ਲੁਧਿਆਣਾ 'ਚ ਚਿੱਟੇ ਦੇ ਕਾਰੋਬਾਰੀ ਦਾ ਖੁਲਾਸਾ, ਵੱਡੀ ਮਾਤਰਾ 'ਚ ਮਿਲੀ ਹੈਰੋਇਨ
ਪੁਲਿਸ ਮੁਤਾਬਕ ਉਹ ਲੁਧਿਆਣਾ ਦੇ ਬੀਆਰਐਸ ਨਗਰ ਵਿੱਚ ਹੈਰੋਇਨ ਦੀ ਸਪਲਾਈ ਕਰਨ ਜਾ ਰਹੇ ਸਨ ਤਾਂ ਐਸਟੀਐਫ ਵੱਲੋਂ ਨਾਕੇਬੰਦੀ ਕਰਕੇ ਰਘੂਨਾਥ ਹਸਪਤਾਲ ਨੇੜਿਓਂ ਇਨ੍ਹਾਂ ਮੁਲਜ਼ਮਾਂ ਨੂੰ ਰੋਕ ਕੇ ਤਲਾਸ਼ੀ ਲਈ ਗਈ।
ਲੁਧਿਆਣਾ: ਐੱਸਟੀਐੱਫ ਰੇਂਜ ਨੇ 5 ਕਿੱਲੋ 300 ਗ੍ਰਾਮ ਹੈਰੋਇਨ ਤੇ 2 ਲੱਖ 10 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਪੁਲਿਸ ਨੇ ਦੋ ਤਸਕਰ ਵੀ ਗ੍ਰਿਫ਼ਤਾਰ ਕੀਤੇ ਹਨ ਜਦੋਂਕਿ ਇੱਕ ਦੀ ਭਾਲ ਜਾਰੀ ਹੈ।
ਲੁਧਿਆਣਾ ਐੱਸਟੀਐੱਫ ਰੇਂਜ ਨੇ ਭਰੋਸੇਯੋਗ ਸੂਤਰਾਂ ਤੋਂ ਹੋਈ ਮੁਖਬਰੀ ਮਗਰੋਂ ਦਾਣਾ ਮੰਡੀ ਸਲੇਮ ਟਾਬਰੀ ਲੁਧਿਆਣਾ ਵਿੱਚ ਸਪਲੀਮੈਂਟ ਦੇ ਨਾਂ 'ਤੇ ਦੁਕਾਨ ਚਲਾ ਰਹੇ ਜਗਜੀਤ ਸਿੰਘ ਤੇ ਹਰਮਿੰਦਰ ਸਿੰਘ ਨੂੰ ਦਬੋਚਿਆ। ਦੋਵੇਂ ਮਿਲ ਕੇ ਹੈਰੋਇਨ ਵੇਚਣ ਦਾ ਨਾਜਾਇਜ਼ ਧੰਦਾ ਕਰਦੇ ਸਨ।
ਪੁਲਿਸ ਮੁਤਾਬਕ ਉਹ ਲੁਧਿਆਣਾ ਦੇ ਬੀਆਰਐਸ ਨਗਰ ਵਿੱਚ ਹੈਰੋਇਨ ਦੀ ਸਪਲਾਈ ਕਰਨ ਜਾ ਰਹੇ ਸਨ ਤਾਂ ਐਸਟੀਐਫ ਵੱਲੋਂ ਨਾਕੇਬੰਦੀ ਕਰਕੇ ਰਘੂਨਾਥ ਹਸਪਤਾਲ ਨੇੜਿਓਂ ਇਨ੍ਹਾਂ ਮੁਲਜ਼ਮਾਂ ਨੂੰ ਰੋਕ ਕੇ ਤਲਾਸ਼ੀ ਲਈ ਗਈ। ਉਨ੍ਹਾਂ ਦੇ ਬੈਗ ਵਿੱਚੋਂ 800 ਗਰਾਮ ਹੈਰੋਇਨ ਤੇ ਇੱਕ ਕੰਡਾ ਬਰਾਮਦ ਹੋਇਆ।
ਇਸ ਤੋਂ ਬਾਅਦ ਇਨ੍ਹਾਂ ਮੁਲਜ਼ਮਾਂ ਤੋਂ ਜਦੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਮੁਲਜ਼ਮ ਦੀ ਨਿਸ਼ਾਨਦੇਹੀ 'ਤੇ 4.5 ਕਿੱਲੋ ਹੈਰੋਇਨ ਹੋਰ ਬਰਾਮਦ ਹੋਈ। ਕੁੱਲ ਮਿਲਾ ਕੇ 5 ਕਿੱਲੋ 300 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਜਿਸ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ ਕਰੋੜਾਂ ਰੁਪਏ ਬਣਦੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਟੀਐਫ ਦੇ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੂੰ ਮੁਖਬਰੀ ਦੇ ਅਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਉਸ ਦੀ ਨਿਸ਼ਾਨਦੇਹੀ 'ਤੇ ਉਸ ਦੀ ਘਰ ਦੀ ਤਲਾਸ਼ੀ ਲੈਣ ਤੋਂ ਬਾਅਦ ਹੈਰੋਇਨ ਦੀ ਇਹ ਵੱਡੀ ਖੇਪ ਬਰਾਮਦ ਹੋਈ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਦੇ ਘਰ ਵਿੱਚ ਹੀ ਲਗਪਗ ਦੋ ਲੱਖ ਰੁਪਏ ਦੇ ਕਰੀਬ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਸਲੇਮ ਟਾਬਰੀ ਦਾ ਰਹਿਣ ਵਾਲਾ ਹੈ ਤੇ ਬੀਤੇ ਕਈ ਸਾਲਾਂ ਤੋਂ ਨਸ਼ੇ ਦੀ ਸਪਲਾਈ ਦਾ ਗੋਰਖ ਧੰਦਾ ਕਰਦਾ ਸੀ। ਦੋ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਜਦੋਂਕਿ ਇੱਕ ਨੂੰ ਅਜੇ ਗ੍ਰਿਫਤਾਰ ਕਰਨਾ ਬਾਕੀ ਹੈ। ਮੁਲਜ਼ਮ ਜਿਨ੍ਹਾਂ ਵਾਹਨਾਂ ਤੇ ਹੈਰੋਇਨ ਸਪਲਾਈ ਕਰਦੇ ਸਨ, ਪੁਲਿਸ ਨੇ ਉਹ ਵੀ ਬਰਾਮਦ ਕਰ ਲਏ ਜਿਸ ਵਿੱਚ ਇੱਕ ਮੋਟਰਸਾਈਕਲ ਤੇ ਇੱਕ ਬਲੈਰੋ ਗੱਡੀ ਸ਼ਾਮਲ ਹੈ।