ਅੱਧੀ ਸਦੀ ਬੀਤਣ ਤੋਂ ਬਾਅਦ ਮੁਕੰਮਲ ਮੁਆਵਜ਼ਾ ਰਾਸ਼ੀ ਨੂੰ ਤਰਸੇ ਸ਼ਹੀਦਾਂ ਦੇ ਵਾਰਸ
ਬਰਨਾਲਾ: 1965 ਹਿੰਦ-ਪਾਕਿ ਜੰਗ ਦੇ 53 ਸਾਲ ਬੀਤਣ ਤੋਂ ਬਾਅਦ ਵੀ ਸਰਕਾਰ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਅਜੇ ਤਕ ਮੁਆਵਜ਼ਾ ਰਾਸ਼ੀ ਜਾਰੀ ਨਹੀਂ ਕੀਤੀ ਗਈ। ਸਿਰਫ਼ ਸ਼ਹੀਦ ਹੀ ਨਹੀਂ, ਬਲਕਿ, ਜੰਗ ਵਿੱਚ ਮਾਰੂ ਸੱਟ ਵੱਜਣ ਤੋਂ ਬਾਅਦ ਅਯੋਗ ਕਰਾਰ ਦਿੱਤੇ ਗਏ ਫ਼ੌਜੀ ਜਵਾਨ ਵੀ ਮੁਆਵਜ਼ੇ ਦੀ ਉਡੀਕ ਵਿੱਚ ਹਨ।
ਜੰਗ ਦੌਰਾਨ ਜ਼ਖ਼ਮੀ ਹੋਏ ਸਹਿਜੜਾ ਪਿੰਡ ਦੇ ਸਿਪਾਹੀ ਪ੍ਰੀਤਮ ਸਿੰਘ ਨੂੰ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਸਰਕਾਰ ਵੱਲੋਂ 50 ਲੱਖ ਦੀ ਮੁਆਵਜ਼ਾ ਰਾਸ਼ੀ ਐਲਾਨੀ ਗਈ ਸੀ ਪਰ ਅਜੇ ਤਕ ਪਰਿਵਾਰ ਨੂੰ ਪਹਿਲੀ ਤੇ ਦੂਜੀ ਕਿਸ਼ਤ ਦਰਮਿਆਨ ਸਿਰਫ 35 ਲੱਖ ਰੁਪਏ ਦਿੱਤੇ ਗਏ।
ਇਸ ਤੋਂ ਇਲਾਵਾ ਤਾਜੋਕੇ ਪਿੰਡ ਦੇ ਸ਼ਹੀਦ ਮੱਘਰ ਸਿੰਘ ਦੇ ਪਰਿਵਾਰ ਨੂੰ ਵੀ 50 ਲੱਖ ਚੋਂ ਸਿਰਫ 35 ਲੱਖ ਰੁਪਏ ਮੁਆਵਜ਼ਾ ਰਾਸ਼ੀ ਦਿੱਤੀ ਗਈ। ਜਦਕਿ, ਭਦੌੜ ਦੇ ਸ਼ਹੀਦ ਗੁਰਦੇਵ ਸਿੰਘ ਦੇ ਪਰਿਵਾਰ ਨੂੰ ਹਾਲੇ ਤਕ 20 ਲੱਖ ਚੋਂ ਸਿਰਫ 14 ਲੱਖ ਰੁਪਏ ਮੁਆਵਜ਼ਾ ਰਾਸ਼ੀ ਦਿੱਤੀ ਗਈ ਹੈ। ਸ਼ਹੀਦ ਗੁਰਦੇਵ ਸਿੰਘ ਦੇ ਰਿਸ਼ਤੇਦਾਰ ਨੇ ਕਿਹਾ ਕਿ ਸਰਕਾਰਾਂ ਨੂੰ ਸ਼ਹੀਦਾਂ ਦੇ ਪਰਿਵਾਰਾਂ ਦੀ ਦੁਰਦਸ਼ਾ ਸਮਝਣੀ ਚਾਹੀਦੀ ਹੈ ਤੇ ਜਲਦ ਤੋਂ ਜਲਦ ਬਾਕੀ ਬਚਦੀ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਜਾਣੀ ਚਾਹੀਦੀ ਹੈ।
ਬਰਨਾਲਾ ਦੇ ਜ਼ਿਲ੍ਹਾ ਸੈਨਿਕ ਭਲਾਈ ਅਫ਼ਸਰ ਨੇ ਕਿਹਾ ਕਿ ਬਾਕੀ ਬਚੀ ਮੁਆਵਜ਼ਾ ਰਾਸ਼ੀ ਜਲਦ ਹੀ ਸ਼ਹੀਦਾਂ ਦੇ ਪਰਿਵਾਰਾਂ ਦੇ ਬੈਂਕ ਖਾਤਿਆਂ 'ਚ ਭੇਜ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਵੱਲੋਂ ਜ਼ਰੂਰੀ ਕਾਗਜ਼ਾਂ ਦੀ ਕਮੀ ਦੇ ਚੱਲਦਿਆਂ ਮੁਆਵਜ਼ਾ ਰਾਸ਼ੀ 'ਚ ਦੇਰੀ ਹੋਈ ਹੈ। ਸਰਕਾਰ ਵੱਲੋਂ ਕੋਈ ਦੇਰੀ ਨਹੀਂ ਹੈ ਪਰ ਪਰਿਵਾਰਾਂ ਵੱਲੋਂ ਜ਼ਰੂਰੀ ਦਸਤਾਵੇਜ਼ ਜਮ੍ਹਾ ਨਹੀਂ ਕਰਵਾਏ ਗਏ।