ਪੜਚੋਲ ਕਰੋ
ਮੁਅੱਤਲੀ ਮਗਰੋਂ ਬੁਲਾਰੀਆ ਨੇ ਖੋਲ੍ਹੇ ਮਜੀਠੀਆ ਦੇ ਭੇਤ

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਵਿੱਚੋਂ ਮੁਅੱਤਲ ਕੀਤੇ ਗਏ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਮਜੀਠੀਆ ਨੂੰ ਰਾਜਨੀਤੀ ਬਾਰੇ ਕੁਝ ਵੀ ਪਤਾ ਨਹੀਂ ਸੀ। ਉਨ੍ਹਾਂ ਨੂੰ ਸਿਰਫ ਸੁਖਬੀਰ ਬਾਦਲ ਦੀ ਪਤਨੀ ਦਾ ਭਰਾ ਹੋਣ ਕਰਕੇ ਰਾਜਨੀਤੀ ਵਿੱਚ ਲਿਆਂਦਾ ਗਿਆ ਹੈ। ਬੁਲਾਰੀਆ ਨੇ ਕਿਹਾ ਕਿ ਮਜੀਠੀਆ ਤਾਂ ਸੁਖਬੀਰ ਬਾਦਲ ਦੇ ਦਹੇਜ ਨਾਲ ਆਏ ਹਨ। ਦਰਅਸਲ ਬੁਲਾਰੀਆ ਵੱਲੋਂ ਪਿਛਲੇ ਸਮੇਂ ਵਿੱਚ ਮਜੀਠੀਆ ਬਾਰੇ ਕੀਤੀ ਗਈ ਬਿਆਨਬਾਜ਼ੀ ਤੇ ਅਕਾਲੀ ਦਲ ਖਿਲਾਫ ਖੋਲ੍ਹੇ ਗਏ ਮੋਰਚੇ ਤੋਂ ਬਾਅਦ ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਸੀ ਕਿ ਬੁਲਾਰੀਆ ਨੂੰ ਰਾਜਨੀਤੀ ਵਿੱਚ ਉਨ੍ਹਾਂ ਦੇ ਪਿਤਾ ਕਰਕੇ ਲਿਆਂਦਾ ਗਿਆ ਸੀ। ਇਸੇ ਕਰਕੇ ਹੀ ਕਈ ਅਹੁਦਿਆਂ ਨਾਲ ਨਿਵਾਜਿਆ ਗਿਆ ਸੀ ਜਦਕਿ ਬੁਲਾਰੀਆ ਇਨ੍ਹਾਂ ਅਹੁਦਿਆਂ ਦੇ ਯੋਗ ਵੀ ਨਹੀਂ ਸਨ। ਬੁਲਾਰੀਆ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦਿੱਤੇ ਗਏ ਅਹੁਦੇ ਅਕਾਲੀ ਦਲ ਦੀ ਮਜ਼ਬੂਰੀ ਸੀ ਕਿਉਂਕਿ ਉਨ੍ਹਾਂ ਕੋਲ ਮਾਝੇ ਵਿੱਚ ਕੋਈ ਵੀ ਅਜਿਹਾ ਲੀਡਰ ਨਹੀਂ ਸੀ ਜੋ ਪਾਰਟੀ ਨੂੰ ਮਜਬੂਤੀ ਕਰ ਸਕਦਾ ਸੀ। ਬੁਲਾਰੀਆ ਨੇ ਬਿਕਰਮ ਮਜੀਠੀਆ 'ਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਪਿੱਠ ਵਿੱਚ ਛੁਰਾ ਮਾਰਿਆ ਹੈ। ਉਨ੍ਹਾਂ ਕਿਹਾ ਕਿ 2012 ਦੀਆਂ ਚੋਣਾਂ ਦੌਰਾਨ ਮਜੀਠੀਆ ਨੇ ਉਨ੍ਹਾਂ ਦੀ ਸੀਟ ਦਾ ਕਾਂਗਰਸ ਨਾਲ ਸੌਦਾ ਕੀਤਾ ਸੀ। ਚੌਟਾਲਿਆਂ ਦੇ ਬੇਹੱਦ ਕਰੀਬੀ ਜਸਬੀਰ ਸਿੰਘ ਡਿੰਪਾ ਨੂੰ ਜਿਤਾਉਣ ਲਈ ਮਜੀਠੀਆ ਤੇ ਬਾਦਲਾਂ ਨੇ ਅੱਡੀ-ਚੋਟੀ ਦਾ ਜ਼ੋਰ ਲਾਇਆ ਸੀ ਪਰ ਉਹ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋ ਸਕੇ। ਇਸ ਤੋਂ ਇਲਾਵਾ ਬੁਲਾਰੀਆ ਦੇ ਵਿਰੋਧੀਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ ਵੀ ਮਜੀਠੀਆ ਨੇ ਇਹ ਸਬੂਤ ਪੇਸ਼ ਕੀਤਾ ਹੈ ਕਿ ਉਹ ਬੁਲਾਰੀਆ ਨੂੰ ਕਿਸੇ ਵੀ ਸ਼ਰਤ 'ਤੇ ਹਲਕੇ ਵਿੱਚ ਕਾਮਯਾਬ ਨਹੀਂ ਸੀ ਹੋਣ ਦੇਣਾ ਚਾਹੁੰਦੇ। ਬੁਲਾਰੀਆ ਨੇ ਅਕਾਲੀਆਂ ਤੇ ਖਾਸ ਕਰਕੇ ਬਿਕਰਮ ਮਜੀਠੀਆ 'ਤੇ ਗੰਭੀਰ ਇਲਜ਼ਾਮ ਲਾਇਆ ਕਿ ਇਹ ਲੋਕ ਆਪਣੇ ਸਿਆਸੀ ਫਾਇਦਿਆਂ ਲਈ ਕਿਸੇ ਦੀ ਵੀ ਪਿੱਠ ਵਿੱਚ ਛੁਰਾ ਮਾਰ ਸਕਦੇ ਹਨ। ਇਸ ਲਈ ਇਨ੍ਹਾਂ ਤੋਂ ਬਹੁਤ ਸਾਰੇ ਅਕਾਲੀ ਲੀਡਰ ਦੁਖੀ ਹਨ ਤੇ ਸਮਾਂ ਆਉਣ 'ਤੇ ਉਹ ਵੀ ਇਨ੍ਹਾਂ ਖਿਲਾਫ ਬਗਾਵਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਦੀ ਇੱਕ ਹੋਰ ਮਿਸਾਲ ਇਹ ਹੈ ਕਿ ਮਜੀਠੀਆ ਦੇ ਰਜਵਾੜਾਸ਼ਾਹੀ ਰਵੱਈਏ ਕਾਰਨ ਉਨ੍ਹਾਂ ਦੇ ਸਾਰੇ ਪੁਰਾਣੇ ਸਾਥੀ ਸਾਥ ਛੱਡ ਚੁੱਕੇ ਹਨ। ਆਮ ਆਦਮੀ ਪਾਰਟੀ ਜਾਂ ਕਾਂਗਰਸ ਵਿੱਚ ਸ਼ਾਮਲ ਹੋਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਇਸ ਬਾਰੇ ਉਹ ਜਲਦਬਾਜ਼ੀ ਵਿੱਚ ਫੈਸਲਾ ਨਹੀਂ ਲੈਣਗੇ। ਉਹ ਅਜੇ ਦੇਖਣਗੇ ਕਿ ਕਿਹੜੀ ਪਾਰਟੀ ਪੰਜਾਬ ਦੇ ਲੋਕਾਂ ਦਾ ਵੱਧ ਵਿਕਾਸ ਕਰਵਾ ਸਕਦੀ ਹੈ। ਉਸ ਨਾਲ ਉਹ ਜ਼ਰੂਰ ਜਾਣਗੇ। ਉਨ੍ਹਾਂ ਅਕਾਲੀ ਦਲ ਤੇ ਖਾਸ ਕਰਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੁਨੇਹਾਂ ਦਿੱਤਾ ਕਿ ਉਹ ਹਾਲੇ ਵੀ ਚੌਕੰਨੇ ਹੋ ਜਾਣ ਨਹੀਂ ਤਾਂ 2017 ਦੀਆਂ ਚੋਣਾਂ ਵਿੱਚ ਪੰਜਾਬ ਦੇ ਲੋਕ ਅਕਾਲੀ ਦਲ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ ਵਿੱਚ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















