਂਬੂਲੈਂਸ ਵੱਲੋਂ ਕੋਰੋਨਾ ਪੌਜ਼ੇਟਿਵ ਮ੍ਰਿਤਕ ਦੇਹ ਲਿਜਾਣ ਲਈ ਪੈਸੇ ਮੰਗਣ ਦੇ ਇਲਜ਼ਾਮ ਲੱਗੇ ਹਨ। ਜਿਸ ਤੋਂ ਬਾਅਦ ਲੁਧਿਆਣਾ ਦੇ ਢੋਲੇਵਾਲ ਸਥਿਤ ਰਾਮਗੜ੍ਹੀਆ ਸ਼ਮਸ਼ਾਨ ਘਾਟ ਵਿੱਚ ਅੱਜ ਇਕ ਪਰਿਵਾਰ ਕੋਰੋਨਾ ਪੋਜ਼ੇਟਿਵ ਮ੍ਰਿਤਕ ਦੇਹ ਨੂੰ ਰੇਹੜੇ ਤੇ ਲੈ ਕੇ ਪਹੁੰਚਿਆ।
ਇੱਕ ਪਰਵਾਸੀ ਪਰਿਵਾਰ ਮ੍ਰਿਤਕ ਦੇਹ ਨੂੰ ਆਟੋ ਵਿੱਚ ਲੈ ਕੇ ਸਸਕਾਰ ਕਰਨ ਲਈ ਪਹੁੰਚਿਆ। ਜਿਸ ਸਬੰਧੀ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ। ਵਾਇਰਲ ਵੀਡੀਓ ਵਿੱਚ ਦਾਅਵਾ ਕੀਤਾ ਗਿਆ ਕਿ ਸਿਵਲ ਹਸਪਤਾਲ ਵਿੱਚ ਐਂਬੂਲੈਂਸ ਵੱਲੋਂ ਮ੍ਰਿਤਕ ਦੇਹ ਨੂੰ ਲਿਜਾਣ ਲਈ 3500 ਰੁਪਏ ਤੱਕ ਮੰਗੇ ਗਏ। ਜਿਸ ਤੋਂ ਬਾਅਦ ਪਰਿਵਾਰ ਵੱਲੋਂ ਰੇਹੜੇ ਵਿੱਚ ਮਹਿਲਾ ਦੀ ਮ੍ਰਿਤਕ ਦੇਹ ਨੂੰ ਸ਼ਮਸ਼ਾਨ ਘਾਟ ਲਿਆਂਦਾ ਗਿਆ।
ਜਦੋਂ ਸ਼ਮਸ਼ਾਨ ਘਾਟ 'ਚ ਪਹੁੰਚ ਕੇ ਮੌਕੇ ਦਾ ਮੁਆਇਨਾ ਕੀਤਾ ਤਾਂ ਮਨੁੱਖਤਾ ਨੂੰ ਸ਼ਰਮਸਾਰ ਕਰਦੇ ਹੋਏ ਦ੍ਰਿਸ਼ ਨਜ਼ਰ ਆਏ। ਇਸ ਮੌਕੇ ਸ਼ਮਸ਼ਾਨ ਪ੍ਰਬੰਧਕ ਕਮੇਟੀ ਦੇ ਰਣਜੋਧ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਇੱਥੇ ਕੋਰੋਨਾ ਪੌਜ਼ੇਟਿਵ ਮ੍ਰਿਤਕ ਦੇਹਾਂ ਦਾ ਸਸਕਾਰ ਹੁੰਦਾ ਹੈ। ਲੇਕਿਨ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ ਕਿ ਪ੍ਰਸ਼ਾਸਨ ਦੀਆਂ ਟੀਮਾਂ ਤੋਂ ਬਗੈਰ ਤੇ ਨਿਯਮਾਂ ਦੀ ਪਾਲਣਾ ਨਾ ਕਰਦਿਆਂ ਹੋਇਆਂ ਮ੍ਰਿਤਕ ਦੇਹਾਂ ਆਟੋ ਅਤੇ ਰਿਕਸ਼ੇ 'ਤੇ ਪਹੁੰਚੀਆਂ ਹਨ।
ਉਨ੍ਹਾਂ ਦੱਸਿਆ ਕਿ ਅੱਜ ਲਈ 14 ਕੋਰੋਨਾ ਪੌਜ਼ੇਟਿਵ ਮ੍ਰਿਤਕ ਦੇਹਾਂ ਦਾ ਸਸਕਾਰ ਬੁੱਕ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ 8 ਮ੍ਰਿਤਕ ਦੇਹਾਂ ਦਾ ਸਸਕਾਰ ਕਰ ਦਿੱਤਾ ਗਿਆ ਹੈ। ਉੱਥੇ ਹੀ ਵਾਇਰਲ ਵੀਡੀਓ ਵਿੱਚ ਨਜ਼ਰ ਆ ਰਹੇ ਪੰਡਤ ਪੰਕਜ ਸ਼ਰਮਾ ਨੇ ਦੱਸਿਆ ਕਿ ਮ੍ਰਿਤਕ ਦੇਹ ਨੂੰ ਆਟੋ ਵਿੱਚ ਲੈ ਕੇ ਆਇਆ ਪਰਿਵਾਰ ਪਰਵਾਸੀ ਨਜ਼ਰ ਆ ਰਿਹਾ ਸੀ। ਉਨ੍ਹਾਂ ਨੇ ਸਿਸਟਮ ਦੇ ਮਾੜੇ ਹਾਲਾਤਾਂ ਨੂੰ ਲੈ ਕੇ ਦੁੱਖ ਦਾ ਪ੍ਰਗਟਾਵਾ ਕੀਤਾ।
ਉੱਥੇ ਹੀ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਸਵਾਤੀ ਟਿਵਾਣਾ, ਜਿਹੜੇ ਕੋਰੋਨਾ ਨੂੰ ਲੈ ਕੇ ਅਧਿਕਾਰੀ ਵੀ ਹਨ, ਉਨ੍ਹਾਂ ਨੇ ਹਾਲਾਤਾਂ ਨੂੰ ਲੈ ਕੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸਿਵਲ ਹਸਪਤਾਲ ਵਿੱਚ ਸੰਵੇਦਨਾ ਟਰੱਸਟ ਦੀਆਂ ਐਂਬੂਲੈਂਸਾਂ ਚਲਦੀਆਂ ਹਨ ਜਿਹੜੀਆਂ 40 ਕਿਲੋਮੀਟਰ ਤੱਕ ਫ੍ਰੀ ਲੈ ਕੇ ਜਾਂਦੀਆਂ ਹਨ ਤੇ ਉਸ ਤੋਂ ਬਾਅਦ ਦੱਸ ਰੁਪਏ ਪ੍ਰਤੀ ਕਿਲੋਮੀਟਰ ਚਾਰਜ ਕਰਦੀਆਂ ਹਨ। ਉਨ੍ਹਾਂ ਨੇ ਐਂਬੂਲੈਂਸ ਵਾਲਿਆਂ ਵੱਲੋਂ ਪੈਸੇ ਮੰਗਣ ਦੀ ਗੱਲ 'ਤੇ ਜਾਂਚ ਕਰਨ ਦਾ ਭਰੋਸਾ ਦਿੱਤਾ।