ਮਜੀਠੀਆ ਨੇ ਰੰਧਾਵਾ ਨੂੰ ਵੰਗਾਰਿਆ, ਐਂਬੂਲੈਂਸ ਨਾਲ ਲੈ ਕੇ ਆਉਣ ਦੀ ਦਿੱਤੀ ਸਲਾਹ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਇਜਲਾਸ ਵਿੱਚ ਪੂਰਾ ਖੜਕਾ-ਦੜਕਾ ਹੋਣ ਵਾਲਾ ਹੈ। ਅੱਜ ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਚੁਣੌਤੀ ਭਰੇ ਲਹਿਜ਼ੇ 'ਚ ਸਲਾਹ ਦਿੱਤੀ ਕਿ ਵਿਧਾਨ ਸਭਾ 'ਚ ਉਹ ਐਂਬੂਲੈਂਸ ਲੈ ਕੇ ਆਉਣ ਕਿਉਂਕਿ ਮਜੀਠੀਆ ਉਨ੍ਹਾਂ 'ਤੇ ਤਕੜੇ ਵਾਰ ਕਰਨਗੇ। ਉਨ੍ਹਾਂ ਕਿਹਾ ਕਿ ਰੰਧਾਵਾ ਨੂੰ ਤੁਰੰਤ ਵਿਧਾਨ ਸਭਾ ਤੋਂ ਡਿਸਮਿਸ ਕਰਕੇ ਗ੍ਰਿਫਤਾਰ ਕਰਨਾ ਚਾਹੀਦਾ ਹੈ।
ਇਸ ਦੇ ਨਾਲ ਹੀ ਮਜੀਠੀਆ ਨੇ ਬੇਅਦਬੀ ਮਾਮਲਿਆਂ ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਰੱਦ ਕਰਦੇ ਹੋਏ ਵਿਧਾਨ ਸਭਾ ਸਪੀਕਰ ਕੋਲ ਮੰਗ ਕੀਤੀ ਕਿ ਮਾਮਲਿਆਂ ਦੀ ਜਾਂਚ ਸੁਪਰੀਮ ਕੋਰਟ ਦੇ ਜੱਜ ਤੋਂ ਹੋਣੀ ਚਾਹੀਦੀ ਹੈ। ਇਸ ਮੌਕੇ ਮਜੀਠੀਆ ਨੇ ਜਸਟਿਸ ਰਣਜੀਤ ਸਿੰਘ ਨੂੰ ਇੰਨ ਜਸਟਿਸ ਰਣਜੀਤ ਸਿੰਘ ਕਿਹਾ।
ਮਜੀਠੀਆ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਨੇ ਰਿਪੋਰਟ ਵਿਧਾਨ ਸਭਾ ਚ ਪੇਸ਼ ਕਰਨ ਤੋਂ ਪਹਿਲਾਂ ਹੀ ਮੀਡੀਆ ਵਿੱਚ ਲੀਕ ਕਰ ਦਿੱਤੀ ਸੀ। ਉਨ੍ਹਾਂ ਮੰਗ ਕੀਤੀ ਹਿੰਮਤ ਸਿੰਘ ਮਾਮਲੇ ਤੇ ਜਸਟਿਸ ਰਣਜੀਤ ਸਿੰਘ ਦਾ ਨਾਰਕੋ ਟੈਸਟ ਹੋਣਾ ਚਾਹੀਦਾ ਹੈ। ਮਜੀਠੀਆ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਨਕਾਰਦਿਆਂ ਕਿਹਾ ਕਿ ਇਹ ਰਿਪੋਰਟ ਕੁਝ ਮੰਤਰੀਆਂ ਨੇ ਤੇ ਕਾਂਗਰਸ ਦੇ ਲੀਡਰਾਂ ਨੇ ਰਲ ਕੇ ਤਿਆਰ ਕੀਤੀ ਹੈ।






















