ਪੜਚੋਲ ਕਰੋ
Advertisement
ਗੁਰੂ ਨਾਨਕ ਨੇ ਮਿਲਾਏ 1947 ਤੋਂ ਵਿੱਛੜੇ ਭੈਣ-ਭਰਾ..!
ਗੁਰਪ੍ਰੀਤ ਸਿੰਘ
ਗੁਰਦਾਸਪੁਰ: ਪਿਛਲੇ ਦਿਨੀਂ ਪਕਿਸਤਾਨ 'ਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਗਈ ਸਿੱਖ ਸੰਗਤ 'ਚੋਂ ਗੁਰਦਾਸਪੁਰ ਦੇ ਰਹਿਣ ਵਾਲੇ ਨਿਹੰਗ ਬੇਅੰਤ ਸਿੰਘ ਆਪਣੀਆਂ ਪਾਕਿਸਤਾਨੀ ਮੁਸਲਿਮ ਭੈਣਾਂ ਨਾਲ ਮੁਲਾਕਾਤ ਹੋਈ। 'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਬੇਅੰਤ ਸਿੰਘ ਜਥੇ ਨਾਲ 10 ਦਿਨਾਂ ਬਾਅਦ ਆਪਣੇ ਪਿੰਡ ਪਾਰਚਾ ਵਾਪਿਸ ਆਇਆ ਤਾਂ ਉਸਦਾ ਕਹਿਣਾ ਸੀ ਕਿ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਕਾਰਨ ਹੀ ਉਹ ਆਪਣੀਆਂ ਸਾਲਾਂ ਤੋਂ ਵਿਛੜਿਆ ਭੈਣਾਂ ਨੂੰ ਮਿਲ ਸਕੇ ਹਨ।
ਬੇਅੰਤ ਸਿੰਘ ਨੇ ਦੱਸਿਆ ਕਿ 1947 'ਚ ਦੇਸ਼ ਵੰਡ ਦੌਰਾਨ ਉਸ ਦੇ ਪਿਤਾ ਬਹਾਦੁਰ ਸਿੰਘ ਨੇ ਪਿੰਡ ਦੀ ਹੀ ਇੱਕ ਮੁਸਲਿਮ ਪਰਿਵਾਰ ਦੀ ਧੀ ਨਾਲ ਵਿਆਹ ਕਰਵਾ ਲਿਆ ਤੇ ਉਸ ਕੁੜੀ ਦਾ ਪਰਿਵਾਰ ਪਾਕਿਸਤਾਨ ਚਲਾ ਗਿਆ। ਕੁਝ ਸਾਲਾਂ ਬਾਅਦ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਵਿਚਕਾਰ ਹੋਏ ਸਮਝੌਤੇ ਤਹਿਤ ਇੱਧਰ ਵਿਆਹੀਆਂ ਮੁਸਲਮਾਨ ਔਰਤਾਂ ਨੂੰ ਪਾਕਿਸਤਾਨ ਭੇਜਿਆ ਜਾਣ ਲੱਗਾ। ਬੇਅੰਤ ਸਿੰਘ ਨੇ 'ਏਬੀਪੀ ਸਾਂਝਾ' ਨੂੰ ਦੱਸਿਆ ਕਿ ਉਸ ਦੀ ਮਾਂ ਅੱਲ੍ਹਾ ਰੱਖੀ ਨੂੰ ਫ਼ੌਜ ਨੇ ਪਾਕਿਸਤਾਨ ਭੇਜ ਦਿੱਤਾ ਅਤੇ ਉਹ ਤੇ ਉਸ ਦੀ ਵੱਡੀ ਭੈਣ ਆਪਣੀ ਮਾਂ ਤੋਂ ਵਿੱਛੜ ਗਏ। ਬੇਅੰਤ ਸਿੰਘ ਨੇ ਦੱਸਿਆ ਕਿ ਦੋਵੇਂ ਭੈਣ ਭਰਾਵਾਂ ਦਾ ਪਾਲਣ ਪੋਸ਼ਣ ਉਨ੍ਹਾਂ ਦੀ ਦਾਦੀ ਤੇ ਪਿਤਾ ਨੇ ਕੀਤਾ।
