ਪਤੀ ਦੇ ਸਾਰੇ ਮਰਦ ਰਿਸ਼ਤੇਦਾਰਾਂ 'ਤੇ ਪਤਨੀ ਨੇ ਲਾਏ ਸੀ ਜਿਨਸੀ ਸ਼ੋਸ਼ਣ ਦੇ ਦੋਸ਼, ਹਾਈਕੋਰਟ ਨੇ ਪਤੀ ਦੇ ਹੱਕ 'ਚ ਸੁਣਾਇਆ ਫੈਸਲਾ
ਪਤੀ ਦੇ ਰਿਸ਼ਤੇਦਾਰਾਂ 'ਤੇ ਜਿਨਸੀ ਸ਼ੋਸ਼ਣ ਦੇ ਝੂਠੇ ਦੋਸ਼ ਲਗਾਉਣਾ ਪਤਨੀ ਵਲੋਂ ਜ਼ੁਲਮ ਹੈ। ਇਸ ਆਧਾਰ 'ਤੇ ਪਤੀ ਆਪਣੀ ਪਤਨੀ ਤੋਂ ਤਲਾਕ ਦੀ ਮੰਗ ਕਰ ਸਕਦਾ ਹੈ। ਅਜਿਹੇ ਹੀ ਇੱਕ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ...
ਪਤੀ ਦੇ ਰਿਸ਼ਤੇਦਾਰਾਂ 'ਤੇ ਜਿਨਸੀ ਸ਼ੋਸ਼ਣ ਦੇ ਝੂਠੇ ਦੋਸ਼ ਲਗਾਉਣਾ ਪਤਨੀ ਵਲੋਂ ਜ਼ੁਲਮ ਹੈ। ਇਸ ਆਧਾਰ 'ਤੇ ਪਤੀ ਆਪਣੀ ਪਤਨੀ ਤੋਂ ਤਲਾਕ ਦੀ ਮੰਗ ਕਰ ਸਕਦਾ ਹੈ। ਅਜਿਹੇ ਹੀ ਇੱਕ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਦੀ ਫੈਮਿਲੀ ਕੋਰਟ ਵੱਲੋਂ ਤਲਾਕ ਦੇਣ ਦੇ ਫੈਸਲੇ ਵਿਰੁੱਧ ਪਤਨੀ ਦੀ ਅਪੀਲ ਨੂੰ ਰੱਦ ਕਰ ਦਿੱਤਾ ਹੈ। ਜਸਟਿਸ ਸੁਧੀਰ ਸਿੰਘ ਅਤੇ ਜਸਟਿਸ ਹਰਸ਼ ਬੁੰਗਰ ਦੇ ਡਿਵੀਜ਼ਨ ਬੈਂਚ ਨੇ ਫੈਸਲੇ ਵਿੱਚ ਕਿਹਾ ਕਿ ਜੇਕਰ ਕੋਈ ਔਰਤ ਪਰਿਵਾਰ ਦੇ ਸਾਰੇ ਮਰਦ ਮੈਂਬਰਾਂ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਉਂਦੀ ਹੈ ਅਤੇ ਜਾਂਚ ਵਿੱਚ ਸਾਰੇ ਮੈਂਬਰ ਨਿਰਦੋਸ਼ ਪਾਏ ਜਾਂਦੇ ਹਨ ਤਾਂ ਔਰਤ ਨੇ ਆਪਣੇ ਪਤੀ 'ਤੇ ਤਸ਼ੱਦਦ ਕੀਤਾ ਹੈ। ਖਾਸ ਤੌਰ 'ਤੇ ਬਜ਼ੁਰਗ ਪਿਤਾ 'ਤੇ ਅਜਿਹੇ ਦੋਸ਼ ਲੱਗਣ ਤੋਂ ਬਾਅਦ ਪੁੱਤਰ ਇਸ ਆਧਾਰ 'ਤੇ ਪਤਨੀ ਤੋਂ ਤਲਾਕ ਦੀ ਮੰਗ ਕਰ ਸਕਦਾ ਹੈ।
ਦੱਸ ਦਈਏ ਕਿ ਔਰਤ ਵੱਲੋਂ ਫੈਮਿਲੀ ਕੋਰਟ ਦੇ ਉਸ ਫੈਸਲੇ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਸੀ, ਜਿਸ ਵਿੱਚ ਉਸ ਦੇ ਪਤੀ ਵੱਲੋਂ ਤਲਾਕ ਦੀ ਮੰਗ ਨੂੰ ਸਵੀਕਾਰ ਕਰ ਲਿਆ ਗਿਆ ਸੀ। ਪਤੀ ਵੱਲੋਂ ਕਿਹਾ ਗਿਆ ਕਿ ਪਤਨੀ ਉਸ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ, ਜਿਸ ਦੇ ਆਧਾਰ 'ਤੇ ਉਸ ਨੂੰ ਤਲਾਕ ਦਿੱਤਾ ਜਾਵੇ। ਪਤੀ ਦੀ ਤਰਫੋਂ ਕਿਹਾ ਗਿਆ ਕਿ ਵਿਆਹ ਤੋਂ ਤੁਰੰਤ ਬਾਅਦ ਪਤਨੀ ਨੇ ਉਸਦੇ ਪਰਿਵਾਰ ਨਾਲ ਮਾੜਾ ਵਿਵਹਾਰ ਕੀਤਾ ਸੀ। ਮਾਮੂਲੀ ਗੱਲ ਨੂੰ ਲੈ ਕੇ ਅਕਸਰ ਝਗੜੇ ਹੁੰਦੇ ਰਹੇ ਹਨ। ਇਸ ਤੋਂ ਬਾਅਦ ਔਰਤ ਨੇ ਆਪਣੇ ਪਰਿਵਾਰ ਦੇ ਸਾਰੇ ਮਰਦ ਮੈਂਬਰਾਂ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲੱਗਾ ਦਿੱਤਾ ਹੈ। ਫੈਮਿਲੀ ਕੋਰਟ ਨੇ ਮੰਨਿਆ ਕਿ ਇਹ ਪਤੀ 'ਤੇ ਤਸ਼ੱਦਦ ਹੈ। ਦੂਜੇ ਪਾਸੇ ਪਤਨੀ ਦੇ ਪੱਖ ਤੋਂ ਕਿਹਾ ਗਿਆ ਕਿ ਅੱਤਿਆਚਾਰ ਦੇ ਝੂਠੇ ਦੋਸ਼ ਲਾਏ ਜਾ ਰਹੇ ਹਨ। ਘੱਟ ਦਾਜ ਲਿਆਉਣ ਕਾਰਨ ਉਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਹਾਈਕੋਰਟ ਨੇ ਆਪਣੇ ਫੈਸਲੇ 'ਚ ਕਿਹਾ ਕਿ ਪਟੀਸ਼ਨਕਰਤਾ ਔਰਤ ਨੇ ਆਪਣੇ ਸਹੁਰੇ ਅਤੇ ਜੀਜੇ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਹਨ। ਇਸ ਨੂੰ ਸਾਧਾਰਨ ਗੱਲ ਨਹੀਂ ਕਿਹਾ ਜਾ ਸਕਦਾ। ਪੁਲੀਸ ਜਾਂਚ ਵਿੱਚ ਇਹ ਦੋਸ਼ ਸਹੀ ਨਹੀਂ ਪਾਏ ਗਏ। ਅਜਿਹੇ 'ਚ ਇਹ ਸਮਝਣ ਦੀ ਲੋੜ ਹੈ ਕਿ ਜਿਨਸੀ ਸ਼ੋਸ਼ਣ ਦੇ ਦੋਸ਼ ਦਾ ਸਾਹਮਣਾ ਕਰਨ ਵਾਲੇ ਲੋਕ ਕਿਸ ਦਰਦਨਾਕ ਸਥਿਤੀ 'ਚੋਂ ਲੰਘੇ। ਖਾਸ ਤੌਰ 'ਤੇ ਇਹ ਸਮਝਣ ਦੀ ਲੋੜ ਹੈ ਕਿ ਬਜ਼ੁਰਗ ਸਹੁਰੇ 'ਤੇ ਇਲਜ਼ਾਮ ਲਗਾਉਣਾ ਕਿੰਨੀ ਪਰੇਸ਼ਾਨੀ ਵਾਲੀ ਗੱਲ ਹੈ। ਵਰਨਣਯੋਗ ਹੈ ਕਿ ਫੈਮਿਲੀ ਕੋਰਟ ਵਿੱਚ ਜਿਰ੍ਹਾ ਦੌਰਾਨ ਔਰਤ ਨੇ ਆਪਣੇ ਸਹੁਰੇ ’ਤੇ ਲੱਗੇ ਦੋਸ਼ਾਂ ਤੋਂ ਸਾਫ਼ ਇਨਕਾਰ ਕਰ ਦਿੱਤਾ, ਭਾਵੇਂ ਇਹ ਦੋਸ਼ ਪੁਲਿਸ ਰਿਕਾਰਡ ਵਿੱਚ ਦਰਜ ਸਨ। ਅਜਿਹੇ 'ਚ ਬਜ਼ੁਰਗ ਪਿਤਾ 'ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ ਪਤੀ ਵੱਲੋਂ ਤਲਾਕ ਦੀ ਮੰਗ ਕਰਨ ਨੂੰ ਕਾਨੂੰਨੀ ਤੌਰ 'ਤੇ ਜਾਇਜ਼ ਠਹਿਰਾਉਂਦੇ ਹਨ। ਅਜਿਹੀ ਸਥਿਤੀ 'ਚ ਤਲਾਕ ਦੇਣ ਦੇ ਪਰਿਵਾਰਕ ਅਦਾਲਤ ਦੇ ਫੈਸਲੇ ਖਿਲਾਫ ਔਰਤ ਦੀ ਪਟੀਸ਼ਨ ਸਵੀਕਾਰ ਨਹੀਂ ਕੀਤੀ ਜਾ ਸਕਦੀ।