ਉਨ੍ਹਾਂ ਦੱਸਿਆ ਕਿ ਮਾਂ ਨਾਲ ਮੁੜ ਮਿਲਣ ਦੀ ਆਸ ਨਹੀਂ ਸੀ ਪਰ ਸਾਲਾਂ ਬਾਅਦ ਉਨ੍ਹਾਂ ਦੇ ਪਿੰਡ ਦੇ ਫ਼ੌਜੀ ਮੱਖਣ ਸਿੰਘ ਨੂੰ ਪਾਕਿਸਤਾਨ ਤੋਂ ਉਰਦੂ ਵਿੱਚ ਲਿਖੀ ਚਿੱਠੀ ਆਈ। ਇਹ ਚਿੱਠੀ ਅੱਲ੍ਹਾ ਰੱਖੀ ਨੇ ਆਪਣੇ ਬੱਚਿਆਂ ਬਾਰੇ ਪੁੱਛ-ਪੜਤਾਲ ਲਈ ਲਿਖੀ। ਦਰਅਸਲ, ਅੱਲ੍ਹਾ ਰੱਖੀ ਦੇ ਦੋਹਤਿਆਂ ਦੇ ਵਿਆਹ ਮੌਕੇ ਉਸ ਦੀਆਂ ਧੀਆਂ ਨੂੰ ਭਰਾ ਦੀ ਯਾਦ ਆਈ ਤੇ ਬੱਚਿਆਂ ਦਾ ਮਾਮੇ-ਭੂਆ ਪ੍ਰਤੀ ਮੋਹ ਸਦਕਾ ਅੱਲ੍ਹਾ ਰੱਖੀ ਨੇ ਪਿੰਡ ਪਾਰਚਾ ਨੂੰ ਚਿੱਠੀ ਪਾ ਦਿੱਤੀ ਅਤੇ ਆਪਣੀ ਸਾਰੀ ਕਹਾਣੀ ਬਿਆਨ ਕੀਤੀ। ਦੋਵੇਂ ਪਰਿਵਾਰਾਂ ਦਾ ਚਿੱਠੀਆਂ ਤੇ ਫ਼ੋਨਾਂ ਨਾਲ ਸੰਪਰਕ ਹੋਣ ਲੱਗਾ ਅਤੇ ਹੌਲੀ-ਹੌਲੀ ਦੇਸ਼ ਵੰਡ ਤੇ ਕਾਨੂੰਨ ਦੇ ਧੱਕੇ ਚੜ੍ਹੀਆਂ ਔਰਤਾਂ ਦੇ ਅੱਲੇ ਜ਼ਖ਼ਮਾਂ 'ਤੇ ਮੋਹ ਦੀ ਮੱਲ੍ਹਮ ਲੱਗਣ ਲੱਗੀ, ਪਰ ਭੈਣ-ਭਰਾਵਾਂ ਦਾ ਮੇਲ-ਜੋਲ ਨਾ ਹੋ ਸਕਿਆ।
ਫਿਰ ਕਿਸੇ ਨੇ ਬੇਅੰਤ ਸਿੰਘ ਨੂੰ ਸਲਾਹ ਦਿੱਤੀ ਅਤੇ ਇਸ ਵਾਰ ਉਨ੍ਹਾਂ ਪਾਸਪੋਰਟ ਬਣਵਾਇਆ ਅਤੇ ਵੀਜ਼ਾ ਲਵਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮਨਾਉਣ ਵਾਲੀ ਸੰਗਤ ਨਾਲ ਪਕਿਸਤਾਨ ਚਲੇ ਗਏ। ਬੇਅੰਤ ਸਿੰਘ ਨੇ 'ਏਬੀਪੀ ਸਾਂਝਾ' ਨੂੰ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਦਾ ਜਥਾ ਗੁਰਦੁਆਰਾ ਨਨਕਾਣਾ ਸਾਹਿਬ ਪਹੁੰਚਿਆ ਤਾਂ ਉਸ ਦੀਆਂ ਦੋਵੇਂ ਭੈਣਾਂ ਉਲਫ਼ਤ ਬੀਬੀ ਤੇ ਮਿਰਾਜ਼ ਬੀਬੀ ਪਹੁੰਚਣ ਤੋਂ ਕਈ ਘੰਟੇ ਪਹਿਲਾਂ ਆ ਕੇ ਉੱਥੇ ਉਸ ਦੀ ਉਡੀਕ ਕਰ ਰਹੀਆਂ ਸਨ। ਪਰ ਫ਼ੌਜ ਨੇ ਜਥੇ ਨੂੰ ਸਿੱਧਾ ਗੁਰਦੁਆਰੇ ਪਹੁੰਚਾਇਆ ਅਤੇ ਮੁਲਾਕਾਤ ਨਾ ਹੋਣ ਦਿੱਤੀ।
ਉਨ੍ਹਾਂ ਸੁਰੱਖਿਆ ਮੁਲਾਜ਼ਮਾਂ ਨੂੰ ਬੇਨਤੀ ਕੀਤੀ ਅਤੇ ਉਨ੍ਹਾਂ ਨੂੰ ਮਿਲਣ ਦੀ ਆਗਿਆ ਦਿੱਤੀ ਗਈ। ਬੇਅੰਤ ਸਿੰਘ ਨੇ 'ਏਬੀਪੀ ਸਾਂਝਾ' ਨੂੰ ਦੱਸਿਆ ਕਿ ਉਹ ਸਮਾਂ ਅਜਿਹਾ ਸੀ ਕਿ ਉਹ ਤਿੰਨੇ ਭੈਣ-ਭਰਾ ਇੱਕ-ਦੂਜੇ ਦੇ ਗਲ਼ ਲੱਗ ਭੁੱਬਾਂ ਮਾਰ ਮਾਰ ਰੋਏ। ਇਹ ਭਾਵੁਕ ਮਾਹੌਲ ਦੇਖ ਕੇ ਸੰਗਤ ਦੀਆਂ ਅੱਖਾਂ ਵੀ ਭਰ ਆਈਆਂ। ਇਸ ਤੋਂ ਬਾਅਦ ਦੋਵੇਂ ਭੈਣਾਂ ਨੇ ਫ਼ੌਜ ਨੂੰ ਬੇਨਤੀ ਕੀਤੀ ਤੇ ਭਰਾ ਨੂੰ ਆਪਣੇ ਘਰ ਲੈਕੇ ਗਈਆਂ। ਬੇਅੰਤ ਸਿੰਘ ਭੈਣਾਂ ਦੇ ਘਰ ਰਾਤ ਰੁਕਿਆ ਅਤੇ ਭੈਣਾਂ ਵੀ ਉਸ ਨਾਲ ਗੁਰਦੁਆਰਿਆਂ ਦੇ ਦਰਸ਼ਨ ਕਰਨ ਗਈਆਂ।
ਬੇਅੰਤ ਸਿੰਘ ਨੇ 'ਏਬੀਪੀ ਸਾਂਝਾ' ਨੂੰ ਦੱਸਿਆ ਕਿ ਇਹ ਯਾਤਰਾ ਅਤੇ ਦਸ ਦਿਨਾਂ ਦੀ ਮੁਲਾਕਾਤ ਬੇਹੱਦ ਭਾਵੁਕ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਆਪਣੀਆਂ ਭੈਣਾਂ ਨਾਲ ਮੇਲ ਸਿਰਫ਼ ਗੁਰੂ ਨਾਨਕ ਕਰਕੇ ਹੋਇਆ ਹੈ। ਜਾਣ ਸਮੇਂ ਉਨ੍ਹਾਂ ਦੀਆਂ ਭੈਣਾਂ ਨੇ ਉਨ੍ਹਾਂ ਤੇ ਉਨ੍ਹਾਂ ਦੇ ਗੁਰਦਾਸਪੁਰ ਰਹਿੰਦੇ ਪਰਿਵਾਰ ਲਈ ਕੁਝ ਤੋਹਫ਼ੇ ਵੀ ਭੇਜੇ। ਬੇਅੰਤ ਸਿੰਘ ਹੁਣ ਉਮੀਦ ਕਰਦੇ ਹਨ ਕਿ ਉਹ ਮੁੜ ਵੀ ਆਪਣੀਆਂ ਭੈਣਾਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲ ਸਕਣ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਕਾਰੋਬਾਰ
ਜਲੰਧਰ
ਪੰਜਾਬ
Advertisement